ਜਲੰਧਰ, 31 ਅਕਤੂਬਰ – 25 ਵਰ੍ਹਿਆਂ ਦਾ ਮਾਣ-ਮੱਤਾ ਸਫ਼ਰ ਤੈਅ ਕਰਨ ਉਪਰੰਤ ਸਿਲਵਰ ਜੁਬਲੀ ‘ਮੇਲਾ ਗ਼ਦਰੀ ਬਾਬਿਆਂ ਦਾ’ ਅੱਜ ਜੋਸ਼ ਖਰੋਸ਼ ਨਾਲ ਸ਼ੁਰੂ ਹੋਇਆ। ਪਹਿਲੇ ਲਾਹੌਰ ਸਪਲੀਮੈਂਟਰੀ ਸਾਜ਼ਿਸ਼ ਕੇਸ, ਬਰਮਾਂ/ਮਾਂਡਲੇ ਕੇਸ ਅਤੇ ਪੱਧਰੀ ਕੇਸ ‘ਚ ਸ਼ਹਾਦਤਾਂ ਪਾਉਣ ਵਾਲੇ ਅਮਰ ਸ਼ਹੀਦਾਂ ਦੀ ਸ਼ਤਾਬਦੀ (1916-2016) ਨੂੰ ਸਮਰਪਤ ਇਸ ਮੇਲੇ ਦਾ ਆਗਾਜ਼ ਅੱਜ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਇਆ।
ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਖ਼ਜ਼ਾਨਚੀ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਤਿਆਰੀ ਕਮੇਟੀ ਦੇ ਆਗੂ ਗੁਰਮੀਤ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਅਦਾ ਕੀਤੀ। ਇਸ ਮੌਕੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਗ਼ਦਰ ਸ਼ਤਾਬਦੀ ਸਾਥੋਂ ਆਸ ਕਰਦੀ ਹੈ ਕਿ ਗ਼ਦਰ ਲਹਿਰ ਦੇ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਲੋਕ ਸੰਗਰਾਮ ਜਾਰੀ ਰਖਿਆ ਜਾਏ।
ਮੇਲੇ ਦੇ ਅੱਜ ਪਹਿਲੇ ਦਿਨ ਕੁਇਜ਼ ਅਤੇ ਚਿੱਤਰਕਲਾ ਮੁਕਾਬਲਿਆਂ ਤੋਂ ਇਲਾਵਾ ਕਵੀ ਦਰਬਾਰ ਅਤੇ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਇਆ। ਦੀਵਾਲੀ ਅਤੇ ਵਿਸ਼ਵਕਰਮਾ ਦਿਹਾੜੇ ਦੇ ਬਾਵਜੂਦ ਗ਼ਦਰੀ ਬਾਬਿਆਂ ਦੇ 25ਵੇਂ ਮੇਲੇ ‘ਤੇ ਵੱਡੀ ਗਿਣਤੀ ‘ਚ ਪ੍ਰਤੀਯੋਗੀ, ਦਰਸ਼ਕ/ਸਰੋਤੇ ਸ਼ਾਮਲ ਹੋਏ। ਕੁਇਜ਼ ਮੁਕਾਬਲੇ ਵਿੱਚ 29 ਟੀਮਾਂ ਸ਼ਾਮਲ ਹੋਈਆਂ। ਇਹਨਾਂ ਟੀਮਾਂ ‘ਚੋਂ ਉੱਪਰਲੇ ਪੰਜ …. ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਵਿੱਚ ਅੰਤਿਮ ਮੁਕਾਬਲਾ ਹੋਇਆ। ਇਨ੍ਹਾਂ ਟੀਮਾਂ ‘ਚ ਪਹਿਲਾ ਦਰਜਾ ਜੀ.ਐੱਸ. ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ, ਦੂਜਾ ਸਥਾਨ ਸੈਕਿੰਡ ਇਨਿੰਗਜ਼ ਫਾਊਂਡੇਸ਼ਨ ਜਲੰਧਰ ਅਤੇ ਤੀਜਾ ਸਥਾਨ ਐੱਸ.ਡੀ. ਕਾਲਜ ਬਰਨਾਲਾ ਨੇ ਹਾਸਲ ਕੀਤਾ।
ਚਿੱਤਰਕਲਾ ਮੁਕਾਬਲੇ ਦੇ ਗਰੁੱਪ ‘ਏ’ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਦੀਪਕ ਸ਼ਰਮਾ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ), ਰੌਸ਼ਨੀ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਤੇ ਪਰਮਜੀਤ ਸਿੰਘ (ਜੀ.ਐਨ.ਡੀ.ਯੂ. ਕੈਂਪਸ, ਜਲੰਧਰ) ਨੇ ਹਾਸਲ ਕੀਤਾ। ਗਰੁੱਪ ‘ਬੀ’ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਮੰਥਨ ਮੇਹਮੀ (ਮਾਨਵ ਸਹਿਯੋਗ ਸਕੂਲ), ਮਨਪ੍ਰੀਤ ਕੌਰ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਅਤੇ ਰਮਣੀਕ ਸਿੰਘ (ਮਾਨਵ ਸਹਿਯੋਗ ਸਕੂਲ) ਨੇ ਹਾਸਲ ਕੀਤਾ। ਗਰੁੱਪ ‘ਸੀ’ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਮਨਜੋਤ ਕੌਰ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ), ਵੀਰ ਸਿੰਘ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਅਤੇ ਕ੍ਰਤਿਕਾ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਨੇ ਹਾਸਲ ਕੀਤਾ।
ਹਰਭਜਨ ਹੁੰਦਲ, ਸੁਰਕੀਤ ਜੱਜ, ਡਾ. ਸੁਰਜੀਤ, ਗੁਰਭਜਨ ਗਿੱਲ ਅਤੇ ਮੰਗਤ ਰਾਮ ਪਾਸਲਾ ਜੀ ਦੀ ਪ੍ਰਧਾਨਗੀ ਅਤੇ ਹਰਵਿੰਦਰ ਭੰਡਾਲ ਦੀ ਮੰਚ ਸੰਚਾਲਨਾ ‘ਚ ਕਵੀ ਦਰਬਾਰ ‘ਚ ਦਰਸ਼ਨ ਬੁੱਟਰ, ਬਲਵਿੰਦਰ ਸਿੰਘ ਸੰਧੂ, ਸੁਸ਼ੀਲ ਦੁਸਾਂਝ, ਸਤੀਸ਼ ਗੁਲਾਟੀ, ਤ੍ਰੈਲੋਚਨ ਲੋਚੀ, ਜਗਵਿੰਦਰ ਜੋਧਾ, ਵਾਹਦ, ਮਨਜਿੰਦਰ ਧਨੋਆ, ਕੁਲਵੰਤ ਸਿੰਘ ਔਜਲਾ, ਮਨਦੀਪ ਸਨੇਹੀ, ਕੰਵਲ ਭੱਲਾ, ਜਸਦੇਵ ਲਲਤੋਂ, ਸ਼ਬਦੀਸ਼, ਗੋਪਾਲ ਬੁੱਟਰ, ਸੁਖਵੰਤ ਆਰਟਿਸਟ, ਪੂਨਮ ਗੁਪਤਾ, ਮੱਖਣ ਕੁਹਾੜ ਅਤੇ ਨਿਰਮਲ ਸਿੰਘ ਸੰਘਾ (ਯੂ.ਕੇ.) ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਕਵੀ ਦਰਬਾਰ ‘ਚ ਦਰਜਨਾਂ ਹੀ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਸ ਰਸਮ ਮੌਕੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਵੀ ਪ੍ਰਧਾਨ ਮੰਡਲ ਨਾਲ ਮੰਚ ‘ਤੇ ਸਸ਼ੋਭਿਤ ਹੋਏ। ਪੰਜਾਬ ਭਰ ਅਤੇ ਦਿੱਲੀ ਤੋਂ ਲੱਗੀ ਪੁਸਤਕ ਪ੍ਰਦਰਸ਼ਨੀ ਕਾਰਨ ਮੇਲੇ ਵਿੱਚ ਇਕ ਹੋਰ ਪੁਸਤਕ ਮੇਲਾ ਆਪਣਾ ਨਿਵੇਕਲਾ ਪ੍ਰਭਾਵ ਸਿਰਜ ਰਿਹਾ ਹੈ। ਸ਼ਾਮ ਨੂੰ ਪੀਪਲਜ਼ ਵਾਇਸ ਵੱਲੋਂ ਦਸਤਾਵੇਜ਼ੀ ਫ਼ਿਲਮ ਸ਼ੋਅ ਵਿੱਚ ‘ਇੱਜ਼ਤ ਨਗਰ ਕੀ ਅਸੱਭਿਆ ਬੇਟੀਆਂ’ ਫ਼ਿਲਮ ਦਿਖਾਈ ਗਈ। ਜਿਸ ਨੂੰ ਦਰਸ਼ਕਾਂ ਨੇ ਭਰਵੀਂ ਦਾਦ ਦਿੱਤੀ।
ਮੇਲੇ ਦੇ ਦੂਜੇ ਦਿਨ 1 ਨਵੰਬਰ ਨੂੰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਢੁੱਡੀਕੇ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਮੇਲੇ ਨੂੰ ਸੰਬੋਧਨ ਕਰਨਗੇ। ਜਨਰਲ ਸਕੱਤਰ ਡਾ. ਰਘਬੀਰ ਕੌਰ ‘ਜੀ ਆਇਆ’ ਕਹਿਣਗੇ ਤੇ ਇਸ ਉਪਰੰਤ ਸੈਂਕੜੇ ਕਲਾਕਾਰਾਂ ਵੱਲੋਂ ਕਾਵਿ ਨਾਟ ਰੂਪੀ ‘ਝੰਡੇ ਦਾ ਗੀਤ’ ਹੋਏਗਾ। ਇਸ ਬਾਅਦ ਸਾਰਾ ਦਿਨ ਸਾਰੀ ਰਾਤ ਲਗਾਤਾਰ ਵਿਚਾਰ-ਚਰਚਾ, ਗੀਤ-ਸੰਗੀਤ ਅਤੇ ਨਾਟਕਾਂ ਦੀ ਲੜੀ ਦਾ ਸਿਲਸਿਲਾ ਚਲਦਾ ਰਹੇਗਾ। ਜ਼ਿਕਰਯੋਗ ਹੈ ਕਿ ਇਸ ਰੋਜ਼ ਮੇਲੇ ਨੂੰ ਕਨ੍ਹੱਈਆ ਕੁਮਾਰ, ਅਨਿਰਬਾਨ ਭੱਟਾਚਾਰੀਆ ਅਤੇ ਉਮਰ ਖ਼ਾਲਿਦ ਸੰਬੋਧਨ ਕਰਨਗੇ।
Indian News ਦੋ ਰੋਜ਼ਾ ਸਿਲਵਰਜ਼ ਜੁਬਲੀ ਮੇਲਾ ਗ਼ਦਰੀ ਬਾਬਿਆਂ ਦਾ ਜੋਸ਼-ਖਰੋਸ਼ ਨਾਲ ਸ਼ੁਰੂ