
ਨਵੀਂ ਦਿੱਲੀ – 10 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਦੇ ਆਏ ਨਤੀਜਿਆਂ ਨੇ ਦੇਸ਼ ਵਿੱਚ ਲੋਕ ਸਭਾ ਚੋਣਾਂ ਸਮੇਂ ਚੱਲੀ ਮੋਦੀ ਲਹਿਰ ਨੂੰ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਰੋਕ ਕੇ ਰੱਖ ਦਿੱਤਾ ਅਤੇ ਭਾਰਤੀ ਜਨਤਾ ਪਾਰਟੀ ਨੂੰ ਬੂਰੀ ਤਰ੍ਹਾਂ ਹਰਾ ਕੇ ਦਿੱਲੀ ਦੀ ਸੱਤਾ ‘ਤੇ ਮੁਕੰਮਲ ਕਬਜ਼ਾ ਜਮਾ ਲਿਆ। ‘ਆਪ’ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ 14 ਫਰਵਰੀ ਨੂੰ ਰਾਮ ਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਲੈਣਗੇ। ਜ਼ਿਕਰਯੋਗ ਹੈ ਕਿ 2013 ਦੀਆਂ ਚੋਣਾਂ ਵਿੱਚ ਆਪ ਨੂੰ 28, ਭਾਜਪਾ ਨੂੰ 32 ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਸਨ।
ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਨੁਪਰ ਸ਼ਰਮਾ ਅਤੇ ਕਾਂਗਰਸ ਦੀ ਸੀਨੀਅਰ ਆਗੂ ਕਿਰਨ ਵਾਲੀਆ ਨੂੰ ਮਾਤ ਦਿੱਤੀ, ਦੂਜੇ ਪਾਸੇ ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਤੇ ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਕ੍ਰਿਸ਼ਨਾ ਨਗਰ ਹਲਕੇ ਤੋਂ ‘ਆਪ’ ਦੇ ਜੀ. ਕੇ. ਬੱਗਾ ਤੋਂ 2270 ਵੋਟਾਂ ਦੇ ਫ਼ਰਕ ਨਾਲ ਹਾਰ ਗਈ। ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਅਜੈ ਮਾਕਨ ਨੂੰ ‘ਆਪ’ ਦੇ ਸੋਮ ਦੱਤ ਨੇ ਸਦਰ ਬਾਜ਼ਾਰ ਹਲਕੇ ਤੋਂ ਮਾਤ ਦਿੱਤੀ ਹੈ, ਇਹ ਹੀ ਨਹੀਂ ਸ੍ਰੀ ਮਾਕਨ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ।
‘ਆਪ’ ਦੇ ਚਾਰ ਸਿੱਖ ਉਮੀਦਵਾਰ ਜਿੱਤੇ
ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ-ਅਕਾਲੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੁਲ ਮਿਲਾ ਕੇ 9 ਸਿੱਖ ਵਿਧਾਇਕ ਦਿੱਲੀ ਦੇ ਸਦਨ ਵਿੱਚ ਪੁੱਜੇ ਸਨ ਪਰ ਇਸ ਵਾਰ ਇਨ੍ਹਾਂ ਦੀ ਗਿਣਤੀ 4 ਰਹਿ ਗਈ ਹੈ। ਆਮ ਆਦਮੀ ਪਾਰਟੀ ਦੇ ਚਾਰ ਸਿੱਖ ਉਮੀਦਵਾਰ ਅਵਤਾਰ ਸਿੰਘ ਕਾਲਕਾ, ਪੱਤਰਕਾਰ ਜਰਨੈਲ ਸਿੰਘ, ਜਗਦੀਪ ਸਿੰਘ ਅਤੇ ਜਰਨੈਲ ਸਿੰਘ ਜਿੱਤੇ ਹਨ।
ਅਕਾਲੀਆਂ ਚਾਰੇ ਸੀਟਾਂ ‘ਤੇ ਹਾਰੇ
ਭਾਜਪਾ ਨਾਲ ਗੱਠਜੋੜ ਕਰਕੇ ਚਾਰੇ ਸੀਟਾਂ ਹਾਸਿਲ ਕਰਨ ਵਾਲੇ ਅਕਾਲੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਕਿ ਪਿਛਲੀ ਵਾਰੀ ਅਕਾਲੀਆਂ ਨੇ 4 ਵਿਚੋਂ 3 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ। ਰਾਜੌਰੀ ਗਾਰਡਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ‘ਤਕੜੀ’ ‘ਤੇ ਚੋਣ ਲੜਨ ਵਾਲੇ ਅਕਾਲੀ ਉਮੀਦਵਾਰ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਆਪ ਦੇ ਉਮੀਦਵਾਰ ਪੱਤਰਕਾਰ ਜਰਨੈਲ ਸਿੰਘ…….. ਪਾਸੋਂ ਹਾਰ ਗਏ। ਭਾਜਪਾ ਦੇ ਨਿਸ਼ਾਨ ਕਮਲ ‘ਤੇ ਲੜਨ ਵਾਲੇ ਬਾਕੀ ਤਿੰਨੇ ਉਮੀਦਵਾਰ ਕਾਲਕਾਜੀ ਹਲਕੇ ਤੋਂ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੂੰ ਆਪ ਉਮੀਦਵਾਰ ਅਵਤਾਰ ਸਿੰਘ ਕਾਲਕਾ ਨੇ ਹਰਾਇਆ, ਸ਼ਾਹਦਰਾ ਤੋਂ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਨੂੰ ਆਪ ਉਮੀਦਵਾਰ ਰਾਮ ਨਿਵਾਸ ਗੋਇਲ ਨੇ ਮਾਤ ਦਿੱਤੀ ਅਤੇ ਹਰੀ ਨਗਰ ਹਲਕੇ ਤੋਂ ਸੀਨੀਅਰ ਅਕਾਲੀ ਆਗੂ ਜਥੇ. ਅਵਤਾਰ ਸਿੰਘ ਹਿੱਤ ਨੂੰ ਆਪ ਦੇ ਉਮੀਦਵਾਰ ਜਗਦੀਪ ਸਿੰਘ ਨੇ ਹਰਾਇਆ। ਗੌਰਤਲਬ ਹੈ ਕਿ ਅਕਾਲੀਆਂ ਦੇ ਚਾਰੇ ਸਿੱਖ ਉਮੀਦਵਾਰਾਂ ਵਿਚੋਂ ਤਿੰਨ ਉਮੀਦਵਾਰਾਂ ਨੂੰ ਆਪ ਦੇ ਸਿੱਖ ਉਮੀਦਵਾਰਾਂ ਨੇ ਹਰਾਇਆ।
ਜਿੱਤ ਤੋਂ ਬਾਅਦ ਆਪ ਆਗੂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦੇ ਹੋਏ ਪਟੇਲ ਨਗਰ ਸਥਿਤ ਤਿੰਨ ਮੰਜ਼ਿਲਾਂ ਪਾਰਟੀ ਦਫ਼ਤਰ ਤੋਂ ਆਪਣੇ ਸੰਬੋਧਨ ‘ਚ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਜਿਹੋ ਜਿਹਾ ਹਮਾਇਤ ਆਪ ਨੂੰ ਦਿੱਤਾ ਹੈ, ਉਸ ਤੋਂ ਡਰ ਲੱਗਦਾ ਹੈ। ਕੇਜਰੀਵਾਲ ਦਾ ਮੰਨਣਾ ਹੈ ਕਿ ਨਤੀਜੇ ਡਰਾਉਣ ਵਾਲੇ ਹਨ ਕਿਉਂਕਿ ਜਨਤਾ ਦੀਆਂ ਆਸਾਂ ਉਮੀਦਾਂ ਬਹੁਤ ਵੱਧ ਗਈਆਂ ਹਨ। ਉਨ੍ਹਾਂ ਪਾਰਟੀ ਵਰਕਰਾਂ ਨੂੰ ਹੰਕਾਰ ਨਾ ਕਰਨ ਦਾ ਮਸ਼ਵਰਾ ਦਿੱਤਾ। ਦੇਰ ਸ਼ਾਮ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਵਿਧਾਇਕ ਦਲ ਦਾ ਆਗੂ ਚੁਣੇ ਜਾਣ ਉੱਤੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਕਰੀਬ 25 ਮਿੰਟ ਦੀ ਮੁਲਾਕਾਤ ਦੇ ਬਾਅਦ ਰਾਜ ਭਵਨ ਤੋਂ ਨਿਕਲ ਕੇ ਕੇਜਰੀਵਾਲ ਨੇ ਦੱਸਿਆ ਕਿ ਹੁਣ ਉਪ ਰਾਜਪਾਲ ਇਸ ਵਿਸ਼ੇ ਵਿੱਚ ਆਪਣੀ ਰਿਪੋਰਟ ਅਤੇ ਸਿਫ਼ਾਰਿਸ਼ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭੇਜਣਗੇ।
ਗੌਰਤਲਬ ਹੈ ਕਿ ਸਾਲ 2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ‘ਚ ‘ਆਪ’ ਨੇ 28 ਸੀਟਾਂ ਜਿੱਤੀਆਂ ਸਨ ਅਤੇ ਉਨ੍ਹਾਂ ਨੇ 28 ਦਸੰਬਰ ੨੦੧੩ ਨੂੰ ਕਾਂਗਰਸ ਦੀ ਹਮਾਇਤ ਦਿੱਲੀ ਵਿੱਚ ਸਰਕਾਰ ਬਣਾਈ ਸੀ ਤੇ ਕੇਜਰੀਵਾਲ ਮੁੱਖ ਮੰਤਰੀ ਬਣ ਸਨ। ਪਰ ਕੇਜਰੀਵਾਲ ਦੀ ਸਰਕਾਰ ਸਿਰਫ਼ 49 ਦਿਨ ਹੀ ਚੱਲੀ ਕਿਉਂਕਿ ਉਹ 14੪ ਫਰਵਰੀ 2014 ਨੂੰ ਲੋਕਪਾਲ ਬਿੱਲ ਪਾਸ ਕਰਨ ‘ਚ ਅਸਫਲ ਰਹਿਣ ‘ਤੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ‘ਭਗੌੜੇ’ ਅਖਵਾਏ।