ਬਾਦਲ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਸੱਦਾ
ਮੀਡੀਆ ਲਈ ਅਗਲੇ ਸੰਮੇਲਨ ਦੌਰਾਨ ਹੋਣਗੇ ਵਿਸ਼ੇਸ਼ ਸੈਸ਼ਨ
ਪਿੰਡਾਂ ਦੇ ਵਿਕਾਸ ਲਈ ਮੈਚਿੰਗ ਗਰਾਂਟ ਵਜੋਂ 4 ਕਰੋੜ 13 ਲੱਖ ਰੁਪੈ ਦੇ ਚੈਕ ਵੰਡੇ
ਜਲੰਧਰ, 11 ਜਨਵਰੀ – ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੁੜਨ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਆਪਣੇ ਮੂਲ ਨਾਲ ਜੁੜਿਆ ਹੋਇਆ ਮਨੁੱਖ ਹੀ ਸਮਾਜ, ਸੂਬੇ ਅਤੇ ਮੁਲਕ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ।
ਚੌਥੇ ਪਰਵਾਸੀ ਪੰਜਾਬੀ ਸੰਮੇਲਨ ਦੇ ਅੱਜ ਇੱਥੇ ਦੂਜੇ ਦਿਨ ਦੇ ਸਮਾਗਮ ਵਿੱਚ ਜੁੜੇ ਪਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਅਗਲੀ ਪੀੜੀ ਨੂੰ ਆਪਣੀ ਜ਼ੁਬਾਨ, ਧਰਮ, ਇਤਿਹਾਸ ਅਤੇ ਸਭਿਆਚਾਰ ਨਾਲ ਜੋੜੀ ਰੱਖਣ ਲਈ ਠੋਸ ਤਜਵੀਜ਼ਾਂ ਬਣਾ ਕੇ ਫੌਰੀ ਕੰਮ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਤੇ ਭਾਈਵਾਲੀ ਨਾਲ ਪੰਜਾਬ ਵਿੱਚ ਅਜਿਹੇ ਵਿਸ਼ਵ ਪੱਧਰੀ ਸਕੂਲ ਸਥਾਪਤ ਕੀਤੇ ਜਾਣ ਜਿਨ੍ਹਾਂ ਵਿੱਚ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਦੇ ਬੱਚੇ ਮਿਆਰੀ ਤਾਲੀਮ ਹਾਸਲ ਕਰਨ ਦੇ ਨਾਲ-ਨਾਲ ਆਪਣੇ ਅਮੀਰ ਵਿਰਸੇ ਤੋਂ ਵੀ ਜਾਣੂੰ ਹੋ ਸਕਣ। ਅਜਿਹੇ ਸਕੂਲ ਨਵੀਂ ਪੀੜੀ ਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਣ ਦੀ ਦਿਸ਼ਾ ਵੱਲ ਇਹ ਪਹਿਲਾ ਸਾਰਥਕ ਕਦਮ ਹੋ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਦੇ ਮਾਣ-ਮੱਤੇ ਵਿਰਸੇ ਨੂੰ ਆਧੁਨਿਕ ਤਕਨੀਕਾਂ ਰਾਹੀਂ ਮੂਰਤੀਮਾਨ ਕੀਤੇ ਜਾਣ ਵੱਲ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵਿਰਾਸਤ-ਏ-ਖਾਲਸਾ ਦੇ ਨਾਲ ਨਾਲ ਵੱਡਾ ਤੇ ਛੋਟਾ ਘੱਲੂਘਾਰਾ ਅਤੇ ਬਾਬਾ ਬੰਦਾ ਸਿੰਘ ਨੂੰ ਸਮਰਪਿਤ ਯਾਦਗਾਰਾਂ ਸਥਾਪਤ ਕੀਤੀਆਂ ਜਾ ਚੁੱਕੀਆਂ ਜਾ ਹਨ। ਉਨ੍ਹਾਂ ਦੱਸਿਆ ਕਿ ਅਗਲੇ ਪੜਾਅ ਵਿੱਚ ਭਾਈ ਜੈਤਾ ਜੀ, ਬਾਬਾ ਮੋਤੀ ਰਾਮ ਮਹਿਰਾ, ਭਗਵਾਨ ਵਾਲਮੀਕਿ ਜੀ ਅਤੇ ਗੁਰੂ ਰਵਿਦਾਸ ਜੀ ਦੀਆਂ ਯਾਦਗਾਰਾਂ ਤੋਂ ਇਲਾਵਾ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ ਬਣਾਈ ਜਾ ਰਹੀ ਹੈ। ਇਸ ਮੌਕੇ ਇਹ ਵੀ ਦੱਸਿਆ ਕਿ 13 ਫਰਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਫੌਜੀ ਜਵਾਨਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਮਰਪਿਤ ਜੰਗੀ ਯਾਦਗਾਰ ਦਾ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਹੈ।
ਦੋ ਰੋਜ਼ਾ ਪਰਵਾਸੀ ਪੰਜਾਬੀ ਸੰਮੇਲਨ ਦੌਰਾਨ ਪਰਵਾਸੀ ਪੰਜਾਬੀਆਂ ਵੱਲੋਂ ਸੂਬਾ ਸਰਕਾਰ ਦੁਆਰਾ ਉਨ੍ਹਾਂ ਦੇ ਹਿੱਤ ਵਿੱਚ ਚੁੱਕੇ ਕਦਮਾਂ ‘ਤੇ ਪ੍ਰਗਟਾਈ ਤਸੱਲੀ ਉਪਰ ਖੁਸ਼ੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅਗਲੀ ਵਾਰ ਤੋਂ ਇਨ੍ਹਾਂ ਸੰਮੇਲਨਾਂ ਦਾ ਘੇਰਾ ਵਿਸ਼ਾਲ…….. ਕਰਦਿਆਂ ਸੰਮੇਲਨ ਦੌਰਾਨ ਵਿਦਿਆ, ਸਿਹਤ, ਖੇਤੀਬਾੜੀ ਅਤੇ ਸਨਅਤ ਵਰਗੇ ਪ੍ਰਮੁੱਖ ਖੇਤਰਾਂ ਦੇ ਮਾਹਿਰਾਂ ਲਈ ਵੱਖੋ-ਵੱਖਰੇ ਸੈਸ਼ਨ ਕਰਵਾਏ ਜਾਇਆ ਕਰਨਗੇ ਤਾਂ ਕਿ ਉਨ੍ਹਾਂ ਦੇ ਤਜਰਬੇ ਅਤੇ ਮੁਹਾਰਤ ਦਾ ਲਾਭ ਲਿਆ ਜਾ ਸਕੇ।
ਘੋਰ ਸੰਕਟ ਦਾ ਸ਼ਿਕਾਰ ਹੋਈ ਖੇਤੀਬਾੜੀ ਨੂੰ ਮੁੜ ਤੋਂ ਲਾਹੇਵੰਦ ਧੰਦਾ ਬਣਾਉਣ ਲਈ ਵਿਚਾਰ-ਚਰਚਾ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਅਗਾਮੀ 16 ਤੋਂ 19 ਫਰਵਰੀ ਤੱਕ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਖੇਤੀ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆ ਸ. ਬਾਦਲ ਨੇ ਕਿਹਾ ਇਸ ਸੰਮੇਲਨ ਵਿੱਚ ਦੇਸ਼-ਵਿਦੇਸ਼ ਵਿੱਚੋਂ ਅਗਾਂਹਵਧੂ ਕਿਸਾਨ, ਖੇਤੀ ਮਾਹਿਰ, ਭੌਂ ਵਿਗਿਆਨੀ, ਖੇਤੀ ਸਨਅਤਕਾਰ ਅਤੇ ਸਬੰਧਤ ਸਰਕਾਰੀ ਅਧਿਕਾਰੀ ਇਕ ਮੰਚ ‘ਤੇ ਇਕੱਤਰ ਹੋ ਕੇ ਵਿਚਾਰ-ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਪੰਜਾਬ ਦੇ ਸਅਨਤੀਕਰਨ ਉਤੇ ਲੱਗਿਆ ਹੋਇਆ ਪਰ ਖੇਤੀ ਆਰਥਿਕਤਾ ਨੂੰ ਆਪਣੇ ਪੈਰਾਂ ਸਿਰ ਕੀਤੇ ਜਾਣ ਬਗੈਰ ਪੰਜਾਬ ਦੇ ਹਰ ਪਰਿਵਾਰ ਨੂੰ ਖੁਸ਼ਹਾਲ ਨਹੀਂ ਕੀਤਾ ਜਾ ਸਕਦਾ। ਸ. ਬਾਦਲ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਹਰ ਸਾਲ 5000 ਕਰੋੜ ਰੁਪਏ ਦੀ ਰਕਮ ਕਿਸਾਨਾਂ ਦੇ ਟਿਊਬਵੈਲਾਂ ਦੇ ਬਿੱਲਾਂ ਦੇ ਰੂਪ ਵਿੱਚ ਨਾ ਅਦਾ ਕਰੇ ਤਾਂ ਪੰਜਾਬ ਦੀ ਕਿਸਾਨੀ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ।
ਸ. ਬਾਦਲ ਨੇ ਪਰਵਾਸੀ ਪੰਜਾਬੀ ਸੰਮੇਲਨਾਂ ਦੀ ਕਾਮਯਾਬੀ ‘ਤੇ ਤਸੱਲੀ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਅਗਲੇ ਵਰ੍ਹੇ ਤੋਂ ਇਨ੍ਹਾਂ ਸੰਮੇਲਨਾਂ ਦੀ ਤਰਜ਼ ‘ਤੇ ਦੇਸ਼ ਦੇ ਦੂਜੇ ਸੂਬਿਆਂ ਵਿੱਚ ਵਸਦੇ ਪੰਜਾਬੀਆਂ ਦਾ ਸਰਬ ਭਾਰਤੀ ਪੰਜਾਬੀ ਸੰਮੇਲਨ ਵੀ ਕਰਵਾਇਆ ਜਾਇਆ ਕਰੇਗਾ ਤਾਂ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਢੁਕਵੇਂ ਕਦਮ ਚੁੱਕੇ ਜਾ ਸਕਣ। ਉਨ੍ਹਾਂ ਕਿਹਾ ਕਿ ਦੂਜੇ ਵਸਦੇ ਪੰਜਾਬੀ ਵੀ ਪਰਵਾਸੀ ਪੰਜਾਬੀਆਂ ਵਾਂਗ ਆਪਣੀ ਮਾਤ-ਭੂਮੀ ਨਾਲ ਜੁੜਨਾ ਚਾਹੁੰਦੇ ਹਨ ਅਤੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਆਸ ਰੱਖਦੇ ਹਨ।
ਪਰਵਾਸੀ ਪੰਜਾਬੀਆਂ ਨੂੰ ਸੂਬੇ ਖਾਸ ਕਰਕੇ ਆਪਣੇ ਪਿੰਡ ਜਾਂ ਸ਼ਹਿਰ ਦੀ ਤਰੱਕੀ ਵਿੱਚ ਹਿੱਸਾ ਪਾਉਣ ਦੀ ਅਪੀਲ ਕਰਦਿਆਂ ਸ. ਬਾਦਲ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰਾ ਪਿੰਡ-ਮੇਰਾ ਸ਼ਹਿਰ’ ਤਹਿਤ ਕਿਸੇ ਵੀ ਵਿਕਾਸ ਪ੍ਰਾਜੈਕਟ ਲਈ ਪਰਵਾਸੀ ਪੰਜਾਬੀਆਂ ਦੇ 25 ਫੀਸਦੀ ਹਿੱਸਾ ਪਾਉਣ ਦੀ ਸੂਰਤ ਵਿੱਚ ਸੂਬਾ ਸਰਕਾਰ 75 ਫੀਸਦੀ ਯੋਗਦਾਨ ਖੁਦ ਪਾਉਂਦੀ ਹੈ। ਉਨ੍ਹਾਂ ਨੇ ਅੱਜ ਇਸ ਸਕੀਮ ਅਧੀਨ 4.13 ਕਰੋੜ ਰੁਪਏ ਦੀ ਰਾਸ਼ੀ ਵੱਖ-ਵੱਖ ਪਿੰਡਾਂ ਦੇ ਨੁਮਾਇੰਦਿਆਂ ਨੂੰ ਵੰਡੀ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਵਸੀਲਿਆਂ ਦੀ ਕੋਈ ਕਮੀ ਨਹੀਂ ਹੈ ਸਿਰਫ ਆਪਸੀ ਤਾਲਮੇਲ ਬਣਾਉਣ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ, ਪੰਜਾਬ ਅਤੇ ਮੁਲਕ ਦੀ ਚੜ੍ਹਦੀ ਕਲਾ ਲਈ ਕੀਤੇ ਗਏ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿਹ ਮਨੁੱਖੀ ਹੱਕਾਂ ਅਤੇ ਸ਼ਹਿਰੀ ਆਜ਼ਾਦੀ ਦੀ ਬਹਾਲੀ ਲਈ ਐਮਰਜੈਂਸੀ ਦੌਰਾਨ ਪਾਰਟੀ ਵੱਲੋਂ 19 ਮਹੀਨੇ ਮੋਰਚਾ ਚਲਾਇਆ ਗਿਆ ਜਿਸ ਦੌਰਾਨ ਪੂਰੀ ਲੀਡਰਸ਼ਿਪ ਸਮੇਤ ਲੱਖਾਂ ਵਰਕਰਾਂ ਨੇ ਜੇਲ੍ਹਾਂ ਕੱਟੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜਿਹੜੀ ਸਿੱਖ ਗੁਰੂ ਸਹਿਬਾਨ ਤੋਂ ਜਬਰ, ਜ਼ੁਲਮ ਅਤੇ ਬੇਇਨਸਾਫੀ ਖਿਲਾਫ਼ ਜੂਝਣ ਅਤੇ ਸਰਬੱਤ ਦੇ ਭਲੇ ਲਈ ਕੰਮ ਕਰਨ ਦੀ ਪ੍ਰੇਰਨਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਦੌਰ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਉਦਾਰਵਾਦੀ ਅਤੇ ਅਗਾਂਹਵਧੂ ਨੀਤੀਆਂ ਸਦਕਾ ਹੀ ਸੰਭਵ ਹੋਇਆ ਹੈ।
ਸੰਮੇਲਨ ਵਿੱਚ ਨਿਗੂਣੀ ਹਾਜ਼ਰੀ ‘ਤੇ ਕੀਤੀ ਗਈ ਟਿੱਪਣੀ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਲਕ ਦੀ ਪਹਿਲੀ ਸਿਆਸੀ ਪਾਰਟੀ ਹੈ ਜਿਸ ਨੇ ਵਿਧਾਨ ਪਾਲਿਕਾ ਵਿੱਚ ੩੩ ਫੀਸਦੀ ਮਹਿਲਾ ਰਾਖਾਵੇਂਕਰਨ ਦੇ ਹੱਕ ਵਿੱਚ ਮਤਾ ਪਾਇਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ੧੭੦ ਚੁਣੇ ਜਾਣ ਵਾਲੇ ਮੈਂਬਰਾਂ ਵਿੱਚੋਂ ੩੫ ਮਹਿਲਾ ਮੈਂਬਰ ਹਨ।
ਇਸ ਦੋ ਰੋਜ਼ਾ ਸੰਮੇਲਨ ਦੀ ਸਫਲਤਾ ਅਤੇ ਪਰਵਾਸੀ ਪੰਜਾਬੀਆਂ ਦਾ ਵਿਸ਼ਵਾਸ ਜਿੱਤਣ ਲਈ ਕੀਤੇ ਜਾ ਰਹੇ ਉਪਰਾਲਿਆਂ ‘ਤੇ ਡੂੰਘੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ. ਬਾਦਲ ਨੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਭਰਵੀਂ ਸ਼ਲਾਘਾ ਕੀਤੀ।
ਅੱਜ ਐਨ. ਆਰ.ਆਈ. ਸੰਮੇਲਨ ਦੇ ਦੂਜੇ ਤੇ ਆਖਰੀ ਦਿਨ ਵੱਡੀ ਗਿਣਤੀ ਵਿਚ ਪਹੁੰਚੇ ਪਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਇਕਮੁੱਠ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਪੰਜਾਬੀ ਆਪਣੀ ਸਮਰੱਥਾ ਤੇ ਹੁਨਰ ਦੀ ਵਰਤੋਂ ਕਰਕੇ ਪੰਜਾਬ ਨੂੰ ਵਿਸ਼ਵ ਦਾ ਨੰਬਰ ਇਕ ਸੂਬਾ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ 40-50 ਸਾਲ ਪਹਿਲਾਂ ਅਮਰੀਕਾ, ਕੈਨੇਡਾ ਤੇ ਯੂਰਪ ਦੇ ਦੇਸ਼ ਸੁਪਨਿਆਂ ਤੇ ਮੌਕਿਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਸਨ ਜਦਕਿ ਹੁਣ ਭਾਰਤ ਮੌਕਿਆਂ ਦੀ ਧਰਤੀ ਵਜੋਂ ਉੱਭਰ ਚੁੱਕਾ ਹੈ ਕਿਉਂਕਿ ਭਾਰਤ ਦੀ 125 ਕਰੋੜ ਵਿੱਚੋਂ ਅੱਧੀ ਆਬਾਦੀ ਨੌਜਵਾਨਾਂ ਦੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦਾ ਆਈ.ਟੀ. ਹੱਬ ਬਣਨਾ ਇਹ ਯਕੀਨੀ ਬਣਾਵੇਗਾ ਕਿ ਪੰਜਾਬ ਦੀ ਪ੍ਰਤਿਭਾ ਬਾਹਰ ਨਾ ਜਾਵੇ ਕਿਉਂਕਿ ਇਸ ਤਹਿਤ ਅਗਲੇ 2 ਸਾਲਾਂ ਦੌਰਾਨ 2 ਤੋਂ 3 ਲੱਖ ਨੌਕਰੀਆਂ ਦਿੱਤੀਆਂ ਮਿਲਣਗੀਆਂ।
ਪੰਜਾਬ ਦੇ ਵਿਕਾਸ ਬਾਰੇ ਗੱਲ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਗਲੇ ਤਿੰਨ ਸਾਲ ਦਾ ਸਮਾਂ ਦੌਰਾਨ ਪੰਜਾਬ ਦਾ ਸਰਬਪੱਖੀ ਵਿਕਾਸ ਤੁਸੀਂ ਆਪਣੇ ਅੱਖੀਂ ਦੇਖੋਗੇ। ਉਨ੍ਹਾਂ ਕਿਹਾ ਕਿ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਪਿੱਛੋਂ ਹੁਣ ਅਗਲਾ ਨਿਸ਼ਾਨਾ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜਨਾ ਹੈ।
ਸੂਬੇ ਦੇ ਪਿੰਡਾਂ ਨੂੰ ਤੇਜ਼ ਰਫਤਾਰ ਇੰਟਰਨੈਟ ਨਾਲ ਜੋੜਨ ਲਈ ਉਪ ਮੁੱਖ ਮੰਤਰੀ ਨੇ ਦੱਸਿਆ ਕਿ 4000 ਕਰੋੜ ਰੁਪਏ ਦੀ ਲਾਗਤ ਨਾਲ ਅਗਲੇ 8 ਮਹੀਨਿਆਂ ਦੌਰਾਨ ਪੰਜਾਬ ਦੇ ਸਾਰੇ ਪਿੰਡ 4-ਜੀ ਨਾਲ ਜੁੜ ਜਾਣਗੇ ਜਿਸ ਨਾਲ ਪੰਜਾਬ ਸਰਕਾਰ ਦੇ ਸਾਰੇ ਪ੍ਰਸ਼ਾਸਨਿਕ ਕਾਰਜਾਂ ਨੂੰ ਆਨ ਲਾਇਨ ਕਰਨ ਵੱਲ ਵੱਡੀ ਪੁਲਾਂਘ ਪੁੱਟੀ ਜਾਵੇਗੀ।
ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ 2000 ਕਰੋੜ ਦੀ ਲਾਗਤ ਨਾਲ ਇਸ ਦਾ ਮੂੰਹ ਮੁਹਾਂਦਰਾ ਬਦਲਿਆ ਜਾ ਰਿਹਾ ਹੈ। ਇਸ ਦੌਰਾਨ ਸ਼ਹਿਰ ਦੀ ਰਵਾਇਤੀ ਤੇ ਇਤਿਹਾਸਕ ਦਿੱਖ ਪੂਰੀ ਤਰ੍ਹਾਂ ਬਰਕਰਾਰ ਰੱਖੀ ਜਾਵੇਗੀ।
ਪਰਵਾਸੀ ਮੀਡੀਆ ਬਾਰੇ ਜ਼ਿਕਰ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਗਲੇ ਐਨ.ਆਰ.ਆਈ. ਸੰਮੇਲਨ ਦੌਰਾਨ ਮੀਡੀਆ ਲਈ ਇਕ ਦਿਨ ਦਾ ਪੂਰਾ ਸੈਸ਼ਨ ਰਾਖਵਾਂ ਰੱਖਿਆ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਦੇ ਮਾਲ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਦਾ ਦਰਦ ਸਮਝਦਿਆਂ ਕੰਮ ਕੀਤੇ ਜਾਣ ਵਾਲੇ ਖੇਤਰਾਂ ਦੀ ਪਛਾਣ ਕੀਤੀ ਗਈ ਤੇ ਉਨ੍ਹਾਂ ਨੂੰ ਇਸ ਗੱਲ ਦੀ ਪੂਰਨ ਤਸੱਲੀ ਹੈ ਕਿ ਪਰਵਾਸੀਆਂ ਵੱਲੋਂ ਉਠਾਏ ਗਏ ਮੁੱਦਿਆਂ ਵਿੱਚੋਂ 90 ਫੀਸਦੀ ਹੱਲ ਕੀਤੇ ਜਾ ਚੁੱਕੇ ਹਨ। ਸ. ਮਜੀਠੀਆ ਨੇ ਕਿਹਾ ਕਿ ਪਰਵਾਸੀ ਮੀਡੀਆ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਤੇ ਇਧਰ ਪੰਜਾਬ ਵਿਚ ਇਕ ਸੰਚਾਰ ਸਾਧਨ ਦਾ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸੈਰ ਸਪਾਟੇ ਤੇ ਨਿਵੇਸ਼ਕਾਂ ਨੂੰ ਪੰਜਾਬ ਵਿਚ ਮੌਜੂਦ ਅਸੀਮ ਸੰਭਾਵਨਾਵਾਂ ਬਾਰੇ ਦੱਸਣ ਲਈ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਪਰਵਾਸੀ ਮੀਡਆ ਨੂੰ ਇਸ਼ਤਿਹਾਰ ਜਾਰੀ ਕੀਤੇ ਗਏ ਹਨ।
ਸ. ਮਜੀਠੀਆ ਨੇ ਕਿਹਾ, ”ਅਜੇ ਤਾਂ ਸ਼ੁਰੂਆਤ ਹੈ ਜਿਸ ਨੂੰ ਅਸੀਂ ਸਾਰਿਆਂ ਨੇ ਬਹੁਤ ਅੱਗੇ ਲੈ ਕੇ ਜਾਣਾ ਹੈ।” ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਗਲਤ ਪਛਾਣ ਕਾਰਨ ਹੋ ਰਹੇ ਹਮਲਿਆਂ ਨੂੰ ਰੋਕਣ ਲਈ ਵਿਦੇਸ਼ਾਂ ਵਿੱਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ। ਸੂਬੇ ਵਿਚ ਨਿਵੇਸ਼ ਬਾਰੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ ਸੂਬੇ ਦੀ ਭੂਗੋਲਿਕ ਸਥਿਤੀ ਪੰਜਾਬ ਨੂੰ ਵੱਡਾ ਨੁਕਸਾਨ ਕਰਦੀ ਸੀ ਪਰ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਦੇ ਨਾਲ-ਨਾਲ ਨਿਵੇਸ਼ਕਾਂ ਵਿਚ ਵਿਸ਼ਵਾਸ ਬਹਾਲ ਕੀਤਾ ਗਿਆ ਜਿਸ ਦੇ ਨਤੀਜੇ ਜਲਦ ਸਾਹਮਣੇ ਆਉਣਗੇ।
ਸ. ਮਜੀਠੀਆ ਵੱਲੋਂ ਦੋਹਾਂ ਪੰਜਾਬਾਂ ਦੇ ਵਿਕਾਸ ਲਈ ਸਦੀਆਂ ਪੁਰਾਣੇ ‘ਸਿਲਕ ਰੂਟ’ (ਮੱਧ ਏਸ਼ੀਆ ਤੋਂ ਪੰਜਾਬ ਰਾਹੀਂ ਅਰਬ ਦੀ ਖਾੜੀ ਤੱਕ ਵਪਾਰ ਰੂਟ) ਨੂੰ ਦੁਬਾਰਾ ਖੋਲਣ ਦੀ ਵੀ ਜ਼ੋਰਦਾਰ ਵਕਾਲਤ ਕੀਤੀ ਗਈ ਤਾਂ ਜੋ ਦੋਹਾਂ ਸੂਬਿਆਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇ।
ਇਸ ਦੌਰਾਨ ਗੋਲਡਨ ਸਟਾਰ ਮਲਕੀਤ ਸਿੰਘ ਦੀ ਨਵੀਂ ਐਲਬਮ ‘ਸਿੱਖ ਹੋਣ ਦਾ ਮਾਣ’ ਵੀ ਜਾਰੀ ਕੀਤੀ ਗਈ ਜਦਕਿ ਕੈਨੇਡਾ ਦੇ ਕੇਂਦਰੀ ਮੰਤਰੀ ਟਿੰਮ ਉੱਪਲ ਵੱਲੋਂ ਪ੍ਰਸਿੱਧ ਗਾਇਕ ਹਰਭਜਨ ਮਾਨ ਨੂੰ ਉਨ੍ਹਾਂ ਦੀਆਂ ਸਭਿਆਚਾਰ ਸੇਵਾਵਾਂ ਬਦਲੇ ਮੌਕੇ ‘ਤੇ ਹੀ ਕੈਨੇਡਾ ਸਰਕਾਰ ਵੱਲੋਂ ‘ਕੁਈਨ ਡਾਇਮੰਡ ਜੁਬਲੀ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਜੰਗਲਾਤ ਮੰਤਰੀ ਸ੍ਰੀ ਚੂਨੀ ਲਾਲ ਭਗਤ, ਕੈਨੇਡਾ ਦੇ ਬਹੁ-ਸੱਭਿਆਚਾਰ ਮਾਮਲਿਆਂ ਦੇ ਮੰਤਰੀ ਟਿੰਮ ਉੱਪਲ, ਬੱਲ ਗੋਸਲ ਖੇਡ ਰਾਜ ਮੰਤਰੀ ਕੈਨੇਡਾ, ਨਿਊਜ਼ੀਲੈਂਡ ਤੋਂ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਲਹਿੰਦੇ ਪੰਜਾਬ ਦੇ ਵਿਧਾਇਕ ਰਮੇਸ਼ ਸਿੰਘ ਅਰੋੜਾ ਅਤੇ ਲਾਰਡ ਦਲਜੀਤ ਸਿੰਘ ਰਾਣਾ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀਆਂ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ , ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਕੈਬਨਿਟ ਮੰਤਰੀ ਅਜੀਤ ਸਿੰਘ ਕੋਹਾੜ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ , ਸਾਬਕਾ ਮੰਤਰੀ ਬੀਬੀ ਜਗੀਰ ਕੌਰ, ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ, ਬੀਬੀ ਮਹਿੰਦਰ ਕੌਰ ਜੋਸ਼, ਵਿਧਾਇਕ ਵਿਰਸਾ ਸਿੰਘ ਵਲਟੋਹਾ, ਅਮਰਪਾਲ ਸਿੰਘ ਬੋਨੀ, ਪਰਗਟ ਸਿੰਘ ਤੇ ਡਾ. ਦਲਜੀਤ ਸਿੰਘ ਚੀਮਾ ਆਦਿ ਹਾਜ਼ਰ ਸਨ।
Uncategorized ਦੋ ਰੋਜ਼ਾ ਪਰਵਾਸੀ ਪੰਜਾਬੀ ਸੰਮੇਲਨ ਸਮਾਪਤ