ਦੋ ਪੰਜਾਬੀ ਸਕਿਆਂ ਭੈਣਾਂ ਸਵੇਰਾ ਸਿੱਧੂ (15) ਅਤੇ ਸਾਂਝ ਸਿੱਧੂ (9) ਕਰਾਟੇ ‘ਚ ਕਰ ਰਹੀਆਂ ਨੇ ਨਿਊਜ਼ੀਲੈਂਡ ਦਾ ਨਾਂ ਰੌਸ਼ਨ

ਮਾਂ-ਪਿਆ ਤੇ ਦੇਸ਼ ਦੇ ਨਾਲ-ਨਾਲ ਭਾਰਤੀ ਖ਼ਾਸ ਕਰਕੇ ਪੰਜਾਬੀ ਭਾਈਚਾਰੇ ਨੂੰ ਹੈ ਮਾਣ
ਆਕਲੈਂਡ, 30 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਆ ਕੇ ਜਿੱਥੇ ਪਰਵਾਸੀ ਭਾਰਤੀਆਂ ਨੇ ਨਾਮਣੇ ਖੱਟੇ ਹਨ ਉੱਥੇ ਹੀ ਹੁਣ ਦੇਸ਼ ‘ਚ ਨਵੀਂ ਪੀੜ੍ਹੀ ਖੇਡਾਂ ਅਤੇ ਹੋਰ ਖੇਤਰਾਂ ‘ਚ ਨਾਂ ਕਮਾ ਰਹੀ ਹੈ। ਉਸੇ ਪੀੜ੍ਹੀ ਵਿੱਚੋਂ ਛੋਟੀ ਉਮਰੇ ਹੁਣ ਦੋ ਸਕਿਆਂ ਭੈਣਾਂ ਸਵੇਰਾ ਸਿੱਧੂ (15) ਅਤੇ ਸਾਂਝ ਸਿੱਧੂ (9) ਕਰਾਟੇ ਖੇਡ ‘ਚ ਨਿਊਜ਼ੀਲੈਂਡ ਅਤੇ ਭਾਈਚਾਰੇ ਦਾ ਨਾਂ ਰੌਸ਼ਨ ਕਰ ਰਹੀਆਂ ਹਨ। ਇਹ ਦੋਵੇਂ ਭੈਣਾਂ ਖੇਡ ਦੇ ਨਾਲ-ਨਾਲ ਹੋਰ ਯੋਗਤਾ ਵਿੱਚ ਵੀ ਮਾਹਿਰ ਹਨ।
ਕਰਾਟੇ ਖਿਡਾਰਨ 15 ਸਾਲਾ ਸਵੇਰਾ ਸਿੱਧੂ
ਸਵੇਰਾ ਸਿੱਧੂ ਜੋ ਕਰਾਟੇ ਵਿੱਚ ਬਲੈਕ ਬੈਲਟ ਹੈ। ਉਸ ਨੇ 8 ਸਾਲ ਦੀ ਉਮਰ ਵਿੱਚ ਕਰਾਟੇ ਖੇਡ ਨੂੰ ਸ਼ੁਰੂ ਕੀਤਾ। ਉਸ ਨੇ 9 ਸਾਲ ਦੀ ਉਮਰ ‘ਚ ਮੁਕਾਬਲਿਆਂ ‘ਚ ਭਾਗ ਲੈਣਾ ਸ਼ੁਰੂ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਵੇਰਾ ਸਿੱਧੂ ਕਈ ਤਗਮੇ ਜਿੱਤ ਚੁੱਕੀ ਹੈ। ਉਹ 14-15 ਸਾਲ ਦੀ ਮਹਿਲਾ ਉਮਰ ਵਰਗ ‘ਚ ਇੱਕ ਪ੍ਰਮੁੱਖ ਐਥਲੀਟ ਹੈ।
ਸਵੇਰਾ ਸਿੱਧੂ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਦੇ ਹੋਏ ਫਰਵਰੀ 2024 ਵਿੱਚ ਯੂਥ ਲੀਗ ਕਰਾਟੇ ਮੁਕਾਬਲੇ ‘ਚ ਭਾਗ ਲੈਣ ਲਈ ਯੂਏਈ (UAE) ਗਈ ਸੀ। ਇਸ ਸਾਲ, ਸਵੇਰਾ ਸਿੱਧੂ ਨੇ ਆਕਲੈਂਡ ਚੈਂਪੀਅਨਸ਼ਿਪ, ਆਕਲੈਂਡ ਓਪਨ, ਐਨਜ਼ੈੱਡ ਨੈਸ਼ਨਲ ਅਤੇ ਐਨਜ਼ੈੱਡ ਓਪਨ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ। ਸਵੇਰਾ ਸਿੱਧੂ ਏਸੀਜੀ (ACG) ਸੁੰਦਰਲੈਂਡ ਸਕੂਲ ਵਿਖੇ 11ਵੇਂ ਸਾਲ ਦੀ ਵਿਦਿਆਰਥਣ ਹੈ। ਉਹ ਡੀਵੇਟਿੰਗ ਕਲੱਬ ਅਤੇ ਪ੍ਰੋਗਰਾਮਿੰਗ ਕਲੱਬ ਦੀ ਲੀਡਰ ਹੈ। ਉਹ ਡਿਊਕ ਆਫ਼ ਐਡਿਨਬਰਗ ਲਈ ਗੋਲਡ ਐਵਾਰਡ ਲਈ ਵੀ ਕੰਮ ਕਰ ਰਹੀ ਹੈ।
ਕਰਾਟੇ ਖਿਡਾਰਨ 9 ਸਾਲਾ ਸਾਂਝ ਸਿੱਧੂ
ਸਾਂਝ ਸਿੱਧੂ ਇੱਕ ਬ੍ਰਾਊਨ-ਵਾਈਟ ਬੈਲਟ ਹੈ। ਉਸ ਨੇ ਕਰਾਟੇ ਖੇਡ ਨੂੰ ਉਦੋਂ ਸ਼ੁਰੂ ਕੀਤਾ ਜਦੋਂ ਉਹ 4.5 ਸਾਲ ਦੀ ਸੀ। ਸਾਂਝ ਸਿੱਧ ਨੇ 6 ਸਾਲ ਦੀ ਉਮਰ ‘ਚ ਮੁਕਾਬਲਿਆਂ ‘ਚ ਭਾਗ ਲੈਣਾ ਸ਼ੁਰੂ ਕੀਤਾ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਾਂਝ ਸਿੱਧ ਕਈ ਤਗਮੇ ਜਿੱਤ ਚੁੱਕੀ ਹੈ। ਇਸ ਸਾਲ ਸਾਂਝ ਸਿੱਧ ਨੇ ਆਕਲੈਂਡ ਚੈਂਪੀਅਨਸ਼ਿਪ, ਆਕਲੈਂਡ ਓਪਨ ਅਤੇ ਐਨਜ਼ੈੱਡ ਓਪਨ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ।
ਸਾਂਝ ਸਿੱਧ ਵਰਤਮਾਨ ਵਿੱਚ ਬਲਾਕਹਾਊਸ ਬੇ ਪ੍ਰਾਇਮਰੀ ਸਕੂਲ ਵਿੱਚ ਈਅਰ 4 ਦੀ ਵਿਦਿਆਰਥਣ ਹੈ। ਸਾਂਝ ਸਿੱਧੂ ਸਕੂਲ ਦੀ ਜਿਮਨਾਸਟਿਕ ਟੀਮ ਵਿੱਚ ਵੀ ਸ਼ਾਮਿਲ ਹੈ। ਉਹ ਅਕਤੂਬਰ ਵਿੱਚ ਹੋਣ ਵਾਲੇ ਆਪਣੀ ਗ੍ਰੇਡ 2 ਬੈਲਟ ਪ੍ਰੀਖਿਆ ਲਈ ਵੀ ਤਿਆਰੀ ਕਰ ਰਹੀ ਹੈ। ਉਹ ਵਿਕਟਰੀ ਕਨਵੈੱਨਸ਼ਨ ਸੈਂਟਰ ‘ਚ ਅਕਤੂਬਰ ਵਿੱਚ ਹੋ ਰਹੇ ਬਲੌਸਮਜ਼ ਕਿਡਜ਼ ਫ਼ੈਸ਼ਨ ਸ਼ੋਅ ‘ਚ ਇੱਕ ਚਾਈਲਡ ਮਾਡਲ ਹੈ।
ਜ਼ਿਕਰਯੋਗ ਹੈ ਕਿ ਇਹ ਦੋਵੇਂ ਭੈਣਾਂ ਸਵਰਾ ਸਿੱਧੂ ਅਤੇ ਸਾਂਝ ਸਿੱਧੂ ‘ਏਸ਼ੀਆ ਪੈਸੀਫਿਕ ਸ਼ਿਟੋਰੀਉ ਕਰਾਟੇਡੋ ਚੈਂਪੀਅਨਸ਼ਿਪ’ ਵਿੱਚ ਹਿੱਸਾ ਲੈਣ ਲਈ ਨਵੰਬਰ ‘ਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਦੇ ਹੋਏ ਸਿੰਗਾਪੁਰ ਜਾ ਰਹੀਆਂ ਹਨ।
‘ਕੂਕ ਪੰਜਾਬੀ ਸਮਾਚਾਰ’ ਆਪਣੇ ਅਦਾਰੇ ਵੱਲੋਂ ਸਵੇਰਾ ਸਿੱਧੂ ਅਤੇ ਸਾਂਝ ਸਿੱਧੂ ਨੂੰ ਜਿੱਥੇ ਭਵਿੱਖ ਲਈ ਕਾਮਯਾਬੀ ਦੀ ਕਾਮਨਾ ਕਰਦਾ ਹੈ ਉੱਥੇ ਹੀ ਨਾਲ ਦੋਵਾਂ ਦੇ ਮਾਤਾ-ਪਿਤਾ ਨੂੰ ਵਧਾਈ ਵੀ ਦਿੰਦਾ ਹੈ ਕਿ ਉਨ੍ਹਾਂ ਦੀਆਂ ਧੀਆਂ ਇਸੇ ਤਰ੍ਹਾਂ ਦੇਸ਼ ਕੌਮ ਦਾ ਨਾਂ ਰੌਸ਼ਨ ਕਰਦੀਆਂ ਰਹਿਣ।