ਨਵੀਂ ਦਿੱਲੀ, 12 ਜੂਨ – ਪਿਛਲੇ ਦਿਨੀਂ ਪੈਗੰਬਰ ਮੁਹੰਮਦ ਬਾਰੇ ਭਾਜਪਾ ਆਗੂਆਂ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਵੱਲੋਂ ਕੀਤੀਆਂ ਗਈਆਂ ਵਿਵਾਦਿਤ ਟਿੱਪਣੀਆਂ ਮਗਰੋਂ 10 ਜੂਨ ਦਿਨ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਦਰਮਿਆਨ ਦੇਸ਼ ਦੀਆਂ ਵੱਖ ਵੱਖ ਥਾਵਾਂ ‘ਤੇ ਤਣਾਅ ਭਰੀ ਸ਼ਾਂਤੀ ਬਣੀ ਰਹੀ। ਪੱਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ‘ਚ ਸਵੇਰੇ ਸਥਿਤੀ ਸ਼ਾਂਤੀਪੂਰਨ ਰਹੀ। ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ‘ਚ ਧਾਰਾ 144 ਲਾਗੂ ਹੈ ਤੇ ਇੰਟਰਨੈੱਟ ਸੇਵਾ ਬੰਦ ਹੈ ਜਦੋਂ ਕਿ ਹੁਣ ਤੱਕ ਸੌ ਦੇ ਕਰੀਬ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਝਾਰਖੰਡ ਦੇ ਰਾਂਚੀ ਵਿੱਚ ਹਾਲਾਤ ਤਣਾਅ ਵਾਲੇ ਬਣੇ ਰਹੇ। ਰਾਂਚੀ ਵਿੱਚ ਪੁਲੀਸ ਨੇ ਹੁਣ ਤੱਕ ਹਜ਼ਾਰਾਂ ਵਿਅਕਤੀਆਂ ਖ਼ਿਲਾਫ਼ 25 ਦੇ ਕਰੀਬ ਕੇਸ ਦਰਜ ਕੀਤੇ ਹਨ। ਜ਼ਿਲ੍ਹੇ ‘ਚ 33 ਘੰਟਿਆਂ ਮਗਰੋਂ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ 12 ਥਾਣਿਆਂ ਅਧੀਨ ਆਉਂਦੇ ਇਲਾਕਿਆਂ ‘ਚੋਂ ਧਾਰਾ 144 ਹਟਾ ਦਿੱਤੀ ਗਈ ਹੈ। ਉੱਧਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਅੱਜ ਪ੍ਰਸ਼ਾਸਨ ਨੇ ਹਿੰਸਾ ਦੇ ਮੁੱਖ ਮੁਲਜ਼ਮ ਜਾਵੇਦ ਅਹਿਮਦ ਉਰਫ਼ ਪੰਪ ਦਾ ਘਰ ਢਾਹ ਦਿੱਤਾ ਹੈ ਤੇ ਪੂਰੇ ਯੂਪੀ ‘ਚ ਹਿੰਸਾ ਦੇ ਮਾਮਲੇ ‘ਚ 300 ਤੋਂ ਵੱਧ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਭੜਕਾਊ ਤਕਰੀਰ ਕਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਜੰਮੂ ਦੀ ਚਨਾਬ ਘਾਟੀ ‘ਚ ਲਗਾਤਾਰ ਚੌਥੇ ਦਿਨ ਕਰਫ਼ਿਊ ਤੇ ਪਾਬੰਦੀਆਂ ਜਾਰੀ ਰਹੀਆਂ।
ਪ੍ਰਯਾਗਰਾਜ ਹਿੰਸਾ: ਮੁੱਖ ਮੁਲਜ਼ਮ ਦੇ ਘਰ ‘ਤੇ ਚੱਲਿਆ ਬੁਲਡੋਜ਼ਰ
ਪ੍ਰਯਾਗਰਾਜ/ਲਖਨਊ – ਪ੍ਰਯਾਗਰਾਜ ਵਿਕਾਸ ਅਥਾਰਿਟੀ (ਪੀਡੀਏ) ਨੇ ਲੰਘੇ ਸ਼ੁੱਕਰਵਾਰ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਜਾਵੇਦ ਅਹਿਮਦ ਉਰਫ਼ ਪੰਪ ਦਾ ਘਰ ਅੱਜ ਢਾਹ ਦਿੱਤਾ ਹੈ। ਪੀਡੀਏ ਦੀ ਕਾਰਵਾਈ ਮੌਕੇ ਵੱਡੀ ਗਿਣਤੀ ‘ਚ ਪੁਲੀਸ ਫੋਰਸ ਹਾਜ਼ਰ ਰਹੀ। ਇਸ ਤੋਂ ਇੱਕ ਦਿਨ ਪਹਿਲਾਂ ਵੀ ਪੀਡੀਏ ਨੇ ਸਹਾਰਨਪੁਰ ‘ਚ ਦੰਗਿਆਂ ਦੇ ਦੋ ਮੁਲਜ਼ਮਾਂ ਦੇ ਘਰ ਢਾਹੇ ਸਨ। ਸਹਾਰਨਪੁਰ ਸ਼ਹਿਰ ਦੇ ਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਦੋ ਮੁਲਜ਼ਮਾਂ ਮੁਜ਼ਾਮਿਲ ਤੇ ਅਬਦੁਲ ਵਕੀਰ ਦੀ ਪਛਾਣ ਹੋਈ ਸੀ ਤੇ ਨਗਰ ਨਿਗਮ ਦੀ ਟੀਮ ਨੇ ਉਨ੍ਹਾਂ ਦੀਆਂ ਨਾਜਾਇਜ਼ ਜਾਇਦਾਦਾਂ ‘ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਪ੍ਰਯਾਗਰਾਜ ‘ਚ ਪੀਡੀਏ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਵੇਦ ਅਹਿਮਦ ਦਾ ਘਰ ‘ਜੇਕੇ ਆਸ਼ੀਆਨਾ’ ਪ੍ਰਯਾਗਰਾਜ ਦੇ ਕਾਰੇਲੀ ਇਲਾਕੇ ‘ਚ ਸਥਿਤ ਹੈ। ਪੁਲੀਸ ਦੀ ਟੀਮ ਤੇ ਇੱਕ ਜੇਸੀਬੀ ਮਸ਼ੀਨ ਸਵੇਰੇ 10.30 ਵਜੇ ਦੇ ਕਰੀਬ ਮੌਕੇ ‘ਤੇ ਪਹੁੰਚੀ ਤੇ ਉਨ੍ਹਾਂ ਦੁਪਹਿਰ ਇੱਕ ਵਜੇ ਦੇ ਕਰੀਬ ਉਸਾਰੀ ਢਾਹ ਦਿੱਤੀ। ਪ੍ਰਯਾਗਰਾਜ ਦੇ ਐੱਸਐੱਸਪੀ ਅਜੈ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ ਜਾਵੇਦ ਅਹਿਮਦ ਨੂੰ ਪਥਰਾਅ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਉੱਤਰ ਪ੍ਰਦੇਸ਼ ਨੇ ਸ਼ੁੱਕਰਵਾਰ ਨੂੰ ਹੋਈ ਹਿੰਸਾ ਦੇ ਸਿਲਸਿਲੇ ‘ਚ ਹੁਣ ਤੱਕ 13 ਕੇਸ ਦਰਜ ਕਰਕੇ 300 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਡੀਜੀਪੀ (ਅਮਨ ਕਾਨੂੰਨ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ 9 ਜ਼ਿਲ੍ਹਿਆਂ ‘ਚ 13 ਕੇਸ ਦਰਜ ਕੀਤੇ ਗਏ ਹਨ।
Home Page ਦੇਸ਼ ਦੇ ਹਿੰਸਾਗ੍ਰਸਤ ਇਲਾਕਿਆਂ ‘ਚ ਤਣਾਅ ਭਰੀ ਸ਼ਾਂਤੀ, ਪ੍ਰਯਾਗਰਾਜ ‘ਚ ਮੁੱਖ ਮੁਲਜ਼ਮ...