ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ, ਬਿਨਾ ਖੇਡੇ ਵਾਪਸ ਦੇਸ਼ ਲਈ ਰਵਾਨਾ

ਬ੍ਰਿਸਬਨ, 17 ਜਨਵਰੀ – ਕੋਰੋਨਾਵਾਇਰਸ ਵਿਰੋਧੀ ਟੀਕਾ ਨਾ ਲਗਵਾਉਣ ਕਾਰਣ ਆਸਟਰੇਲੀਆ ਤੋਂ ਕੱਢਿਆ ਗਿਆ ਦੁਨੀਆ ਦਾ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਅੱਜ ਸਵੇਰੇ ਦੁਬਈ ਪਹੁੰਚ ਗਿਆ। ਅਮੀਰਾਤ ਦੇ ਜਹਾਜ਼ ਰਾਹੀਂ ਉਹ ਸਾਢੇ ਤੇਰਾਂ ਘੰਟਿਆਂ ਦੀ ਉਡਾਣ ਮਗਰੋਂ ਮੈਲਬਰਨ ਤੋਂ ਇੱਥੇ ਪਹੁੰਚਿਆ। ਉਪਰੰਤ ਉਸ ਨੂੰ ਸਰਬੀਆ ਦੀ ਰਾਜਧਾਨੀ ਬੈਲਗਰੇਡ ਦੀ ਉਡਾਣ ਵਿੱਚ ਚੜ੍ਹਦੇ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਸੰਘੀ ਅਦਾਲਤ ਦੇ ਬੈਂਚ ਵੱਲੋਂ ਟੈਨਿਸ ਸਟਾਰ ਦਾ ਵੀਜ਼ਾ ਰੱਦ ਕਰਨ ਦੇ ਸਰਕਾਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਅਤੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਦੇ ਹੱਕ ਵਿੱਚ ਫ਼ੈਸਲੇ ਤੋਂ ਬਾਅਦ ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਦੇਸ਼ ਛੱਡਣਾ ਪਿਆ। ਸਰਬੀਆ ਦੇ ਖਿਡਾਰੀ ਨੇ ਫ਼ੈਸਲੇ ਤੋਂ ਤੁਰੰਤ ਬਾਅਦ ਕਿਹਾ, “ਮੈਂ ਬਹੁਤ ਨਿਰਾਸ਼ ਹਾਂ, ਪਰ ਅਦਾਲਤ ਦੇ ਫ਼ੈਸਲੇ ਦਾ ਸਨਮਾਨ ਕਰਦਾ ਹਾਂ ਅਤੇ ਮੈਂ ਦੇਸ਼ ਛੱਡਣ ਦੇ ਸਬੰਧ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਸਹਿਯੋਗ ਕਰਾਂਗਾ”। ਜ਼ਿਕਰਯੋਗ ਹੈ ਕਿ ਜੋਕੋਵਿਚ ਨੂੰ ਸੋਮਵਾਰ ਨੂੰ ਆਸਟਰੇਲੀਅਨ ਓਪਨ ਵਿੱਚ ਖੇਡਣ ਲਈ ਸੂਚੀਬੱਧ ਕੀਤਾ ਗਿਆ ਸੀ। ਟੈਨਿਸ ਸਟਾਰ ਦਾ ਵੀਜ਼ਾ ਰੱਦ ਕਰਨ ਦੇ ਐਲੇਕਸ ਹਾਕ ਦੇ ਫ਼ੈਸਲੇ ਦੀ ਨਿਆਇਕ ਸਮੀਖਿਆ ਦੀ ਸੁਣਵਾਈ ਅਦਾਲਤ ਦੇ ਪੂਰੇ ਬੈਂਚ ਨੇ ਕੀਤੀ।
ਖਿਡਾਰੀ ਜੋਕੋਵਿਚ ਦੇ ਵਕੀਲਾਂ ਨੇ ਮੰਤਰੀ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਆਪਣੇ ਦਾਅਵੇ ਦੀ ਪੁਸ਼ਟੀ ਲਈ ਕੋਈ ਸਬੂਤ ਪੇਸ਼ ਨਹੀਂ ਕੀਤੇ ਕਿ ਆਸਟਰੇਲੀਆ ਵਿੱਚ ਜੋਕੋਵਿਚ ਦੀ ਮੌਜੂਦਗੀ ਟੀਕਾਕਰਨ ਵਿਰੋਧੀ ਭਾਵਨਾਵਾਂ ਨੂੰ ਭੜਕਾਏਗੀ। ਜਾਣਕਾਰੀ ਮੁਤਾਬਿਕ 86,000 ਤੋਂ ਵੱਧ ਲੋਕਾਂ ਨੇ ਅਦਾਲਤ ਦੀ ਸੁਣਵਾਈ ਨੂੰ ਯੂ-ਟਿਊਬ ‘ਤੇ ਲਾਈਵ ਦੇਖਿਆ। ਸਮਰਥਕਾਂ ਵੱਲੋਂ ਮੈਲਬਰਨ ਦੀ ਸੰਘੀ ਅਦਾਲਤ ਦੀ ਇਮਾਰਤ ਵਿੱਚ ਇਕੱਠੇ ਹੋ ਕੇ ਸਰਬੀਆ ਦੇ ਝੰਡਿਆਂ ਨਾਲ ਜੋਕੋਵਿਚ ਦੇ ਹੱਕ ‘ਚ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ ਗਿਆ।