ਅੰਮ੍ਰਿਤਸਰ – 24 ਜੂਨ ਦਿਨ ਐਤਵਾਰ ਨੂੰ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਨਵਾਂ ਇਤਿਹਾਸ ਸਿਰਜਦਿਆਂ ਅੰਮ੍ਰਿਤਸਰ ਦੀ ਪਾਵਨ ਧਰਤ ‘ਤੇ ਕਮੇਟੀ ਵਲੋਂ ਉਸਾਰਿਆ ਗਿਆ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ਗੁਰੂ ਤੇਗ ਬਹਾਦਰ ਨਿਵਾਸ, ਗੁਰਮਤਿ ਰਹੁ ਰੀਤੀ ਅਨੁਸਾਰ ਜੈਕਾਰਿਆਂ ਦੀ ਗੂੰਜ ਦਰਮਿਆਨ ਮੁਖ ਮੰਤਰੀ ਦਿੱਲੀ ਸ੍ਰੀਮਤੀ ਸ਼ੀਲਾ ਦਿਕਸ਼ਤ ਅਤੇ ਸਿੱਖਿਆ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਅਤੇ ਹਜਾਰਾਂ ਸਿੱਖ ਸੰਗਤਾਂ ਦੀ ਮੋਜੂਦਗੀ ਵਿੱਚ ਸਿੱਖ ਸੰਗਤਾਂ ਨੂੰ ਸਮਰਪਣ ਕਰ ਦਿੱਤਾ। ਗੁਰੁ ਤੇਗ ਬਹਾਦਰ ਨਿਵਾਸ ਵਿਖੇ ਸ਼ੁਕਰਵਾਰ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਣਤਾ ਉਪਰੰਤ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਵਿੰਦਰ ਸਿੰਘ ਭਾਈ ਹਰਵਿੰਦਰ ਸਿੰਘ ਜੀ ਦੇ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਹਾਜਰ ਸੰਗਤਾਂ,ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਨੂੰ ਜੀ ਆਇਆ ਕਿਹਾ। ਦਿੱਲੀ ਦੀ ਮੁਖ ਮੰਤਰੀ ਸ੍ਰੀਮਤੀ ਸ਼ੀਲਾ ਦਿਕਸ਼ਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸਾਰੀ ਗਈ ਸਰਾਂ ਨੂੰ ਕਮੇਟੀ ਦਾ ਇਕ ਇਤਿਹਾਸਕ ਫੈਸਲਾ ਤੇ ਅੱਜ ਦੇ ਦਿਨ ਨੂੰ ਕਮੇਟੀ ਦੇ ਇਤਿਹਾਸ ਦਾ ਅਹਿਮ ਦਿਹਾੜਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਸਰਾਂ ਦੀ ਉਸਾਰੀ ਨਾਲ ਦਿੱਲੀ ਤੇ ਪੰਜਾਬ ਤੋਂ ਦੂਰ ਵਸਦੇ ਉਨ੍ਹਾਂ ਸ਼ਰਧਾਲੂਆਂ ਲਈ ਇਕ ਅਹਿਮ ਸਹੂਲਤ ਸਾਬਤ ਹੋਵੇਗੀ, ਜੋ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪੁਜਦੇ ਹਨ ਲੇਕਿਨ ਸਾਧਨਾਂ ਤੇ ਰਿਹਾਇਸ਼ ਦੀ ਘਾਟ ਕਾਰਣ ਉਨ੍ਹਾਂ ਨੂੰ ਭਾਰੀ ਮੁਸਕਿਲਾਂ ਨਾਲ ਦੋ ਚਾਰ ਹੋਣਾ ਪੈਂਦਾ ਹੈ। ਸ੍ਰੀਮਤੀ ਸ਼ੀਲਾ ਦਿਕਸ਼ਤ ਨੇ ਪੰਜਾਬ ਤੇ ਸਿੱਖਾਂ ਨਾਲ ਆਪਣੀ ਸਾਂਝ ਦਾ ਜਿਕਰ ਕਰਦਿਆ ਕਿਹਾ ਕਿ ਜਦੋਂ ਵੀ ਕਿਧਰੇ ਸਿੱਖਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਜਾਂ ਕੋਈ ਜਰੂਰਤ ਹੁੰਦੀ ਹੈ ਤਾਂ ਉਹ ਕੁੱਝ ਵੀ ਕਰ ਜਾਂਦੇ ਹਨ। ਉਨ੍ਹਾ ਕਿਹਾ ਕਿ ਸਿੱਖ ਦੇਸ਼ ਦੀ ਸ਼ਾਨ ਹਨ ਤੇ ਪੰਜਾਬ ਦੇਸ਼ ਦਾ ਸਰਤਾਜ ਹੈ। ਪੰਜਾਬ ਤੇ ਸਿੱਖਾਂ ਨਾਲ ਆਪਣੇ ਸਬੰਧਾਂ ਦਾ ਜਿਕਰ ਕਰਦਿਆਂ ਉਨ੍ਹਾਂ ਇਥੋਂ ਤੀਕ ਕਹਿ ਦਿੱਤਾ ਕਿ ਉਹ ਕਪੂਰਥਲੇ ਨਾਲ ਸਬੰਧਿਤ ਹਨ ਤੇ ਉਨ੍ਹਾਂ ਅੰਦਰਲਾ 25% ਖੂਨ ਸਿੱਖਾਂ ਦਾ ਹੀ ਹੈ। ਦਿੱਲੀ ਕਮੇਟੀ ਨੂੰ ਗੁਰਦੁਆਰਿਆ ਦੀ ਉਸਾਰੀ ਤੇ ਮੁਰੰਮਤ ਲਈ ਦਰਪੇਸ਼ ਮੁਸ਼ਕਿਲਾਂ ਦਾ ਜਿਕਰ ਕਰਦਿਆਂ ਬੀਬੀ ਦਿਕਸ਼ਤ ਨੇ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਇਸ ਮਾਮਲੇ ਵਿੱਚ ਪਹਿਲਾਂ ਬਹੁਤ ਮੁਸ਼ਕਿਲਾਂ ਪਾਰ ਕਰ ਚੁਕੇ ਹਨ ਤੇ ਮੈਂ ਅਰਦਾਸ ਕਰਦੀ ਹਾਂ, ਪੂਰਨ ਵਿਸ਼ਵਾਸ਼ ਹੈ ਕਿ ਉਹ ਸਭ ਦਿੱਕਤਾਂ ਪਾਰ ਕਰ ਜਾਣਗੇ। ਸਰਨਾ ਭਰਾਵਾਂ ਵਲੋਂ ਦਿੱਲੀ ਕਮੇਟੀ ਦੇ ਪ੍ਰਬੰਧਕ ਵਜੋਂ ਕੀਤੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਸ਼ੀਲਾ ਦਿਕਸ਼ਤ ਨੇ ਕਿਹਾ ਕਿ ਸਰਨਾ ਭਰਾਵਾਂ ਕਰਕੇ ਹੀ ਦਿੱਲੀ ਦੇ ਸਿੱਖਾਂ ਦੀ ਸੋਚ ਅਤੇ ਵਿਚਾਰ ਬਦਲੇ ਹਨ ।ਇਸ ਤੋਂ ਪਹਿਲਾਂ ਆਪਣੇ ਵਿਚਾਰ ਰੱਖਦਿਆਂ ਦਿੱਲੀ ਦੇ ਸਿੱਖਿਆ ਮੰਤਰੀ ਸ. ਅਰਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਸਰਨਾ ਭਰਾਵਾਂ ਦੀ ਸੋਚ ਗੁਰਧਾਮਾਂ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਾਲੀ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਦਿਲੀ ਦੇ ਗੁਰਧਾਮਾਂ ਵਿੱਚ ਪਿਛਲੇ ਪੰਜ ਸਾਲਾਂ ਤੋਂ ਹੋਇਆ ਵਿਕਾਸ ਤੇ ਵਿਸਥਾਰ ਕਾਰਜ ਹੈ। ਸ. ਲਵਲੀ ਨੇ ਕਿਹਾ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਸਹੂਲਤਾ ਪ੍ਰਦਾਨ ਕਰਵਾਣਾ ਕਮੇਟੀਆਂ ਦਾ ਫਰਜ ਹੈ ਲੇਕਿਨ ਦਿੱਲੀ ਕਮੇਟੀ ਨੇ ਇਸ ਤੋਂ ਇਕ ਕਦਮ ਅੱਗੇ ਵੱਧ, ਦਿੱਲੀ ਤੋਂ ਬਾਹਰ ਅੰਮ੍ਰਿਤਸਰ ਵਿੱਚ ਸਰਾਂ ਤਿਆਰ ਕਰਵਾਈ ਹੈ ਜਿਸ ਲਈ ਦਿਲੀ ਕਮੇਟੀ ਦੇ ਸਾਰੇ ਮੈਂਬਰਾਨ ਵਧਾਈ ਦਾ ਪਾਤਰ ਹੈ। ਦਿੱਲੀ ਕਮੇਟੀ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਸਥਾਪਿਤ ਕੀਤੀ ਗਈ ਸਰਾਂ ਸਿਰਫ ਨਿਵਾਸ ਨਹੀਂ ਬਲਕਿ ਸਿੱਖ ਕਾਲ ਤੋਂ ਸ਼ੁਰੂ ਹੋਈ ਬੁੰਗਿਆਂ ਦੀ ਪ੍ਰੰਪਰਾ ਨੂੰ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਟੂਰਿਜਮ ਨੂੰ ਬੜਾਵਾ ਦੇਣ ਲਈ ਕੰਮ ਕਰ ਰਹੀਆਂ ਹਨ ਇਸ ਲਈ ਪੰਜਾਬ ਸਰਕਾਰ ਨੂੰ ਵੀ ਅੰਮ੍ਰਿਤਸਰ ਦੇ ਯਾਤਰੂਆਂ ਦੀ ਵੱਧ ਰਹੀ ਗਿਣਤੀ ਵੇਖਦਿਆਂ ਵੱਧ ਤੋਂ ਵੱਧ ਸੰਸਥਾਵਾਂ ਨੂੰ ਸਰਾਵਾਂ ਉਸਾਰਨ ਲਈ ਵਾਜਬ ਕੀਮਤ ਤੇ ਜਮੀਨ ਮੁਹਈਆ ਕਰਵਾਣੀ ਚਾਹੀਦੀ ਹੈ ।ਸਮਾਗਮ ਦੀ ਆਰੰਭਤਾ ਕਰਦਿਆਂ ਸ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਨਨਾਕਣਾ ਸਾਹਿਬ, ਹਜੂਰ ਸਾਹਿਬ ਵਿਖੇ ਉਸਾਰੀਆਂ ਸਰਾਵਾਂ ਦਾ ਵਰਨਣ ਕੀਤਾ। ਉਨਾਂ ਕਿਹਾ ਕਿ ਮੁਖ ਮੰਤਰੀ ਸ਼ੀਲਾ ਦਿਕਸ਼ਤ ਦੀ ਸੋਚ ਹਮੇਸ਼ਾ ਹੀ ਸਿੱਖਾਂ ਤੇ ਗੁਰੁ ਤੇਗ ਬਹਾਦਰ ਸਾਹਿਬ ਪ੍ਰਤੀ ਸਤਿਕਾਰ ਤੇ ਸ਼ਰਧਾ ਵਾਲੀ ਰਹੀ ਹੈ ਜਿਸ ਲਈ ਅੱਜ ਉਹ ਵਿਸ਼ੇਸ਼ ਕਰਕੇ ਅੰਮ੍ਰਿਤਸਰ ਹਾਜਰ ਹੋਏ ਹਨ। ਉਨ੍ਹਾ ਦੱਸਿਆ ਕਿ ਸਰਾਂ ਤੋਂ ਰੇਲਵੇ ਸਟੇਸ਼ਨ, ਏਅਰਪੋਰਟ ਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਵਿਸ਼ੇਸ਼ ਬੱਸਾਂ ਦੇ ਪ੍ਰਬੰਧ ਕੀਤੇ ਗਏ ਹਨ। ਇਸ ਉਪਰੰਤ ਬੀਬੀ ਸ਼ੀਲਾ ਦਿਕਸ਼ਤ, ਅਰਵਿੰਦਰ ਸਿੰਘ ਲਵਲੀ, ਸ. ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ, ਮਨਜੀਤ ਸਿੰਘ ਕਲਕੱਤਾ, ਸ. ਭਜਨ ਸਿੰਘ ਵਾਲੀਆ ਦੀ ਮੌਜੂਦਗੀ ਨਿਵਾਸ ਦੇ ਉਦਘਾਟਨ ਦੀ ਰਸਮ ਅਦਾ ਕੀਤੀ। ਇਸ ਸਮਾਗਮ ਵਿੱਚ ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਸ. ਮਨਜੀਤ ਸਿੰਘ ਕਲਕੱਤਾ, ਸ. ਪ੍ਰਿਥੀਪਾਲ ਸਿੰਘ ਕਪੂਰ, ਡਾ. ਐਸ. ਪੀ. ਸਿੰਘ, ਸ੍ਰੀ ਓਮ ਪ੍ਰਕਾਸ਼ ਸੋਨੀ, ਸ. ਭਜਨ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ, ਸ. ਕਰਤਾਰ ਸਿੰਘ ਕੋਚੜ ਸੰਯੁਕਤ ਸਕੱਤਰ, ਗੁਰਚਰਨ ਸਿੰਘ ਗਤਕਾ ਮਾਸਟਰ, ਅਵਤਾਰ ਸਿੰਘ ਕਲਸੀ, ਸ਼ਮਸ਼ੇਰ ਸਿੰਘ ਸੰਧੂ, ਗੁਰਸ਼ਰਨ ਸਿੰਘ ਸੰਧੂ, ਮਹਿੰਦਰ ਸਿੰਘ ਭੁਲਰ, ਬਲਦੇਵ ਸਿੰਘ ਰਾਣੀਬਾਗ, ਸੁਰਿੰਦਰ ਸਿੰਘ ਗਾਂਧੀ, ਰਜਿੰਦਰ ਸਿੰਘ ਰਾਜਵੰਸ਼ੀ, ਵਸ਼ਿੰਦਰ ਸਿੰਘ, ਭੁਪਿੰਦਰ ਸਿੰਘ ਸਭਰਵਾਲ, ਸੁਰਿੰਦਰ ਸਿੰਘ ਕੈਂਰੋਂ, ਮਹਾਰਾਜ ਸਿੰਘ, ਗਿਆਨ ਸਿੰਘ, ਬਲਬੀਰ ਸਿੰਘ ਵਿਵੇਕ ਵਿਹਾਰ, ਅਮਰਜੀਤ ਸਿੰਘ ਪਿੰਕੀ, ਕੰਵਲਜੀਤ ਸਿੰਘ ਸੋਢੀ, ਹਰਜਿੰਦਰ ਸਿੰਘ ਖੰਨਾ, ਸ. ਪ੍ਰਿਤਪਾਲ ਸਿੰਘ ਸਰਨਾ, ਮਨਜੀਤ ਸਿੰਘ ਸਰਨਾ, ਇੰਦਰ ਜੀਤ ਸਿੰਘ ਜੀਰਾ, ਭੋਲਾ ਸਿੰਘ ਸ਼ਕਰੀ, ਪ੍ਰਦੀਪ ਸਿੰਘ ਵਾਲੀਆ, ਤਰਲੋਚਨ ਸਿੰਘ, ਅਜੀਤ ਨਗਰ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਜਿੰਦਰ ਸਿੰਘ ਸੁਖੀ ਰੰਧਾਵਾ, ਰਣਜੀਤ ਸਿੰਘ ਛੱਜਲਵੱਡੀ, ਸੁਨੀਲ ਦੱਤੀ ਸਾਬਕਾ ਮੇਅਰ, ਇੰਦਰ ਜੀਤ ਸਿੰਘ ਬਾਗੀ, ਹਰਮਿੰਦਰ ਸਿੰਘ ਗਿੱਲ, ਜਸਬੀਰ ਸਿੰਘ ਡਿੰਪਾ, ਸਾਬਕਾ ਕੌਂਸਲਰ ਮਮਤਾ ਦੱਤਾ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਜਸਵਿੰਦਰ ਸਿੰਘ ਬਲੀਏਵਾਲ, ਜੇ. ਐਸ. ਸਮਰਾ, ਚਰਨਜੀਤ ਸਿੰਘ ਚੰਨੀ, ਜੋਗਿੰਦਰ ਸਿੰਘ ਫੌਜੀ, ਮਨਜੀਤ ਸਿੰਘ ਝਬਾਲ ਮਨਜੀਤ ਸਿੰਘ ਠੁਕਰਾਲ, ਕੁਲਬੀਰ ਸਿੰਘ ਸੰਧੂ ਵਿਸ਼ੇਸ਼ ਤੌਰ ‘ਤੇ ਹਾਜਰ ਸਨ।
Indian News ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਤਿ ਅਧੁਨਿਕ ਸਹੂਲਤਾਂ ਵਾਲੀ ਗੁਰੂ ਤੇਗ...