ਨਿਊਜ਼ੀਲੈਂਡ ਵਿੱਚ ਇਸੇ ਮਹੀਨੇ ਦੀ 26 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਹਨ ਠੀਕ ਉਸੇ ਹੀ ਤਰ੍ਹਾਂ ਪੰਜਾਬ ਵਿੱਚ ਵੀ ਚੋਣਾਂ ਲਈ ਸਿਆਸੀ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ ਕਿਉਂਕਿ ਚੜ੍ਹਦੇ ਵਰ੍ਹੇ ੨੦੧੨ ਦੇ ਫਰਵਰੀ ਮਹੀਨੇ ‘ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸ ਦੀਆਂ ਤਰੀਕਾਂ ਦਾ ਹਾਲੇ ਐਲਾਨ ਹੋਣਾ ਬਾਕੀ ਹੈ। ਪੰਜਾਬ ਵਿੱਚ ਠੰਢ ਨੇ ਦਸਤਕ ਦੇਣ ਦੇ ਨਾਲ ਹੀ ਸਿਆਸੀ ਮਾਹੌਲ ਗਰਮਾਉਣਾ ਸ਼ੁਰੂ ਹੋ ਗਿਆ ਹੈ। ਨਿਊਜ਼ੀਲੈਂਡ ਦੀਆ ਚੋਣਾਂ ਦੀ ਗੱਲ ਕਰੀਏ ਤਾਂ ਦੇਸ਼ ਦਾ ਹਰ ਵਿਅਕਤੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਯੋਗ ਸਰਕਾਰ ਨੂੰ ਪਾਰਲੀਮੈਂਟ ਵਿੱਚ ਪਹੁੰਚਾਏਗਾ। ਪਰ ਪੰਜਾਬੀਆਂ ਨੂੰ ਸਿਟੀ ਕੌਂਸਿਲ ਦੀਆਂ ਚੋਣਾਂ ਵੇਲੇ ਹੋਈਆਂ ਬੇਨੇਮਿਆਂ ਤੋਂ ਸਬਕ ਲੈਂਦੇ ਹੋਏ ਵੋਟਾਂ ਦੀ ਸਹੀ ਵਰਤੋਂ ਕਰਨ ਦੀ ਲੋੜ ਹੈ ਤਾਂ ਜੋ ਮੁੜ ਪੰਜਾਬੀ ਭਾਈਚਾਰੇ ਨੂੰ ਸ਼ਰਮਿੰਦਗੀ ਨਾ ਸਹਿਣੀ ਪਵੇ। ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਸੂਬੇ ਦੇ ਵੱਡੀ ਗਿਣਤੀ ਵਿਚਲੇ ਲੋਕ ੧ ਤੋਂ ੨੦ ਨਵੰਬਰ ਤੱਕ ਚੱਲਣ ਵਾਲੇ ਦੂਜੇ ਵਿਸ਼ਵ ਕਬੱਡੀ ਕੱਪ ਦੇ ਰੰਗ ਵਿੱਚ ਰੰਗੇ ਹੋਏ ਜਾਪਦੇ ਹਨ। ਇਸ ਕਬੱਡੀ ਕੱਪ ਵਿੱਚ ਪੁਰਸ਼ਾਂ ਦੇ ਵਰਗ ਵਿੱਚ ੧੪ ਅਤੇ ਮਹਿਲਾਂ ਵਰਗ ‘ਚ ੪ ਦੇਸ਼ਾਂ ਦੀਆਂ ਟੀਮਾਂ ਕੁੱਲ ੪.੧੧ ਕਰੋੜ ਰੁਪਏ ਦੀ ਰਿਕਾਰਡ ਇਨਾਮੀ ਰਾਸ਼ੀ ਲਈ ਭੇੜ ਕਰ ਰਹੀਆਂ ਹਨ। ਮਾਂ-ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਪੀੜੀ ਨੂੰ ਪਤਿਤਪੁਣੇ ਤੋਂ ਦੂਰ ਰੱਖਣ ਦੇ ਨਾਂਅ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਾਂਝੇ ਗੱਠਜੋੜ ਦੀ ਸਰਕਾਰ ਸੂਬੇ ਦਾ ਕਰੋੜਾਂ ਰੁਪੱਈਆ ਕਬੱਡੀ ਕੱਪ ‘ਤੇ ਖ਼ਰਚ ਕਰ ਰਹੀ ਹੈ। ਸਿਆਸੀ ਹਲਕਿਆਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਸਭ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸਭ ਜਾਣਦੇ ਹਨ ਕਿ ਮਾਂ-ਖੇਡ ਕਬੱਡੀ ਲਈ ਪੰਜਾਬ ਦੇ ਵਸਨੀਕ ਅਤੇ ਪੰਜਾਬੋਂ ਬਾਹਰ ਰਹਿੰਦੇ ਪਰਵਾਸੀ ਜਾਨ ਵਾਰਣ ਤੱਕ ਤਿਆਰ ਰਹਿੰਦੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਸਪੁੱਤਰ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕਬੱਡੀ ਨੂੰ ਲੈ ਕੇ ਖ਼ਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਤੇ ਕਬੱਡੀ ਖੇਡ ਨੂੰ ਹੋਰ ਅੱਗੇ ਲਿਜਾਉਣਾ ਚਾਹੁੰਦੇ ਹਨ। ਇਸੇ ਲਈ ਤਾਂ ਉਨ੍ਹਾਂ ਦੂਜੇ ਵਿਸ਼ਵ ਕਬੱਡੀ ਕੱਪ ਦੇ ਉਦਘਾਟਨ ਮੌਕੇ ਬਾਲੀਵੁੱਡ ਹੀਰੋ ਸ਼ਾਹਰੁਖ ਖਾਨ ਨੂੰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨ ਲਈ ਸੱਦਿਆ, ਇਸ ਵਿੱਚ ਅਧਨੰਗੀਆਂ ਕੁੜੀਆਂ ਦੇ ਨਾਚ ਕਰਵਾਏ ਜੋ ਲੱਚਰਤਾ ਅਤੇ ਪਤਿਤਪੁਣੇ ਦੀ ਮਿਸਾਲ ਬਣ ਕੇ ਰਹਿ ਗਿਆ। ਇਸ ਉਦਘਾਟਨੀ ਸਮਾਰੋਹ ਦੀ ਸਾਰੇ ਪਾਸਿਓਂ ਨਿੰਦਿਆ ਹੋ ਰਹੀ ਹੈ ਕਿਉਂਕਿ ਸਿੱਖ ਧਰਮ, ਭਾਈਚਾਰੇ ਅਤੇ ਸਮਾਜ ਨਾਲ ਇਸ ਖੇਡ ਦਾ ਗੂੜਾ ਸੰਬੰਧ ਹੈ। ਇਕ ਪਾਸੇ ਅਸੀਂ ਨੌਜਵਾਨ ਪੀੜੀ ਨੂੰ ਪਤਿਤਪੁਣੇ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦੇਣ ਦਾ ਹੌਕਾ ਲਾ ਰਹੇ ਹਾਂ ਅਤੇ ਦੂਜੇ ਪਾਸੇ ਅਸੀਂ ਆਪ ਹੀ ਅਜਿਹੀ ਪੇਸ਼ਕਾਰੀ ਕਰ ਰਹੇ ਹਾਂ ਜਿਸ ਨਾਲ ਨੰਗੇਜ ਅਤੇ ਪਤਿਤਪੁਣੇ ਨੂੰ ਹੱਲਾਸ਼ੇਰੀ ਮਿਲਦੀ ਹੈ। ਉਹ ਵੀ ਉਸ ਸਰਕਾਰ ਦੇ ਹੁੰਦਿਆਂ ਜੋ ਅਕਾਲੀ ਵਿਰਸੇ ਦੇ ਸਰੋਕਾਰਾਂ ਅਤੇ ਸਿੱਖ ਸਮਾਜ ਦੀ ਠੇਕੇਦਾਰ ਕਹਾਉਂਦੀ ਹੈ। ਸਭ ਤੋਂ ਵੱਡੀ ਸਿੱਖ ਭਾਈਚਾਰੇ ਲਈ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਉਦਘਾਟਨ ਦਾ ਉਹ ਦਿਨ ਚੁਣਿਆ ਜਿਸ ਦਿਨ ੧ ਤੋਂ ੪ ਨਵੰਬਰ ੧੯੮੪ ਨੂੰ ਵੇਲੇ ਦੀ ਹਕੂਮਤ ਨੇ ਦਿੱਲੀ ਸਮੇਤ ਦੇਸ਼ ਦੇ ਹੋਰਨਾਂ ਕੋਨਿਆਂ ‘ਚ ਸਿੱਖਾਂ ਦਾ ਸ਼ਰ੍ਹੇਆਮ ਕਤਲੇਆਮ ਤੇ ਸਾੜਫੂਕ ਕੀਤੀ, ਜਿਸ ਦੇ ਇਨਸਾਫ ਲਈ ੨੭ ਸਾਲ ਬੀਤ ਜਾਣ ਦੇ ਬਾਵਜੂਦ ਸਿੱਖ ਭਾਈਚਾਰਾ ਅਦਾਲਤਾਂ ਵਿੱਚ ਟੱਕਰਾਂ ਮਾਰਦਾ ਫਿਰ ਰਿਹਾ ਹੈ ਪਰ ਕਿਸੇ ਪ੍ਰਮੁੱਖ ਆਗੂ ਨੂੰ ਸਜਾ ਨਹੀਂ ਹੋਈ। ਜਿੱਥੇ ਨਸਲਕੁਸ਼ੀ ਦਾ ਸ਼ਿਕਾਰ ਹੋਏ ਸਿੱਖ ਪਰਿਵਾਰ ਇਨਸਾਫ ਲਈ ਮੁਜ਼ਾਹਰੇ ਕਰ ਰਹੇ ਹਨ ਸਨ ਤਾਂ ਪੰਜਾਬ ਸਰਕਾਰ ਦੂਜੇ ਕਬੱਡੀ ਵਿਸ਼ਵ ਕੱਪ ਦੇ ਜਸ਼ਨਾਂ ਵਿੱਚ ਡੁੱਬੀ ਹੋਈ ਸੀ। ਜੇ ਕੌਮ ਦੀ ਅਗਵਾਈ ਕਰਨ ਵਾਲੀ ਮੁੱਖ ਸਿਆਸੀ ਪਾਰਟੀ ਦਾ ਰਵੱਈਆ ਹੀ ਅਜਿਹਾ ਹੈ ਤਾਂ ਸਿੱਖ ਭਾਈਚਾਰੇ ਨੂੰ ਇਨਸਾਫ ਕਿਧਰੋਂ ਮਿਲ ਸਕਦਾ ਹੈ। ਹਰ ਕੋਈ ਇਸ ਮੁੱਦੇ ਦੀ ਅੱਗ ਨੂੰ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਰਾਹ ਤੁਰਿਆ ਹੋਇਆ ਹੈ। ਕੀ ਅਜਿਹਾ ਨਹੀਂ ਹੋ ਸਕਦਾ ਸੀ ਕਿ ਪੰਜਾਬ ਸਰਕਾਰ ਇਸ ਦੂਜੇ ਵਿਸ਼ਵ ਕਬੱਡੀ ਕੱਪ ਨੂੰ ਥੋੜਾ ਅੱਗੇ ਜਾ ਪਿੱਛੇ ਕਰਕੇ ਕਰਵਾ ਸਕਦੀ। ਉਸ ਨੇ ੧ ਨਵੰਬਰ ਦਾ ਦਿਨ ਹੀ ਕਿਉਂ ਚੁਣਿਆ ਜਿਸ ਦਿਨ ਸਿੱਖ ਭਾਈਚਾਰੇ ਨਾਲ ੧੯੮੪ ਦਾ ਦਰਦਨਾਕ ਦੁਖਾਂਤ ਵਾਪਰਿਆ ਸੀ।
ਇਸ ਗੱਲ ਦਾ ਜਵਾਬ ਤਾਂ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੀ ਦੇ ਸਕਦੇ ਹਨ ਕਿ ਉਨ੍ਹਾਂ ਅਜਿਹਾ ਕਿਉਂ ਕੀਤਾ? ਇਹ ਮੁੱਦਾ ਪੰਜਾਬ, ਸਿੱਖ ਭਾਈਚਾਰੇ ਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ ਇਸ ਦਾ ਨੋਟਿਸ ਅਕਾਲ ਤਖ਼ਤ ਸਾਹਿਬ ਨੂੰ ਵੀ ਲੈਣਾ ਚਾਹੀਦਾ ਹੈ ਜਿਸ ਦਿਨ ਸਿੱਖ ਭਾਈਚਾਰਾ ੧੯੮੪ ਦੇ ਕਤਲੇਆਮ ਦਾ ਸੋਗ ਮਨਾ ਰਿਹਾ ਹੈ ਤੇ ਪੰਜਾਬ ਸਰਕਾਰ ਵਿਸ਼ਵ ਕਬੱਡੀ ਕੱਪ ਦੇ ਰਾਹੀ ਖੁਸ਼ੀਆਂ ਮਨਾਉਣ ਦੇ ਨਾਲ ਵਿਧਾਨ ਸਭਾ ਚੋਣਾਂ ਦਾ ਪੁਲ ਬੰਨ੍ਹ ਰਹੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੂਜੇ ਵਿਸ਼ਵ ਕਬੱਡੀ ਕੱਪ ਦੇ ਰਾਹੀ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਇਸ ਕਬੱਡੀ ਕੱਪ ਉਪਰ ਕਰੋੜਾਂ ਰੁਪਏ ਖ਼ਰਚਣ ਦਾ ਕੀ ਮਕਸਦ ਹੈ ਇਹ ਕੁੱਝ ਸਮਝ ਤੋਂ ਪਰ੍ਹਾਂ ਵਾਲੀ ਗੱਲ ਹੈ ਕਿਉਂਕਿ ਜਿਸ ਖੇਡ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਨਹੀਂ ਮਿਲੀ ਉਸ ਨੂੰ ਵਿਸ਼ਵ ਕਬੱਡੀ ਕੱਪ ਦੀ ਥਾਂ ਕਿਉਂ ਨਾ ‘ਪੰਜਾਬੀਆਂ’ ਦਾ ਵਿਸ਼ਵ ਕਬੱਡੀ ਕੱਪ ਕਿਹਾ ਜਾਵੇ। ਇਸ ਵਿੱਚ ਇੱਕ ਦੁਖ ਦੀ ਗੱਲ ਇਹ ਵੀ ਹੈ ਕਿ ਪੰਜਾਬ ਦੀ ਧਰਤੀ ਅਤੇ ਸਿੱਖ ਧਰਮ ਨਾਲ ਜੁੜੀ ਇਸ ਮਾਂ ਖੇਡ ਵਿੱਚ ਸਿੱਖੀ ਸਰੂਪ ਵਾਲੇ ਖਿਡਾਰੀਆਂ ਨੂੰ ਟੋਲ ਕੇ ਲੱਭਣਾ ਪੈਂਦਾ ਹੈ ਜੋ ਸਾਡੇ ਲਈ ਨਮੋਸ਼ੀ ਵਾਲੀ ਗੱਲ ਹੈ। ਪੰਜਾਬ ਵਿੱਚ ਇਸ ਵੇਲੇ ਸਿਆਸੀ ਯਾਤਰਾਵਾਂ ਦਾ ਦੌਰ ਸ਼ੁਰੂ ਹੈ ਇਸ ਵਿਸ਼ਵ ਕੱਪ ਨੂੰ ਵੀ ਇਸੇ ਸੰਬੰਧ ‘ਚ ਰੱਖ ਕੇ ਵੇਖਣਾ ਕੋਈ ਗਲਤ ਗੱਲ ਨਹੀਂ ਹੋਵੇਗੀ। ਇਹੀ ਫਰਕ ਹੈ ਕਿ ਨਿਊਜ਼ੀਲੈਂਡ ਦੀਆਂ ਚੋਣਾਂ ਵਿੱਚ ਇਮਾਨਦਾਰੀ ਅਤੇ ਲਿਆਕਤ ਦੀ ਕਦਰ ਪੈਣੀ ਹੈ ਜਦੋਂ ਕਿ ਭਾਰਤ ਦੀਆਂ ਚੋਣਾਂ ਵਿੱਚ ਤਾਕਤ ਅਤੇ ਪੈਸੇ ਦਾ ਜ਼ੋਰ ਚੱਲਦਾ ਹੈ ਜਿਸ ਦੀ ਮਿਸਾਲ ਦੂਜਾ ਵਿਸ਼ਵ ਕਬੱਡੀ ਕੱਪ ਵੀ ਕਿਹਾ ਜਾ ਸਕਦਾ ਹੈ। ਕਾਂਗਰਸ ਕੇਂਦਰ ‘ਚ ਬੈਠ ਕੇ ਭ੍ਰਿਸ਼ਟਾਚਾਰ ਰਾਹੀ ਅਤੇ ਪੰਜਾਬ ਸਰਕਾਰ ਕਬੱਡੀ ਕੱਪ ਰਾਹੀ ਪੈਸਾ ਲੁਟਾ ਰਹੀ ਹੈ। ਸਾਨੂੰ ਸਾਰਿਆਂ ਨੂੰ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ ਤਾਂ ਜੋ ਅਜਿਹੇ ਖੇਡ ਆਯੋਜਨ ਹੋਣ ਪਰ ਸਿਆਸਤ ਤੋਂ ਲਾਂਭੇ ਰਹਿ ਕੇ ਤਾਂ ਜੋ ਇਹ ਮਾਂ ਖੇਡ ਕਬੱਡੀ ਸਾਰਿਆਂ ਦੀ ਸਾਂਝੀ ਜਾਪੇ ਨਾਂ ਕਿ ਕਿਸੇ ਇੱਕ ਸਿਆਸੀ ਪਾਰਟੀ ਦੀ ਲੱਗੇ। ਇਹੀ ਕਰੋੜਾਂ ਰੁਪਿਆ ਜੇ ਸੂਬੇ ਦੇ ਗਰੀਬਾਂ, ਕਮਜ਼ੋਰ ਵਰਗ ਅਤੇ ਸੂਬੇ ਦੀ ਬਿਹਤਰੀ ਵਾਸਤੇ ਵਰਤਿਆ ਜਾਵੇ ਤਾਂ ਕਿੰਨੀ ਚੰਗੀ ਗੱਲ ਹੋਵੇਗੀ। ਸਿਆਸਤਦਾਨਾਂ ਨੂੰ ਇਸ ਪਾਸੇ ਵੀ ਸੋਚਣ ਦੀ ਲੋੜ ਹੈ।
-ਅਮਰਜੀਤ ਸਿੰਘ, ਰੈਜ਼ੀਡੈਂਟ ਐਡੀਟਰ (ਇੰਡੀਆ)
Editor Corner ਦੂਜਾ ਕਬੱਡੀ ਵਿਸ਼ਵ ਕੱਪ ਬਨਾਮ ਸਿਆਸਤ