ਨਵੀਂ ਦਿੱਲੀ, 19 ਅਪ੍ਰੈਲ – ਦੇਸ਼ ਦੀ ਰਾਜਧਾਨੀ ਵਿੱਚ ਕੋਰੋਨਾਵਾਇਰਸ ਦੇ ਵੱਧ ਦੇ ਕੇਸਾਂ ਨੂੰ ਵੇਖਦੇ ਹੋਏ ਦਿੱਲੀ ਸਰਕਾਰ ਨੇ ਅੱਜ ਯਾਨੀ 19 ਅਪ੍ਰੈਲ ਸੋਮਵਾਰ ਰਾਤ 10.00 ਵਜੇ ਤੋਂ ਅਗਲੇ 26 ਅਪ੍ਰੈਲ ਸੋਮਵਾਰ ਸਵੇਰ 5.00 ਵਜੇ ਤੱਕ ਲੌਕਡਾਉਨ ਲਾਉਣ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਪਰਵਾਸੀ ਮਜ਼ਦੂਰਾਂ ਵਿੱਚ ਹਲਚਲ ਪੈਦਾ ਹੋ ਗਈ ਅਤੇ ਉਹ ਆਪਣੇ ਘਰਾਂ ਨੂੰ ਜਾਣ ਲਈ ਬੱਸ ਅੱਡਿਆਂ ਉੱਤੇ ਇਕੱਠੇ ਹੋਣ ਲੱਗ ਪਏ। ਇਹ ਦੇਖਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਛੋਟੀ ਮਿਆਦ ਦੇ ਲੌਕਡਾਉਨ ਦੌਰਾਨ ਦਿੱਲੀ ਛੱਡ ਕੇ ਨਾ ਜਾਣ। ਉਨ੍ਹਾਂ ਦਿੱਲੀ ਵਾਸੀਆਂ ਨੂੰ ਵੀ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਵਿਆਹ ਸਮਾਗਮਾਂ ਵਿੱਚ ਸਿਰਫ਼ 50 ਮਹਿਮਾਨਾਂ ਨੂੰ ਸ਼ਾਮਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਕਡਾਉਨ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਮੈਟਰੋ ਤੇ ਬੱਸਾਂ ਵਿੱਚ 50% ਸਵਾਰੀਆਂ ਹੀ ਬਿਠਾਉਣ ਦੀ ਇਜਾਜ਼ਤ ਹੋਵੇਗੀ। ਜੇ ਕਿਸੇ ਨੇ ਹਵਾਈ ਅੱਡੇ ਤੇ ਰੇਲਵੇ ਸਟੇਸ਼ਨ ਤੋਂ ਆਉਣਾ ਜਾਂ ਜਾਣਾ ਹੈ ਤਾਂ ਉਸ ਨੂੰ ਟਿਕਟ ਦਿਖਾਉਣਾ ਹੋਵੇਗਾ। ਇਸ ਤੋਂ ਇਲਾਵਾ ਪ੍ਰੀਖਿਆਰਥੀਆਂ ਨੂੰ ਆਈ ਕਾਰਡ ਦਿਖਾ ਕੇ ਆਉਣ ਜਾਣ ਤੇ ਪ੍ਰੀਖਿਆ ਦੇਣ ਦੀ ਇਜਾਜ਼ਤ ਹੋਵੇਗੀ। ਇਸ ਵੇਲੇ ਦਿੱਲੀ ਵਿੱਚ ਕੋਰੋਨਾ ਕਾਰਣ ਹਾਲਾਤ ਬਦਤਰ ਹੋਏ ਪਏ ਹਨ ਤੇ ਇੱਥੋਂ ਦੇ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਤੇ ਕੋਰੋਨਾ ਰੋਕੂ ਟੀਕਿਆਂ ਦੀ ਘਾਟ ਬਣੀ ਹੋਈ ਹੈ।
Home Page ਦਿੱਲੀ ‘ਚ 26 ਅਪ੍ਰੈਲ ਸਵੇਰ 5.00 ਵਜੇ ਤੱਕ ਲੌਕਡਾਉਨ