੯ ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼
ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੇ ਬਾਨੀ, ਅੰਮ੍ਰਿਤ ਰੂਪ ਬਾਣੀ ਦੇ ਰਚਨਹਾਰ, ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ ਅਤੇ ਸਦਗੁਣਾਂ ਨਾਲ ਭਰਪੂਰ ਹੈ। ਨਿਸ਼ਕਾਮ ਸੇਵਾ ਅਤੇ ਸੱਚੇ ਸਿਦਕ ਕਾਰਨ ਉਨ੍ਹਾਂ ਅਧਿਆਤਮਕ ਖੇਤਰ ਦੀ ਸਰਵ ਉੱਚ ਪਦਵੀ ਪ੍ਰਾਪਤ ਕੀਤੀ ਜਿਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਲਾਹੌਰ ਸ਼ਹਿਰ ਦੀ ਚੂਨਾ ਮੰਡੀ ਦੇ ਵਸਨੀਕ………. ਪਿਤਾ ਸ੍ਰੀ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ ੨੫ ਅੱਸੂ ਸੰਮਤ ੧੫੯੧ (ਸੰਨ ੧੫੩੪) ਨੂੰ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ‘ਜੇਠਾ’ ਸੀ। ਜਦੋਂ ਆਪ ਮਸਾਂ ਸੱਤ ਜਾਂ ਅੱਠ ਸਾਲਾਂ ਦੇ ਸਨ ਤਾਂ ਆਪ ਜੀ ਦੇ ਸਿਰ ਤੋਂ ਮਾਂ-ਬਾਪ ਦਾ ਸਾਇਆ ਉਠ ਗਿਆ ਅਤੇ ਆਪ ਆਪਣੇ ਨਾਨਕੇ ਪਿੰਡ ਬਾਸਰਕੇ (ਅੰਮ੍ਰਿਤਸਰ) ਵਿਖੇ ਆ ਗਏ। ਆਪ ਜੀ ਨੂੰ ਛੋਟੀ ਉਮਰੇ ਕਿਰਤ-ਕਮਾਈ ਵਿੱਚ ਲਗਾਇਆ ਗਿਆ। ਆਪ ਘੁੰਙਣੀਆਂ ਵੇਚ ਕੇ ਘਰ ਦੇ ਨਿਰਬਾਹ ਵਿੱਚ ਹਿੱਸਾ ਪਾਉਂਦੇ ਸਨ। ਆਪ ਨੇ ਬਚਪਨ ਵਿੱਚ ਆਪਣੇ ਨਾਨਕੇ ਪਿੰਡ ਦੇ ਹਰ ਵਸਨੀਕ ਦਾ ਮਨ ਮੋਹ ਲਿਆ ਸੀ। ਬਾਸਰਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਜਨਮ ਨਗਰੀ ਸੀ ਅਤੇ ਇੱਥੋਂ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਕਸਰ ਗੋਇੰਦਵਾਲ ਸਾਹਿਬ ਜਾਂਦੀ ਸੀ ਅਤੇ ਕਈ ਵਾਰ ਸ੍ਰੀ ਗੁਰੂ ਅਮਰਦਾਸ ਜੀ ਖ਼ੁਦ ਪਿੰਡ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸਨ। ਜਦੋਂ ਵੀ ਸ੍ਰੀ ਗੁਰੂ ਅਮਰਦਾਸ ਜੀ ਪਿੰਡ ਬਾਸਰਕੇ ਆਉਂਦੇ, ਉਦੋਂ ਉਹ ਭਾਈ ਜੇਠਾ ਜੀ ਨਾਲ ਬਹੁਤ ਸਨੇਹ ਕਰਦੇ। ਭਾਈ ਜੇਠਾ ਜੀ ਸੇਵਾ ਨੂੰ ਸਮਰਪਿਤ ਰਹਿੰਦੇ ਅਤੇ ਗੁਰੂ-ਘਰ ਨਾਲ ਸਬੰਧਿਤ ਹਰ ਕੰਮ ਨੂੰ ਖਿੜੇ-ਮੱਥੇ ਨਿਭਾਉਂਦੇ। ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਸੰਮਤ ੧੬੦੬ (ਸੰਨ ੧੫੪੯) ਦੇ ਆਸ-ਪਾਸ ਵਸਾਇਆ ਸੀ। ਅਜੇ ਇਸ ਦੀ ਵਸੋਂ ਨਵੀਂ-ਨਵੀਂ ਸੀ ਤੇ ਅਬਾਦੀ ਵੀ ਘੱਟ ਸੀ। ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਬਾਸਰਕੇ ਗਿੱਲਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇੱਥੇ ਆਪ ਗੁਰੂ-ਦਰਬਾਰ ਵਿੱਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਕਰਦੇ ਪਰ ਆਪਣਾ ਨਿਰਬਾਹ ਘੁੰਙਣੀਆਂ ਵੇਚ ਕੇ ਹੀ ਕਰਦੇ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ। ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਨੇ ਲੋਕ-ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿੱਚ ਲੱਗੇ ਰਹੇ।
ਇੱਕ ਵਾਰ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ ਕਿ ਸਹੁਰੇ-ਘਰ ਵਿੱਚ ਜਵਾਈਆਂ ਨੂੰ ਹੱਥੀਂ ਛਾਂਵਾਂ ਹੁੰਦੀਆਂ ਨੇ ਪਰ ਤੂੰ ਤਾਂ ਟੋਕਰੀਆਂ ਢੋਅ ਕੇ ਸਾਨੂੰ ਲਾਜ ਲੁਆ ਛੱਡੀ ਹੈ। ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਲਾਂਭਾ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਰਾਮਦਾਸ ਦੇ ਸਿਰ ‘ਤੇ ਮਿੱਟੀ ਦੀ ਟੋਕਰੀ ਨਹੀਂ ਹੈ, ਸਗੋਂ ਦੀਨ-ਦੁਨੀਆਂ ਦਾ ਛਤਰ ਹੈ, ਗੁਰੂ ਸਾਹਿਬ ਦਾ ਇਹ ਪਵਿੱਤਰ ਬਚਨ ਸੱਚ ਹੋ ਨਿਬੜਿਆ। ਹੁਣ ਪ੍ਰੀਖਿਆ ਦਾ ਸਮਾਂ ਆ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਨੇ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਨੂੰ ਥੜ੍ਹੇ ਬਣਾਉਣ ਦਾ ਹੁਕਮ ਕੀਤਾ। ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਰਾਮਾ ਜੀ ਅਤੇ ਭਾਈ ਜੇਠਾ ਜੀ ਥੜ੍ਹੇ ਬਣਾਉਂਦੇ ਰਹੇ ਪਰ ਗੁਰੂ ਜੀ ਕੋਈ ਨਾ ਕੋਈ ਨੁਕਸ ਕੱਢ ਕੇ ਥੜ੍ਹੇ ਢੁਆ ਦਿੰਦੇ। ਕਈ ਵਾਰ ਅਜਿਹਾ ਹੋਇਆ ਤਾਂ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰ ਭਾਈ ਜੇਠਾ ਜੀ ਨਿਮਰਤਾ ਵਿੱਚ ਭਿੱਜੇ ‘ਸਤਿ ਬਚਨ’ ਕਹਿ ਕੇ ਫਿਰ ਉਸਾਰੀ ਸ਼ੁਰੂ ਕਰ ਦਿੰਦੇ ਰਹੇ। ਆਪ ਜੀ ਦੀ ਨਿਮਰਤਾ ਅਤੇ ਸਦਗੁਣਾਂ ਨੂੰ ਦੇਖ ਕੇ ਸਤੰਬਰ ੧੫੭੪ ਈਸਵੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਆਪ ਨੂੰ ਸੌਂਪੀ ਗਈ।
ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਰਾਮਦਾਸ ਪੁਰ (ਸ੍ਰੀ ਅੰਮ੍ਰਿਤਸਰ) ਦੀ ਨੀਂਹ ਰੱਖੀ। ੧੫੭੭ ਈਸਵੀ ਵਿੱਚ ਗੁਰੂ ਸਾਹਿਬ ਨੇ ‘ਸੰਤੋਖਸਰ’ ਅਤੇ ਅੰਮ੍ਰਿਤਸਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਅਤੇ ਇੱਥੇ ਹੀ ਰਹਿਣ ਲੱਗ ਪਏ। ਆਸ-ਪਾਸ ਦੇ ਪਿੰਡਾਂ ਦੇ ਜ਼ਿਮੀਦਾਰਾਂ ਤੋਂ ਪੰਜ ਸੌ ਵਿਘੇ ਜ਼ਮੀਨ ਮੁੱਲ ਲੈ ਕੇ ‘ਗੁਰੂ ਦਾ ਚੱਕ’ (ਹੁਣ ਸ੍ਰੀ ਅੰਮ੍ਰਿਤਸਰ ਸ਼ਹਿਰ) ਵਸਾਉਣਾ ਸ਼ੁਰੂ ਕੀਤਾ। ਨਗਰ ਵਿੱਚ ਵਾਪਾਰ, ਰੋਟੀ-ਰੋਜ਼ੀ ਤੇ ਕਿਰਤ-ਕਮਾਈ ਦੇ ਸਾਧਨਾਂ ਨੂੰ ਤੋਰਨ ਅਤੇ ਮਜ਼ਬੂਤ ਕਰਨ ਲਈ ਦੂਰ-ਦੂਰ ਤੋਂ ੫੨ ਕਿਸਮ ਦੇ ਕਿਰਤੀ ਕਾਰੀਗਰਾਂ ਅਤੇ ਵਪਾਰੀਆਂ ਨੂੰ ਵਸਾਇਆ। ਗੁਰੂ ਸਾਹਿਬ ਨੇ ਜਿਸ ਪਹਿਲੇ ਬਾਜ਼ਾਰ ਨੂੰ ਸੰਚਾਲਿਤ ਕੀਤਾ, ਉਸ ਦਾ ਨਾਂ ‘ਗੁਰੂ ਬਾਜ਼ਾਰ’ ਪ੍ਰਸਿੱਧ ਹੋਇਆ ਜੋ ਅੱਜ ਵੀ ਮੌਜੂਦ ਹੈ ਅਤੇ ਸੋਨੇ-ਚਾਂਦੀ ਦੇ ਜ਼ੇਵਰਾਂ ਦਾ ਅੰਤਰਰਾਸ਼ਟਰੀ ਬਾਜ਼ਾਰ ਹੈ। ਆਪ ਨੇ ਆਪਣੀ ਰਿਹਾਇਸ਼ ਲਈ ਇੱਕ ਛੋਟਾ ਜਿਹਾ ਮਕਾਨ ਬਣਵਾਇਆ ਜੋ ‘ਗੁਰੂ ਕਾ ਮਹਿਲ’ ਕਰ ਕੇ ਪ੍ਰਸਿੱਧ ਹੋਇਆ। ਹੁਣ ਇਸ ਜਗ੍ਹਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਭਾਇਮਾਨ ਹੈ।
ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤਕ ਸਿੱਖੀ ਦਾ ਵਿਕਾਸ ਸਿਖਰਾਂ ਤਕ ਪਹੁੰਚ ਚੁੱਕਾ ਸੀ। ਸ਼ਰਧਾਲੂਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਸੀ। ਲੰਗਰ ਜਾਰੀ ਸੀ। ਨਵੀਆਂ ਧਰਮਸਾਲਾਵਾਂ ਦੀ ਉਸਾਰੀ ਅਤੇ ਅੰਮ੍ਰਿਤ ਸਰੋਵਰ ਦੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਕਾਫੀ ਧਨ ਦੀ ਲੋੜ ਸੀ। ਅਜਿਹੇ ਸਮੇਂ ਗੁਰੂ ਸਾਹਿਬ ਨੇ ਮਸੰਦ ਪ੍ਰਥਾ ਦੀ ਸਥਾਪਨਾ ਕੀਤੀ। ਇਹ ਮਸੰਦ ਜਿੱਥੇ ਸੰਗਤਾਂ ਨੂੰ ਗੁਰੂ-ਘਰ ਦੇ ਨਵੇਂ ਕਾਰਜਾਂ ਤੋਂ ਜਾਣੂ ਕਰਵਾਉਂਦੇ, ਉੱਥੇ ਕਾਰ-ਭੇਟਾ ਲਿਆ ਕੇ ਗੁਰੂ-ਦਰਬਾਰ ਵਿੱਚ ਜਮ੍ਹਾਂ ਕਰਵਾ ਦਿੰਦੇ। ਇਸ ਨਾਲ ਕਾਫੀ ਮਾਤਰਾ ਵਿੱਚ ਧਨ ਇਕੱਠਾ ਹੋਣ ਲੱਗ ਪਿਆ। ਯਾਦ ਰਹੇ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਮਸੰਦ’ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਸੀ ਕਿਉਂਕਿ ਸਮੇਂ ਦੇ ਚੱਲਦਿਆਂ ਇਸ ਦੇ ਕੰਮਾਂ ਵਿੱਚ ਖੜੋਤ ਆ ਗਈ ਸੀ ਅਤੇ ਇਹ ਆਪਣੇ ਰਸਤੇ ਤੋਂ ਭਟਕ ਗਈ ਸੀ।
ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਵੀ ਪਹਿਲੇ ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ ‘ਤੇ ਚੱਲਦਿਆਂ ਆਪਣੇ ਤਿੰਨ ਸਪੁੱਤਰਾਂ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਂ ਦੇਵ ਜੀ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਦੀਆਂ ਸ਼ਖ਼ਸੀਅਤਾਂ ਅਤੇ ਸਿੱਖੀ ਪ੍ਰਤੀ ਵਿਚਾਰਾਂ ਨੂੰ ਪਰਖ ਅਤੇ ਪ੍ਰਮੁੱਖ ਸਿੱਖਾਂ ਅਤੇ ਸੰਗਤਾਂ ਦੀ ਸਲਾਹ ਨਾਲ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ (ਗੁਰੂ) ਅਰਜਨ ਦੇਵ ਜੀ ਦੇ ਮੋਢਿਆਂ ‘ਤੇ ਰੱਖੀ। ਆਪਣਾ ਅੰਤਿਮ ਸਮਾਂ ਨਜ਼ਦੀਕ ਜਾਣ ਕੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਪਰਿਵਾਰ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਅਤੇ ਇੱਥੇ ੨ ਅੱਸੂ, ਸੰਮਤ ੧੬੩੮ (ਸੰਨ ੧੫੮੧) ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ-ਜੋਤਿ ਸਮਾ ਗਏ। ਵਾਰ ਰਾਮਕਲੀ ਵਿੱਚ ਭਾਈ ਸੱਤਾ ਅਤੇ ਭਾਈ ਬਲਵੰਡ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਬਾਰੇ ਬਚਨ ਕਰਦੇ ਹਨ :
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ।।
(ਪੰਨਾ ੯੬੮)
ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸਿੱਖ ਜਗਤ ਨੂੰ ਮੁਬਾਰਕਬਾਦ। ਆਉ, ਅਸੀਂ ਸਾਰੇ ਗੁਰੂ ਸਾਹਿਬ ਦੇ ਜੀਵਨ ਨੂੰ ਯਾਦ ਕਰਦਿਆਂ ਹੋਇਆਂ ਆਪਣੇ ਅੰਦਰ ਨਿਮਰਤਾ, ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰਦੇ ਹੋਏ ਸਿੱਖ ਪੰਥ ਦੇ ਸਿਧਾਂਤਾਂ ਨੂੰ ਵਿਵਹਾਰਿਕ ਜੀਵਨ ਦਾ ਹਿੱਸਾ ਬਣਾਈਏ।
– ਜਥੇਦਾਰ ਅਵਤਾਰ ਸਿੰਘ
ਪ੍ਰਧਾਨ, ਸ਼੍ਰੋ. ਗੁ. ਪ੍ਰ. ਕਮੇਟੀ, ਅੰਮ੍ਰਿਤਸਰ।
Cultural ਧੰਨੁ ਧੰਨੁ ਰਾਮਦਾਸ ਗੁਰੁ…