ਜਲੰਧਰ, 31 ਜਨਵਰੀ – ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ਼ ਆਸਟਰੇਲੀਆ ਤੇ ਸਾਹਿਤ ਕਲਾ ਕੇਂਦਰ ਜਲੰਧਰ ਵੱਲੋਂ ਪੰਜਾਬੀ ਸ਼ਾਇਰੀ ਤੇ ਪੱਤਰਕਾਰੀ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਦੇਣ ਵਾਲੀ ਕਮਲ ਦੁਸਾਂਝ ਤੇ ਸੁਸ਼ੀਲ ਦੁਸਾਂਝ ਦੀ ਜੋੜੀ ਨੂੰ ‘ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ ਕਰਨ ਹਿਤ ਇੱਕ ਭਾਵਪੂਰਨ ਸਮਾਗਮ ਦਾ ਆਯੋਜਨ 30 ਜਨਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤਾ ਗਿਆ। ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਪ੍ਰੋ. ਡਾ. ਗੋਪਾਲ ਸਿੰਘ ਬੁੱਟਰ ਅਨੁਸਾਰ ਇਸ ਸਮਾਗਮ ਵਿੱਚ ਪੰਜਾਬੀ ਦੇ ਉੱਚ ਕੋਟੀ ਦੇ ਲੇਖਕਾਂ, ਕਲਾਕਾਰਾਂ, ਅਗਾਂਹਵਧੂ ਜਥੇਬੰਦੀਆਂ ਦੇ ਆਗੂਆਂ ਤੇ ਚਿੰਤਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਕਮਲ ਤੇ ਸੁਸ਼ੀਲ ਦੁਸਾਂਝ ਤੋਂ ਇਲਾਵਾ ਪੰਜਾਬੀ ਦੇ ਸਿਰਮੌਰ ਲੇਖਕ ਡਾ. ਵਰਿਆਮ ਸਿੰਘ ਸੰਧੂ ਬਤੌਰ ਮੁੱਖ ਮਹਿਮਾਨ ਉੱਘੀ ਰੰਗਮੰਚ ਤੇ ਫਿਲਮ ਕਲਾਕਾਰ ਪ੍ਰੋ. ਸਰਿਤਾ ਤਿਵਾੜੀ, ਸਾਊਥ ਏਸ਼ੀਅਨ ਰਿਵਿਊ ਦੇ ਭੁਪਿੰਦਰ ਸਿੰਘ ਮੱਲ੍ਹੀ ਕੈਨੇਡਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਬਤੌਰ ਵਿਸ਼ੇਸ਼ ਮਹਿਮਾਨ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਸਾਹਿਤ ਕਲਾ ਕੇਂਦਰ ਦੇ ਮੀਤ ਪ੍ਰਧਾਨ ਇੰਜ. ਮਨੋਹਰ ਖਹਿਰਾ ਨੇ ਸਮਾਗਮ ਵਿੱਚ ਹਾਜ਼ਰ ਹਸਤੀਆਂ ਲਈ ਸਵਾਗਤੀ ਸ਼ਬਦ ਕਹਿੰਦਿਆਂ ਉਨ੍ਹਾਂ ਦੀ ਆਮਦ ‘ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਸਮਾਗਮ ਦੇ ਆਰੰਭ ਵਿੱਚ ਨੌਜਵਾਨ ਕਲਾਕਾਰ ਧਰਮਿੰਦਰ ਮਸਾਣੀ ਤੇ ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਾ ਕਾਲਾ ਸੰਘਿਆਂ ਦੇ ਵਿਦਿਆਰਥੀ ਨੇ ਆਪਣੀ ਗਾਇਣ ਦੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਡਾ. ਰਾਮ ਮੂਰਤੀ ਨੇ ਸਨਮਾਨਿਤ ਜੋੜੀ ਦਾ ਤੁਆਰਫ਼ ਕਰਾਉਂਦਿਆਂ ਇਪਸਾ ਦੇ ਸਕੱਤਰ ਸਰਬਜੀਤ ਸੋਹੀ ਆਸਟਰੇਲੀਆ ਦਾ ਲਿਖਿਆ ਸਨਮਾਨ ਪੱਤਰ ਪੜ੍ਹਿਆ। ਇਸ ਉਪਰੰਤ ਪ੍ਰਧਾਨਗੀ ਮੰਡਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਨ, ਕਾ. ਗੁਰਦਰਸ਼ਨ ਬੀਕਾ ਤੇ ਸ੍ਰੀਮਤੀ ਕੁਲਵਿੰਦਰ ਬੁੱਟਰ ਨੇ ਕਮਲ ਤੇ ਸੁਸ਼ੀਲ ਦੁਸਾਂਝ ਦੀ ਜੋੜੀ ਨੂੰ ਦੁਸ਼ਾਲੇ, ਸਿਮ੍ਰਿਤੀ ਚਿੰਨ੍ਹਾਂ ਤੇ ਇੱਕੀ ਇੱਕੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਸ ਉਪਰੰਤ ਪ੍ਰਧਾਨਗੀ ਮੰਡਲ ਦੇ ਸਭ ਸਤਿਕਾਰਤ ਮਹਿਮਾਨਾਂ ਦਾ ਵੀ ਦੁਸ਼ਾਲਿਆਂ ਨਾਲ ਸਨਮਾਨ ਕੀਤਾ ਗਿਆ। ਇਸ ਅਵਸਰ ਤੇ ਕਮਲ ਦੁਸਾਂਝ ਤੇ ਸੁਸ਼ੀਲ ਦੁਸਾਂਝ ਨੇ ਆਪਣੇ ਜੀਵਨ ਸਫ਼ਰ ਤੇ ਸੰਘਰਸ਼ ਬਾਰੇ ਵਿਚਾਰ ਪ੍ਰਗਟਾਏ। ਮੁੱਖ ਮਹਿਮਾਨ ਸਮੇਤ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਸਤਿਕਾਰਤ ਮਹਿਮਾਨਾਂ ਨੇ ਵੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਗ਼ਦਰੀ ਭਾਈ ਸੰਤੋਖ ਸਿੰਘ ਦੀ ਅਜ਼ਮਤ ਬਾਰੇ ਦੱਸਦਿਆਂ ਇਸ ਸਨਮਾਨ ਦੇ ਮਹੱਤਵ ਬਾਰੇ ਵਿਚਾਰ ਪ੍ਰਗਟਾਏ ਅਤੇ ਸਨਮਾਨਿਤ ਜੋੜੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ ਨੇ ਵੀ ਜੋੜੀ ਨੂੰ ਵਧਾਈਆਂ ਤੇ ਅਸੀਸਾਂ ਦਿੱਤੀਆਂ ਇਸ ਮੌਕੇ ‘ਤੇ ਲਫ਼ਜ਼ਾਂ ਦੀ ਦੁਨੀਆ ਟੀ.ਵੀ. ਦੇ ਸੰਚਾਲਕ ਪ੍ਰੋ. ਜਸਬੀਰ ਸਿੰਘ ਸਿੱਧੂ, ਪ੍ਰੋ. ਦਲਬੀਰ ਸਿੰਘ ਰਿਆੜ, ਜਗਦੀਸ਼ ਰਾਣਾ, ਨਕਾਸ਼ ਚਿਤੇਵਾਣੀ, ਮੁਖਵਿੰਦਰ ਸਿੰਘ ਸੰਧੂ, ਸ਼ਬਦ ਸੰਘਾ, ਬੌਬ ਦੁਸਾਂਝ ਸਾਂਝਾ ਪੰਜਾਬ ਟੀ.ਵੀ. ਟੋਰਾਂਟੋ ਤੇ ਕੇਂਦਰ ਦੇ ਜਨਰਲ ਸਕੱਤਰ ਨਰਿੰਦਰ ਪਾਲ ਕੰਗ, ਮੱਖਣ ਕੋਹਾੜ ਆਪਣੀਆਂ ਕਾਵਿ-ਰਚਨਾਵਾਂ ਪ੍ਰਸਤੁਤ ਕੀਤੀਆਂ। ਇਸ ਸਮਾਗਮ ਵਿੱਚ ਪਲਸ ਮੰਚ ਪੰਜਾਬ ਦੇ ਪ੍ਰਧਾਨ ਅਮੋਲਕ ਸਿੰਘ ਤੋਂ ਇਲਾਵਾ ਰਣਜੀਤ ਸਿੰਘ ਔਲਖ, ਰਾਜਿੰਦਰਪਾਲ ਮੰਡ, ਪ੍ਰੋ. ਡਾ. ਤੇਜਿੰਦਰ ਵਿਰਲੀ, ਐਡਵੋਕੇਟ ਜੀ.ਪੀ.ਐੱਸ ਰਾਣਾ, ਐਡਵੋਕੇਟ ਵਿਪਨ ਮੋਦੀ ਤੇ ਟੀ.ਵੀ ਸੀਰੀਅਲਾਂ ਦੀ ਅਦਾਕਾਰ ਗੁਰਵਿੰਦਰ ਗੌਰੀ ਸਮੇਤ ਵੱਡੀ ਗਿਣਤੀ ਵਿੱਚ ਪੁੱਜੇ ਕਲਾਕਾਰਾਂ ਤੇ ਬੁੱਧੀਜੀਵੀਆਂ ਨੇ ਸਮਾਗਮ ਦੀ ਸ਼ਾਨ ਵਧਾਈ। ਸਮਾਗਮ ਦੇ ਅਖੀਰ ਵਿੱਚ ਕੇਂਦਰ ਦੇ ਸਰਪ੍ਰਸਤ ਇੰਜ. ਸੀਤਲ ਸਿੰਘ ਸੰਘਾ ਨੇ ਸਮਾਗਮ ਦੀ ਸ਼ਾਨ ਬਣਨ ਵਾਲੀਆਂ ਤਮਾਮ ਹਸਤੀਆਂ ਦਾ ਧੰਨਵਾਦ ਕੀਤਾ।
Home Page ਦੁਸਾਂਝ ਜੋੜੀ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਇਨਾਮ ਨਾਲ ਸਨਮਾਨਿਤ