ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ। ਜੋ ਕੱਲ੍ਹ ਸੀ ਉਹ ਅੱਜ ਨਹੀਂ ਹੈ। ਜੋ ਅੱਜ ਹੈ ਉਹ ਭਲਕੇ ਨਹੀਂ ਹੋਵੇਗਾ। ਪਿਛਲੇ ਇੱਕ ਦਹਾਕੇ ਦੌਰਾਨ ਵੇਖਦੇ ਵੇਖਦੇ ਸੰਗੀਤ ਉਦਯੋਗ ਮੁਕੰਮਲ ਬਦਲ ਗਿਆ ਹੈ। ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੰਗੀਤ ਸਮੱਗਰੀ ਨਾਲ ਸਬੰਧਤ ਵੱਡੇ-ਵੱਡੇ ਸ਼ੋਅਰੂਮ ਸਨ। ਕੈਸੇਟ, ਸੀ.ਡੀ., ਡੀ.ਵੀ.ਡੀ. ਹੱਥੋਂ ਹੱਥੀਂ ਵਿਕਦੀਆਂ ਸਨ। ਮੈਂ ਜਦੋਂ ਵੀ ਜਾਣਾ ਆਪਣੀ ਪਸੰਦ ਦੀਆਂ ਚੁਣ-ਚੁਣ ਕੇ ਲਿਆਉਣੀਆਂ। ਸਾਰਾ ਕੁੱਝ ਠੱਪ ਹੋ ਗਿਆ ਹੈ। ਸ਼ੋਅ ਰੂਮਾਂ ਨੂੰ ਜੰਦਰੇ ਵੱਜ ਗਏ ਹਨ ਜਾਂ ਉੱਥੇ ਕੋਈ ਹੋਰ ਕਾਰੋਬਾਰ ਸ਼ੁਰੂ ਹੋ ਗਿਆ ਹੈ। ਅਜਿਹੀਆਂ ਉਦਾਹਰਨਾਂ ਬਹੁਤ ਸਾਰੇ ਖੇਤਰਾਂ ਦੀਆਂ ਦਿੱਤੀਆਂ ਜਾ ਸਕਦੀਆਂ ਹਨ।
ਬੀਤੇ ਦਹਾਕੇ-ਡੇਢ ਦਹਾਕੇ ਤੋਂ ਦੁਨੀਆ ਦੀ ਵਸੋਂ ਦਾ ਵੱਡਾ ਹਿੱਸਾ ਆਨਲਾਈਨ ਮੀਡੀਆ ਨਾਲ ਜੁੜ ਗਿਆ ਹੈ। ਤੁਸੀਂ ਕਿਸੇ ਨੂੰ ਅਖ਼ਬਾਰ ਦੀ ਹਾਰਡ ਕਾਪੀ ਪੜ੍ਹਨ ਲਈ ਮਜਬੂਰ ਨਹੀਂ ਕਰ ਸਕਦੇ। ਮੈਂ ਡੇਢ ਮਹੀਨੇ ਤੋਂ ਇੰਗਲੈਂਡ ਵਿੱਚ ਹਾਂ। ਇਨ੍ਹਾਂ 45 ਦਿਨਾਂ ਤੋਂ ਮੈਂ ਹੱਥ ਵਿੱਚ ਅਖ਼ਬਾਰ ਫੜ੍ਹ ਕੇ ਨਹੀਂ ਪੜ੍ਹੀ। ਜਿਹੜੀ ਅਖ਼ਬਾਰ ਪੜ੍ਹਨੀ ਹੁੰਦੀ ਹੈ ਉਸ ਨੂੰ ਫ਼ੋਨ ‘ਤੇ, ਆਈਪੈਡ’ਤੇ ਜਾਂ ਲੈਪਟਾਪ ‘ਤੇ ਖੋਲ੍ਹਦਾ ਹਾਂ ਅਤੇ ਪੜ੍ਹ ਲੈਂਦਾ ਹਾਂ। ਜੀ ਹਾਂ ਇੱਥੇ ਬਹੁਤੇ ਲੋਕ ਇੰਝ ਹੀ ਕਰਦੇ ਹਨ। ਸਵੇਰੇ ਘਰੋਂ ਘਰੀਂ ਅਖ਼ਬਾਰ ਮੰਗਵਾਉਣ ਦਾ ਰੁਝਾਨ ਹੀ ਨਹੀਂ ਹੈ। ਸਵੇਰ ਵੇਲੇ ਕਿਸੇ ਕੋਲ ਏਨਾ ਸਮਾਂ ਹੀ ਨਹੀਂ ਹੁੰਦਾ। ਕੁੱਝ ਅਖ਼ਬਾਰਾਂ ਮੁਫ਼ਤ ਮਿਲਦੀਆਂ ਹਨ। ਸਟੇਸ਼ਨਾਂ, ਸਟੋਰਾਂ, ਬੱਸ ਅੱਡਿਆਂ ‘ਤੇ ਪਈਆਂ ਹੁੰਦੀਆਂ ਹਨ। ਲੋਕ ਆਉਂਦੇ ਜਾਂਦੇ ਚੁੱਕ ਲੈਂਦੇ ਹਨ। ਦੂਸਰੀਆਂ ਸਟੋਰਾਂ ਵਿੱਚ ਰੱਖੀਆਂ ਹੁੰਦੀਆਂ ਹਨ। ਲੋਕ ਨਿੱਤ ਵਰਤੋਂ ਦਾ ਸਮਾਨ ਖ਼ਰੀਦਣ ਆਉਂਦੇ ਹਨ ਜਿਸ ਨੂੰ ਹਾਰਡ ਕਾਪੀ ਪੜ੍ਹਨ ਦਾ ਭੁਸ ਹੈ ਉਹ ਖ਼ਰੀਦ ਲੈਂਦਾ ਹੈ। ਜਾਣਕਾਰੀ ਲਈ ਇੱਕ ਦਿਨ ਸਟੋਰ ਵਿੱਚ ਪਈਆਂ ਵੱਖ-ਵੱਖ ਛੋਟੀਆਂ ਵੱਡੀਆਂ ਅਖ਼ਬਾਰਾਂ’ਤੇ ਨਜ਼ਰ ਮਾਰੀ। ਡੇਢ ਤੋਂ ਸਾਢੇ ਚਾਰ ਪੌਂਡ ਤੱਕ ਕੀਮਤ ਸੀ। ਭਾਰਤੀ ਕਰੰਸੀ ਵਿੱਚ 150 ਤੋਂ 450 ਰੁਪਏ ਤੱਕ।
ਭਾਰਤ ਦੇ ਵੱਡੇ-ਵੱਡੇ ਹਫ਼ਤਾਵਾਰ, ਮਹੀਨਾਵਾਰ ਮੈਗਜ਼ੀਨ ਜਿਹੜੇ ਧੜਾ ਧੜ ਵਿਕਦੇ ਸਨ, ਜਿਨ੍ਹਾਂ ਦੀ ਲੋਕ ਬੇਸਬਰੀ ਨਾਲ ਉਡੀਕ ਕਰਦੇ ਸਨ, ਅੱਜ ਬੰਦ ਹੋਣ ਕਿਨਾਰੇ ਹਨ। ਟੁੱਟਵੇਂ ਡੰਗ ਚੱਲ ਰਹੇ ਹਨ। ਛੋਟੇ ਆਕਾਰ ਵਿੱਚ ਛਪ ਰਹੇ ਹਨ ਅਤੇ ਕਿਸੇ ਨੂੰ ਨਵੇਂ ਅੰਕ ਦੀ ਇੰਤਜ਼ਾਰ ਵੀ ਨਹੀਂ ਹੁੰਦੀ ਕਿਉਂਕਿ ਸਾਰਾ ਕੁੱਝ ਆਨਲਾਈਨ ਉਪਲਬਧ ਹੈ। ਇੰਡੀਆ ਟੂਡੇ ਨੇ ਸਮੇਂ ਸਿਰ 2014 ਵਿੱਚ ਆਨਲਾਈਨ ਸਾਈਟ ਸ਼ੁਰੂ ਕਰ ਦਿੱਤੀ ਸੀ।
2000 ਤੋਂ ਬਾਅਦ ਪ੍ਰਿੰਟ ਮੀਡੀਆ, ਵਿਸ਼ੇਸ਼ ਕਰਕੇ ਅਖ਼ਬਾਰਾਂ ਦੀ ਛਪਣ-ਗਿਣਤੀ ਲਗਾਤਾਰ ਘੱਟ ਰਹੀ ਹੈ। ਘਟਣ ਦਾ ਇਹ ਰੁਝਾਨ ਦੁਨੀਆ ਭਰ ਦੇ ਦੇਸ਼ਾਂ ਵਿੱਚ ਇੱਕੋ ਜਿਹਾ ਹੈ। ਕੋਰੋਨਾ ਸੰਕਟ ਨੇ ਇਸ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਹੈ।
2000 ਤੋਂ 2010 ਦੌਰਾਨ ਇੰਟਰਨੈੱਟ ਦੀ ਵਰਤੋਂ ਤੇਜ਼ੀ ਨਾਲ ਵਧੀ। ਇੰਟਰਨੈੱਟ ਖ਼ਬਰ ਪ੍ਰਾਪਤੀ ਦਾ ਵੱਡਾ ਮਾਧਿਅਮ ਬਣ ਗਿਆ। ਸਾਲ 2009 ਦੇ ਆਰੰਭ ਵਿੱਚ ਦੁਨੀਆ ਦੀਆਂ ਅਖ਼ਬਾਰਾਂ ਦੀ ਛਪਣ ਗਿਣਤੀ ਵਿੱਚ ਵੱਡੀ ਕਮੀ ਦਰਜ਼ ਹੋਈ। ਇਸ ਦਾ ਇੱਕ ਕਾਰਨ ਆਰਥਿਕ ਮੰਦੀ ਨੂੰ ਵੀ ਮੰਨਿਆ ਗਿਆ। ਅਮਰੀਕਾ ਦੇ ਅੰਕੜੇ ਦੱਸਦੇ ਹਨ ਕਿ 2009 ਵਿੱਚ ਪ੍ਰਿੰਟ ਮੀਡੀਆ ਦੇ 10,000 ਕਰਮਚਾਰੀਆਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਅਤੇ ਇਸ਼ਤਿਹਾਰਾਂ ਵਿੱਚ 30-35 ਫ਼ੀਸਦੀ ਦੀ ਕਮੀ ਆਈ। ਮੁਲਕ ਦੀਆਂ 25 ਫ਼ੀਸਦੀ ਅਖ਼ਬਾਰਾਂ ਦੀ ਸਰਕੂਲੇਸ਼ਨ 10 ਤੋਂ 20 ਫ਼ੀਸਦੀ ਘੱਟ ਗਈ।
ਚੰਗਾ ਪੱਖ ਇਹ ਸੀ ਕਿ ਉਦੋਂ ਅਮਰੀਕਾ ਵਿੱਚ 1400 ਅਤੇ ਕੈਨੇਡਾ ਵਿੱਚ 100 ਤੋਂ ਵੱਧ ਰੋਜ਼ਾਨਾ ਅਖ਼ਬਾਰਾਂ ਛਪ ਰਹੀਆਂ ਸਨ ਅਤੇ ਇਨ੍ਹਾਂ ਵਿੱਚੋਂ ਬਹੁਤੀਆਂ ਆਰਥਿਕ ਮੰਦੀ ਦੇ ਬਾਵਜੂਦ ਮੁਨਾਫ਼ਾ ਕਮਾ ਰਹੀਆਂ ਹਨ।
ਬਦਲਦੀਆਂ ਸਥਿਤੀਆਂ, ਬਦਲਦੇ ਸਮੇਂ ਦੌਰਾਨ ਕਿਹੜੀਆਂ ਅਖ਼ਬਾਰਾਂ ਘੱਟ ਅਤੇ ਕਿਹੜੀਆਂ ਵੱਧ ਪ੍ਰਭਾਵਿਤ ਹੋਈਆਂ ਮਾਹਿਰਾਂ ਦੁਆਰਾ ਇਸ ਦੀ ਇੱਕ ਸੂਚੀ ਤਿਆਰ ਕੀਤੀ ਗਈ ਹੈ। ਪੱਕੀ ਗਾਹਕੀ ਵਾਲੀਆਂ, ਮੁੱਲ ਵਿਕਣ ਵਾਲੀਆਂ, ਸੰਘਣੀ ਵਸੋਂ ਵਾਲੇ ਇਲਾਕੇ ਵਿੱਚ ਵਿਕਣ ਵਾਲੀਆਂ, ਜਿਨ੍ਹਾਂ ਦੀ ਆਮਦਨ ਦਾ 60 ਫ਼ੀਸਦੀ ਤੋਂ ਘੱਟ ਹਿੱਸਾ ਇਸ਼ਤਿਹਾਰਾਂ ਤੋਂ ਆਉਂਦਾ ਹੈ। ਅਜਿਹੀਆਂ ਅਖ਼ਬਾਰਾਂ ਘੱਟ ਪ੍ਰਭਾਵਿਤ ਹੋਈਆਂ। ਇੱਕ ਕਾਪੀ ਦੇ ਅਧਾਰ ‘ਤੇ ਵਿਕਣ ਵਾਲੀਆਂ, ਮੁਫ਼ਤ ਵਿਕਣ ਵਾਲੀਆਂ, ਘੱਟ ਅਬਾਦੀ ਵਾਲੇ ਵਿਸ਼ਾਲ ਖੇਤਰ ਵਿੱਚ ਵਿਕਣ ਵਾਲੀਆਂ, 60 ਫ਼ੀਸਦੀ ਤੋਂ ਵੱਧ ਆਮਦਨ ਇਸ਼ਤਿਹਾਰਾਂ ਤੋਂ ਪ੍ਰਾਪਤ ਕਰਨ ਵਾਲੀਆਂ ਅਖ਼ਬਾਰਾਂ ਵਧੇਰੇ ਪ੍ਰਭਾਵਿਤ ਹੋਈਆਂ।
ਸਮਾਂ ਬਦਲ ਰਿਹਾ ਹੈ, ਸੁਭਾਅ ਬਦਲ ਰਿਹਾ ਹੈ, ਸਭਿਆਚਾਰ ਬਦਲ ਰਿਹਾ ਹੈ, ਸੋਚ ਬਦਲ ਰਹੀ ਹੈ, ਕਦਰਾਂ-ਕੀਮਤਾਂ ਬਦਲ ਰਹੀਆਂ ਹਨ, ਤਕਨੀਕ ਬਦਲ ਰਹੀ ਹੈ। ਨਤੀਜੇ ਵਜੋਂ ਅਖ਼ਬਾਰਾਂ ਦੀ ਸਰਕੂਲੇਸ਼ਨ ਬਦਲ ਰਹੀ ਹੈ, ਇਸ਼ਤਿਹਾਰਾਂ ਤੋਂ ਹੋਣ ਵਾਲੀ ਆਮਦਨ ਬਦਲ ਰਹੀ ਹੈ।
ਅਮਰੀਕਾ ਦੀ ਨੌਰਥ ਵੈਸਟਰਨ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ 2020 ਦੇ ਸ਼ੁਰੂ ਤੋਂ 2022 ਦੇ ਅੱਧ ਤੱਕ ਅਖ਼ਬਾਰਾਂ ਦੀ ਸਰਕੂਲੇਸ਼ਨ 7 ਫ਼ੀਸਦੀ ਘਟੀ ਹੈ। ਜੇਕਰ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ 2025 ਤੱਕ ਇਕ ਤਿਹਾਈ ਅਖ਼ਬਾਰ ਬੰਦ ਹੋਣ ਕਿਨਾਰੇ ਪਹੁੰਚ ਜਾਣਗੇ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵੱਡੇ ਬਰੈਂਡ ਵਾਲੀਆਂ ਅਤੇ ਆਨ ਲਾਈਨ ਉਪਲਬਧ ਅਖ਼ਬਾਰਾਂ ਦੀ ਪਾਠਕ ਗਿਣਤੀ ਵਧੀ ਹੈ।
ਅਖ਼ਬਾਰਾਂ ਦੀ ਸਰਕੂਲੇਸ਼ਨ ਘਟਣ ਦੇ ਕਈ ਕਾਰਨ ਹਨ। ਟੈਲੀਵਿਜ਼ਨ, ਇੰਟਰਨੈੱਟ, ਸ਼ੋਸ਼ਲ ਮੀਡੀਆ ਰੋਜ਼ਾਨਾ ਖ਼ਬਰਾਂ ਦੇ ਮੁੱਖ ਸਰੋਤ ਬਣ ਗਏ ਹਨ। ਸਮਾਰਟ ਫ਼ੋਨ ਦੇ ਰੂਪ ਵਿੱਚ ਸਾਰੀ ਦੁਨੀਆ ਮੁੱਠੀ ਵਿੱਚ ਆ ਗਈ ਹੈ। ਦੁਨੀਆ ਦੀ ਪਲ ਪਲ ਦੀ ਖ਼ਬਰ, ਹਰ ਪਲ ਮਿਲ ਰਹੀ ਹੈ। ਲੋਕ ਪੜ੍ਹਨ ਦੇ ਨਾਲ ਖ਼ਬਰ ਵੇਖਣਾ ਵੀ ਚਾਹੁੰਦੇ ਹਨ। ਇਸ ਇੱਛਾ ਦੀ ਪੂਰਤੀ ਵੀਡੀਓ ਨੇ ਕੀਤੀ ਹੈ। ਵੀਡੀਓ ਇੰਟਰਨੈੱਟ ‘ਤੇ ਉਪਲਬਧ ਹੈ। ਨਤੀਜੇ ਵਜੋਂ ਇਸ਼ਤਿਹਾਰਬਾਜ਼ੀ ਇੰਟਰਨੈੱਟ ਵੱਲ ਖਿਸਕ ਰਹੀ ਹੈ। ਅਖ਼ਬਾਰਾਂ ਦੇ ਵਧੇਰੇ ਇਸ਼ਤਿਹਾਰ ਪਹਿਲਾਂ ਹੀ ਟੈਲੀਵਿਜ਼ਨ ਵੱਲ ਚਲੇ ਗਏ ਹਨ ਕਿਉਂਕਿ ਟੈਲੀਵਿਜ਼ਨ ਦਾ ਪਹੁੰਚ ਘੇਰਾ ਵਿਸ਼ਾਲ ਹੈ।
ਮੀਡੀਆ ਦੇ ਬਾਦਸ਼ਾਹ ਰਿਉਪਰਟ ਮਰਡੋਕ ਨੇ ਅਖ਼ਬਾਰਾਂ ਤੋਂ ਹੁੰਦੀ ਆਮਦਨ ਦੇ ਪ੍ਰਸੰਗ ਵਿੱਚ ਇੱਕ ਵਾਰ ਕਿਹਾ ਸੀ, ਇਹ ‘ਸੋਨੇ ਦੇ ਦਰਿਆ’ ਹਨ, ਪਰੰਤੂ ਕੁੱਝ ਸਾਲਾਂ ਬਾਅਦ ਸੋਧ ਕਰਦੇ ਹੋਏ ਕਿਹਾ ਕਿ, ‘ਕਈ ਵਾਰ ਇਹ ਦਰਿਆ ਸੁੱਕ ਜਾਂਦੇ ਹਨ’।
ਇੱਕ ਹੋਰ ਮੀਡੀਆ ਹਸਤੀ ਨੇ ਕਿਹਾ ਸੀ, “ਜੇ ਕੇਬਲ, ਸੈਟੇਲਾਈਟ ਟੀ.ਵੀ. ਅਤੇ ਇੰਟਰਨੈੱਟ ਬਹੁਤ ਸਮਾਂ ਪਹਿਲਾਂ ਆ ਜਾਂਦੇ ਤਾਂ ਅਖ਼ਬਾਰਾਂ ਜਿਨ੍ਹਾਂ ਨੂੰ ਆਪਾਂ ਮੌਜੂਦਾ ਰੂਪ ਵਿੱਚ ਵੇਖ ਰਹੇ ਹਾਂ ਕਦੇ ਨਾ ਵੇਖ ਪਾਉਂਦੇ”?
ਸੱਚਾਈ ਇਹ ਵੀ ਹੈ ਕਿ ਸ਼ੋਸ਼ਲ ਮੀਡੀਆ ‘ਤੇ ਤੈਰਦੀਆਂ 80 ਫ਼ੀਸਦੀ ਖ਼ਬਰਾਂ ਅਖ਼ਬਾਰਾਂ ਤੋਂ ਆਈਆਂ ਹੁੰਦੀਆਂ ਹਨ। ਗੂਗਲ, ਯਾਹੂ, ਫੇਸਬੁੱਕ ਤੇ ਵੱਟਸਐਪ ਕੋਲ ਰਿਪੋਰਟ ਨਹੀਂ ਹਨ ਜਿਹੜੇ ਖ਼ਬਰਾਂ ਲਈ ਗਲੀਆਂ ਵਿੱਚ ਤੁਰੇ ਫਿਰਦੇ ਹਨ। ਅਖ਼ਬਾਰਾਂ ਦੇ ਰਿਪੋਰਟਰ ਫ਼ੀਲਡ ਵਿੱਚ ਜਾ ਕੇ ਖ਼ਬਰਾਂ ਇਕੱਤਰ ਕਰਕੇ ਭੇਜਦੇ ਹਨ। ਉਨ੍ਹਾਂ ਸਦਕਾ ਸ਼ੋਸ਼ਲ ਮੀਡੀਆ ਮਹੱਤਵਪੂਰਨ ਬਣਿਆ ਹੋਇਆ ਹੈ।
ਦਰਅਸਲ ਸਾਰਾ ਮੀਡੀਆ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਉਹੀ ਛੋਟੇ-ਛੋਟੇ ਟੁਕੜੇ ਵੱਡੀਆਂ-ਵੱਡੀਆਂ ਅਖ਼ਬਾਰਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਸ਼ੋਸ਼ਲ ਮੀਡੀਆ ਕੰਪਨੀਆਂ ਨੇ ਪਾਠਕਾਂ ਦਰਸ਼ਕਾਂ ਦੀਆਂ ਆਦਤਾਂ ਬਦਲ ਦਿੱਤੀਆਂ ਹਨ। ਹਰ ਕੋਈ ਪਾਠਕ ਹੈ, ਹਰ ਕੋਈ ਪੱਤਰਕਾਰ ਹੈ, ਹਰ ਕੋਈ ਸੰਪਾਦਕ ਹੈ।
ਦਰਅਸਲ ਖ਼ਬਰ ਵੱਡੇ-ਵੱਡੇ ਟੈਲੀਵਿਜ਼ਨ ਸਟੂਡੀਓ ਅਤੇ ਵੱਡੀਆਂ-ਵੱਡੀਆਂ ਪ੍ਰਿੰਟਿੰਗ ਪ੍ਰੈੱਸਾਂ ਦੀ ਮੁਹਤਾਜ ਨਹੀਂ ਰਹਿ ਗਈ ਹੈ। ਕੋਈ ਵੀ ਆਪਣੀ ਗੱਲ ਸਿੱਧੀ ਦੁਨੀਆ ਸਾਹਮਣੇ ਰੱਖ ਸਕਦਾ ਹੈ। ਅਨੇਕਾਂ ਨਵੇਂ ਮਾਧਿਅਮ ਆ ਗਏ ਹਨ ਜਿਹੜੇ ‘ਮੀਡੀਆ ਲੈਂਡਸਕੇਪ’ ਦਾ ਮੂੰਹ-ਮੁਹਾਂਦਰਾ, ਸ਼ਕਲ ਸੂਰਤ ਬਦਲ ਰਹੇ ਹਨ। ਪਾਠਕ 24 ਘੰਟੇ ਅਖ਼ਬਾਰ ਦੀ ਉਡੀਕ ਨਹੀਂ ਕਰ ਸਕਦੇ। ਉਹ ਪਲ ਪਲ ਅੱਪਡੇਟ ਚਾਹੁੰਦੇ ਹਨ।
ਚੀਨ ਦੇ ਸ਼ਹਿਰ ਬੀਜਿੰਗ ਵਿੱਚ ਹੋਈ ‘ਮੀਡੀਆ ਸਮਿਟ’ ਵਿੱਚ ਰਿਉਪਰਟ ਮਰਡੋਕ ਨੇ ਇਸੇ ਲਈ ਕਿਹਾ ਸੀ, “ਬਦਲਾਅ ਦੀ ਮੌਜੂਦਾ ਲਹਿਰ ਦਾ ਲਾਭ ਉਠਾਉਂਦਿਆਂ ਸਾਨੂੰ ਆਨਲਾਈਨ ਸਮੱਗਰੀ ਨੂੰ ਪੇਡ ਕਰਨਾ ਚਾਹੀਦਾ ਹੈ”?
ਪੱਤਰਕਾਰੀ ਦੇ ਖੇਤਰ ਵਿੱਚ 43 ਸਾਲ ਦਾ ਤਜ਼ਰਬਾ ਰੱਖਣ ਵਾਲੇ ਪਾਲ ਸਟੈਗਰ ਦਾ ਇਸ ਸਿਲਸਿਲੇ ਵਿੱਚ ਮੰਨਣਾ ਹੈ ਕਿ ਆਨਲਾਈਨ ਮੁਫ਼ਤ ਵਿਸ਼ਾ-ਸਮੱਗਰੀ ਪਰੋਸਣ ਦਾ ਅਰਥ ਭਵਿੱਖ ਵਿੱਚ ਆਪਣੇ ਕਾਰੋਬਾਰ-ਮਾਡਲ ਨੂੰ ਢਹਿ ਢੇਰੀ ਕਰਨਾ ਹੈ।
ਦੂਸਰੇ ਪਾਸੇ ਵਿਕਸਤ ਮੁਲਕਾਂ ਦੇ ਅੰਕੜੇ ਦੱਸਦੇ ਹਨ ਕਿ ਬਹੁ-ਗਿਣਤੀ ਲੋਕ ਨਾ ਅਖ਼ਬਾਰ ‘ਤੇ ਪੈਸਾ ਖ਼ਰਚਦੇ ਹਨ, ਨਾ ਆਨਲਾਈਨ ਪੇਡ ਸਮੱਗਰੀ ਵਰਤਦੇ ਹਨ। ਉਹ ਦੁਨੀਆ ਭਰ ਦੀ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਇੰਟਰਨੈੱਟ ਅਤੇ ਸ਼ੋਸ਼ਲ ਮੀਡੀਆ ਰਾਹੀਂ ਮੁਫ਼ਤ ਹਾਸਲ ਕਰ ਰਹੇ ਹਨ। ਦੁਨੀਆ ਦੀ ਵਧੇਰੇ ਵਸੋਂ ਦੀ ਇਹ ਸੋਚ, ਇਹ ਨਜ਼ਰੀਆ, ਇਹ ਪਹੁੰਚ ਪ੍ਰਿੰਟ ਮੀਡੀਆ ਦੇ ਭਵਿੱਖ ਸਬੰਧੀ ਅਨੇਕਾਂ ਸਵਾਲ ਖੜੇ ਕਰਦੀ ਹੈ।
—— ——
Columns ਦੁਨੀਆ ਵਿੱਚ ਪ੍ਰਿੰਟ ਮੀਡੀਆ ਦਾ ਭਵਿੱਖ