ਬੰਗਲੁਰੂ, 30 ਅਕਤੂਬਰ – ਕੰਨੜ ਸਿਨੇਮਾ ਦੇ ਕਲਾਕਾਰ ਤੇ ਟੈਲੀਵਿਜ਼ਨ ਦੀ ਮਸ਼ਹੂਰ ਸ਼ਖ਼ਸੀਅਤ ਅਦਾਕਾਰ ਪੁਨੀਤ ਰਾਜਕੁਮਾਰ ਦਾ 30 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਉਹ 49 ਵਰ੍ਹਿਆਂ ਦੇ ਸਨ। ਉਨ੍ਹਾਂ ਨੂੰ ‘ਅੱਪੂ’, ‘ਵੀਰਾ ਕੰਨਾੜੀਗਾ’ ਤੇ ‘ਮੌਰੀਆ’ ਵਰਗੀਆਂ ਫ਼ਿਲਮਾਂ ਲਈ ਯਾਦ ਕੀਤਾ ਜਾਵੇਗਾ।
ਅਦਾਕਾਰ ਪੁਨੀਤ ਸਰੀਰਕ ਫਿਟਨੈੱਸ ‘ਤੇ ਕਾਫ਼ੀ ਧਿਆਨ ਦਿੰਦੇ ਸਨ। ਅੱਜ ਜਿੰਮ ਵਿੱਚ ਦੋ ਘੰਟੇ ਕਸਰਤ ਕਰਨ ਮਗਰੋਂ ਉਨ੍ਹਾਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਤੇ ਹਸਪਤਾਲ ਲਿਜਾਇਆ ਗਿਆ। ਥੋੜ੍ਹੀ ਦੇਰ ਬਾਅਦ ਹੀ ਪੁਨੀਤ ਦੀ ਮੌਤ ਹੋ ਗਈ। ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਸ਼ਵਿਨੀ ਤੋਂ ਇਲਾਵਾ ਦੋ ਧੀਆਂ ਹਨ। ਮੌਤ ਦੀ ਖ਼ਬਰ ਮਿਲਣ ‘ਤੇ ਪ੍ਰਸੰਸਕ ਵੱਡੀ ਗਿਣਤੀ ਵਿੱਚ ਹਸਪਤਾਲ ਦੇ ਬਾਹਰ ਜਮ੍ਹਾ ਹੋ ਗਏ। ਪੁਨੀਤ ਦੇ ਪਿਤਾ ਰਾਜਕੁਮਾਰ ਵੀ ਥੀਏਟਰ-ਫ਼ਿਲਮ ਕਲਾਕਾਰ ਸਨ ਤੇ ਲੋਕਾਂ ਵਿੱਚ ਬੇਹੱਦ ਹਰਮਨ-ਪਿਆਰੇ ਸਨ। ਪਿਤਾ ਦੇ ਪਰਛਾਵੇਂ ਵਿੱਚੋਂ ਨਿਕਲ ਅਦਾਕਾਰ ਪੁਨੀਤ ਨੇ ਕੰਨੜ ਫਿਲਮ ਜਗਤ ਵਿੱਚ ਆਪਣੇ ਲਈ ਵੱਖਰੀ ਥਾਂ ਬਣਾਈ ਸੀ। ਪੁਨੀਤ ਦਾ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਤੇ ਆਖ਼ਰੀ ਰਸਮਾਂ ਬਾਰੇ ਫ਼ੈਸਲਾ ਪਰਿਵਾਰ ਲਏਗਾ।
ਅਦਾਕਾਰ ਪੁਨੀਤ ਦੇ ਅਚਾਨਕ ਦੇਹਾਂਤ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮਈ, ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ, ਸੁਪਰਸਟਾਰ ਚਿਰੰਜੀਵੀ, ਮਹੇਸ਼ ਬਾਬੂ, ਪ੍ਰਕਾਸ਼ ਰਾਜ, ਅਭਿਸ਼ੇਕ ਬੱਚਨ, ਸੋਨੂੰ ਸੂਦ, ਅਭਿਨੇਤਰੀ ਪਾਰਵਤੀ, ਨਿਰਮਾਤਾ ਪ੍ਰਿਥਵੀਰਾਜ ਸੁਕੁਮਾਰਨ, ਗਾਇਕਾ ਸ਼੍ਰੇਆ ਘੋਸ਼ਾਲ ਤੇ ਹੋਰਾਂ ਨੇ ਡੂੰਘੇ ਦੁੱਖ ਦਾ ਪ੍ਰਗਟ ਕੀਤਾ ਹੈ।
Bollywood News ਦੱਖਣੀ ਭਾਰਤੀ ਫਿਲਮ ਦੇ ਅਦਾਕਾਰ ਪੁਨੀਤ ਰਾਜਕੁਮਾਰ ਦਾ ਦੇਹਾਂਤ