ਨਵੀਂ ਦਿੱਲੀ/ਗਾਜ਼ੀਆਬਾਦ, 1 ਫਰਵਰੀ – ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਵਾਲੀਆਂ ਥਾਵਾਂ ਨੂੰ ਕਿਲ੍ਹੇ ਵਿੱਚ ਬਦਲ ਦਿੱਤਾ ਗਿਆ ਹੈ। ਦਿੱਲੀ ਪੁਲੀਸ ਵੱਲੋਂ ਅੰਦੋਲਨ ਕਰ ਰਹੇ ਕਿਸਾਨਾਂ ਦੀ ਘੇਰਾਬੰਦੀ ਮਜ਼ਬੂਤ ਕੀਤੀ ਜਾ ਰਹੀ ਹੈ। ਪੁਲੀਸ ਨੇ ਉੱਥੇ ਸੁਰੱਖਿਆ ਸਖ਼ਤ ਕਰ ਦਿੱਤੀ ਅਤੇ ਬੈਰੀਕੇਡਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਹੋਰ ਸੀਮਤ ਕਰਨ ਲਈ ਪੁਲੀਸ ਦੀ ਦੇਖ-ਰੇਖ ਵਿੱਚ ਮਜ਼ਦੂਰਾਂ ਨੂੰ ਸਿੰਘੂ ਬਾਰਡਰ ‘ਤੇ ਮੁੱਖ ਰਾਜ ਮਾਰਗ ਕੋਲ ਸੀਮੈਂਟ ਦੇ ਦੋ ਬੈਰੀਅਰਾਂ ਵਿਚਾਲੇ ਲੋਹੇ ਦੇ ਕਿੱਲ ਲਾਉਂਦੇ ਵੇਖਿਆ ਗਿਆ। ਦਿੱਲੀ-ਹਰਿਆਣਾ ਹੱਦ ‘ਤੇ ਰਾਜ ਮਾਰਗ ਦੇ ਇੱਕ ਹੋਰ ਹਿੱਸੇ ਨੂੰ ਜਾਮ ਕਰ ਦਿੱਤਾ ਗਿਆ ਹੈ ਅਤੇ ਉੱਥੇ ਦੋ ਬੈਰੀਅਰ ਦੇ ਵਿੱਚ ਲੋਹੇ ਦੀਆਂ ਸਲਾਖ਼ਾਂ ਲਗਾ ਕੇ ਸੀਮਿੰਟ ਦੀ ਕੰਧ ਖੜ੍ਹੀ ਕਰ ਦਿੱਤੀ ਗਈ ਹੈ। ਦਿੱਲੀ-ਉੱਤਰ ਪ੍ਰਦੇਸ਼ ਦੀ ਹੱਦ ‘ਤੇ ਗਾਜ਼ੀਪੁਰ ਵਿੱਚ ਵਾਹਨਾਂ ਦੀ ਆਵਾਜਾਈ ਰੋਕਣ ਲਈ ਕਈ ਪਰਤੀ ਬੈਰੀਕੇਡ ਲਾਏ ਗਏ ਹਨ। ਲੋਕਾਂ ਨੂੰ ਪੈਦਲ ਆਉਣ ਤੋਂ ਰੋਕਣ ਲਈ ਕੰਡਿਆਲੀਆਂ ਤਾਰਾਂ ਵੀ ਵਿਛਾਈਆਂ ਗਈਆਂ ਹਨ। ਤੁਰੰਤ ਕਾਰਵਾਈ ਲਈ ਸੈਂਕੜੇ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਡਰੋਨਾ ਰਾਹੀਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
Home Page ਦਿੱਲੀ ‘ਚ ਕਿਸਾਨੀ ਸੰਘਰਸ਼ ਵਾਲੀਆਂ ਥਾਵਾਂ ਦੀ ਕਿਲ੍ਹੇ ਬੰਦੀ, ਰੋਕਾਂ ਲਈ ਕਿੱਲਾਂ...