ਨਵੀਂ ਦਿੱਲੀ, 11 ਫਰਵਰੀ – ਦਿੱਲੀ ਹਾਈ ਕੋਰਟ ਨੇ ਗਣਤੰਤਰ ਦਿਵਸ ‘ਤੇ ਟਰੈਕਟਰ ਪਰੇਡ ਦੌਰਾਨ ਆਈ.ਟੀ.ਓ ‘ਤੇ 25 ਸਾਲਾ ਕਿਸਾਨ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਐੱਸਆਈਟੀ ਤੋਂ ਕਰਵਾਉਣ ਦੀ ਮੰਗ ‘ਤੇ ਦਿੱਲੀ ਸਰਕਾਰ ਅਤੇ ਪੁਲੀਸ ਤੋਂ ਜਵਾਬ ਮੰਗਿਆ ਹੈ। ਜਸਟਿਸ ਯੋਗੇਸ਼ ਖੰਨਾ ਨੇ ਦਿੱਲੀ ਸਰਕਾਰ, ਦਿੱਲੀ ਪੁਲੀਸ, ਉੱਤਰ ਪ੍ਰਦੇਸ਼ ਪੁਲੀਸ ਅਤੇ ਰਾਮਪੁਰ ਦੇ ਜ਼ਿਲ੍ਹਾ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ (ਸੀਐਮਓ) ਨੂੰ ਨੋਟਿਸ ਜਾਰੀ ਕੀਤੇ। ਇਸੇ ਹਸਪਤਾਲ ਵਿੱਚ ਨਵਰੀਤ ਸਿੰਘ ਦਾ ਪੋਸਟਮਾਰਟਮ ਹੋਇਆ ਸੀ। ਅਦਾਲਤ ਨੇ ਮਰਹੂਮ ਨਵਰੀਤ ਦੇ ਦਾਦਾ ਸ. ਹਰਦੀਪ ਸਿੰਘ ਦੀ ਪਟੀਸ਼ਨ ‘ਤੇ ਇਹ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੋਤੇ ਦੇ ਸਿਰ ਵਿੱਚ ਗੋਲੀ ਦੇ ਜ਼ਖ਼ਮ ਸਨ। ਅਦਾਲਤ ਨੇ ਦਿੱਲੀ ਪੁਲੀਸ ਨੂੰ ਜਾਂਚ ਬਾਰੇ ਸੁਣਵਾਈ ਦੀ ਅਗਲੀ ਤਰੀਕ 26 ਫਰਵਰੀ ਤੱਕ ਸਥਿਤੀ ਰਿਪੋਰਟ ਦਾਖਲ ਕਰਨ ਦਾ ਹੁਕਮ ਵੀ ਦਿੱਤਾ ਹੈ।
ਗੌਰਤਲਬ ਹੈ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਆਈ. ਟੀ. ਓ ‘ਤੇ ਟਰੈਕਟਰ ਪਲਟਣ ਨਾਲ ਮਾਰੇ ਗਏ 25 ਸਾਲ ਦੇ ਕਿਸਾਨ ਨਵਰੀਤ ਸਿੰਘ ਦੇ ਮਾਮਲੇ ਵਿੱਚ ਪਰਿਵਾਰ ਨੇ 10 ਫਰਵਰੀ ਨੂੰ ਦਿੱਲੀ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕਰਕੇ ਅਦਾਲਤ ਦੀ ਨਿਗਰਾਨੀ ‘ਚ ਘਟਨਾ ਦੀ ਐੱਸ. ਆਈ. ਟੀ. ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਮ੍ਰਿਤਕ ਨਵਰੀਤ ਸਿੰਘ ਦੇ ਦਾਦਾ ਸ. ਹਰਦੀਪ ਸਿੰਘ ਵੱਲੋਂ ਦਿੱਲੀ ਹਾਈ ਕੋਰਟ ‘ਚ ਦਾਖ਼ਲ ਕੀਤੀ ਆਪਣੀ ਪਟੀਸ਼ਨ ‘ਚ ਕਿਹਾ ਕਿ ਆਪਣੇ ਪੋਤੇ ਦੀ ਮੌਤ ਦੀ ਸਹੀ ਅਤੇ ਨਿਰਪੱਖ ਜਾਂਚ ਅਤੇ ਨਿਆਂ ਦੇ ਨਾਲ ਸੱਚਾਈ ਜਾਣਨ ਦਾ ਉਨ੍ਹਾਂ ਨੂੰ ਅਧਿਕਾਰ ਹੈ। ਪੁਲਿਸ ਮੁਤਾਬਿਕ ਨਵਰੀਤ ਸਿੰਘ ਦੀ ਮੌਤ ਆਈ. ਟੀ. ਓ ‘ਤੇ ਟਰੈਕਟਰ ਪਲਟਣ ਕਾਰਨ ਹੋਈ ਜੋ ਟਰੈਕਟਰ ਦੇ ਹੇਠਾਂ ਆ ਗਿਆ ਸੀ। ਹਾਲਾਂਕਿ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਮੀਡੀਆ ਨੂੰ ਚਸ਼ਮਦੀਦਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਨਵਰੀਤ ਆਪਣਾ ਟਰੈਕਟਰ ਚਲਾ ਰਿਹਾ ਸੀ ਅਤੇ ਪੁਲਿਸ ਵੱਲੋਂ ਚਲਾਈ ਗੋਲੀ ਕਾਰਨ ਉਸ ਦਾ ਟਰੈਕਟਰ ਪਲਟਿਆ ਸੀ। ਪਟੀਸ਼ਨ ‘ਚ ਦਿੱਲੀ ਸਰਕਾਰ ਦੇ ਗ੍ਰਹਿ ਵਿਭਾਗ, ਇੰਦਰਪ੍ਰਸਤ ਅਸਟੇਟ ਥਾਣੇ ਦੇ ਇੰਚਾਰਜ, ਉੱਤਰ ਪ੍ਰਦੇਸ਼ ਦੇ ਬਿਲਾਸਪੁਰ ਥਾਣੇ ਦੇ ਇੰਚਾਰਜ ਅਤੇ ਰਾਮਪੁਰ ਜ਼ਿਲ੍ਹਾ ਹਸਪਤਾਲ ਦੇ ਸੀ. ਐਮ. ਓ. ਨੂੰ ਧਿਰ ਬਣਾਉਣ ਦੀ ਬੇਨਤੀ ਕੀਤੀ ਗਈ ਸੀ।
Home Page ਦਿੱਲੀ ਹਾਈ ਕੋਰਟ ਵੱਲੋਂ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਸਿੱਟ ਤੋਂ...