ਬ੍ਰਿਸਬੇਨ, 6 ਜਨਵਰੀ – ਇੱਥੇ ਆਪਣਾ 10ਵਾਂ ਆਸਟਰੇਲੀਅਨ ਓਪਨ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਪੁੱਜੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸਟਰੇਲੀਆ ਵਿੱਚ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਕੋਰੋਨਾਵਾਇਰਸ ਟੀਕਾਕਰਣ ਨਿਯਮਾਂ ਤੋਂ ਛੋਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਅਸਫਲ ਰਹਿਣ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ।
ਜੋਕੋਵਿਚ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਕਿਹਾ ਕਿ ਉਸ ਨੂੰ ਮੈਡੀਕਲ ਛੋਟ ਮਿਲੀ ਹੈ ਅਤੇ ਉਹ ਬੁੱਧਵਾਰ ਦੇਰ ਰਾਤ ਆਸਟਰੇਲੀਆ ਪਹੁੰਚਿਆ ਹੈ। ਇਸ ਮੈਡੀਕਲ ਛੋਟ ਤਹਿਤ ਵਿਕਟੋਰੀਆ ਸਰਕਾਰ ਦੇ ਸਖ਼ਤ ਟੀਕਾਕਰਣ ਨਿਯਮਾਂ ਤੋਂ ਉਸ ਨੂੰ ਰਾਹਤ ਮਿਲੀ। ਹਾਲਾਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਸ ਛੋਟ ਨੂੰ ਸਵੀਕਾਰ ਨਹੀਂ ਕੀਤਾ। ਆਸਟਰੇਲੀਅਨ ਬਾਰਡਰ ਫੋਰਸ ਨੇ ਬਿਆਨ ਵਿੱਚ ਕਿਹਾ ਕਿ ਜੋਕੋਵਿਚ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ।
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਇੱਕ ਪ੍ਰੈੱਸ ਕਾਂਫਰੇਂਸ ਵਿੱਚ ਕਿਹਾ ਕਿ ਨਿਯਮ ਇਕਦਮ ਸਾਫ਼ ਹੈ। ਤੁਹਾਨੂੰ ਮੈਡੀਕਲ ਛੋਟ ਲੈਣੀ ਹੋਵੇਗੀ ਜੋ ਉਸ ਦੇ ਕੋਲ ਨਹੀਂ ਸੀ। ਅਸੀਂ ਬਾਰਡਰ ਉੱਤੇ ਗੱਲ ਕੀਤੀ ਅਤੇ ਉੱਥੇ ਹੀ ਇਹ ਹੋਇਆ।
ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜੋਕੋਵਿਚ ਦੀ ਮੈਡੀਕਲ ਛੋਟ ਦੀ ਸਮੀਖਿਆ ਕਰਨ ਤੋਂ ਬਾਅਦ ਉਸ ਦਾ ਵੀਜ਼ਾ ਰੱਦ ਕਰ ਦਿੱਤਾ। ਜੋਕੋਵਿਚ ਫ਼ੈਸਲੇ ਦੇ ਖ਼ਿਲਾਫ਼ ਅਪੀਲ ਕਰ ਸਕਦਾ ਹੈ ਪਰ ਵੀਜ਼ਾ ਰੱਦ ਹੋਣ ‘ਤੇ ਦੇਸ਼ ਛੱਡਣਾ ਹੋਵੇਗਾ।
ਸਰਬੀਆ ਦੇ ਰਾਸ਼ਟਰਪਤੀ ਨੇ ਆਪਣੇ ਦੇਸ਼ ਦੇ ਖਿਡਾਰੀ ਜੋਕੋਵਿਚ ਨਾਲ ਆਸਟਰੇਲੀਆ ਵੱਲੋਂ ਕੀਤੇ ਗਏ ਸਲੂਕ ਦੀ ਨਿੰਦਾ ਕੀਤੀ ਹੈ। ਜੋਕੋਵਿਚ ਨੂੰ ਮੈਲਬੌਰਨ ਹਵਾਈ ਅੱਡੇ ‘ਤੇ ਸਾਰੀ ਰਾਤ ਰੱਖਿਆ ਗਿਆ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੂੰ ਇਹ ਜਾਣਨ ਲਈ 8 ਘੰਟੇ ਇੰਤਜ਼ਾਰ ਕਰਨਾ ਪਿਆ ਕਿ ਕੀ ਉਸ ਨੂੰ ਆਸਟਰੇਲੀਆ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਬਾਅਦ ਵਿੱਚ ਉਸ ਨੂੰ ਅਗਲੀ ਉਡਾਣ ਜਾਂ ਕਾਨੂੰਨੀ ਕਾਰਵਾਈ ਤੱਕ ਹੋਟਲ ਵਿੱਚ ਭੇਜ ਦਿੱਤਾ ਗਿਆ।
Home Page ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਆਸਟਰੇਲੀਆ ‘ਚ ਦਾਖ਼ਲਾ...