ਇੱਕ ਇੱਕ ਦਿਨ ਕਰਕੇ ਕਿੰਨੇ ਦਿਨ ਬੀਤ ਜਾਂਦੇ ਹਨ ਤੇ ਫਿਰ ਇੱਕ ਸਾਲ ਬਣਦਾ ਹੈ। ਇੱਕ ਲੰਮਾ ਸਮਾਂ ਜਿਸ ਵਿੱਚ ਇਨਸਾਨ ਨੇ ਬਹੁਤ ਕੁਝ ਹੰਢਾਇਆ ਹੁੰਦਾ ਹੈ, ਕਿਤੇ ਸੁਹਾਵਣੇ ਦਿਨਾਂ ਵਿੱਚ ਖ਼ੁਸ਼ੀ ਦੇ ਗੀਤ ਗਾਏ ਤੇ ਕਈ ਗ਼ਮਾਂ ਦੇ ਪਲਾਂ ਨੇ ਰਾਤਾਂ ਦੀ ਨੀਂਦ ਉਡਾਈ। ਕਈ ਬੇਗਾਨੇ ਆਪਣਿਆਂ ਤੋਂ ਵੀ ਵੱਧ ਪਿਆਰ ਜਤਾ ਗਏ ਤੇ ਕਈ ਆਪਣੇ ਆਪਣਾ ਆਪ ਵਿਖਾ ਗਏ। ਕਈਆਂ ਦੇ ਹਾਸਿਆਂ ਵਿੱਚ ਮਨੁੱਖ ਖੁੱਲ੍ਹ ਕੇ ਹੱਸਿਆ ਤੇ ਕਈਆਂ ਦੇ ਚਿਹਰਿਆਂ ਦੀ ਉਦਾਸੀ ਨੇ ਉਸ ਦੀ ਵੀ ਮੁਸਕਰਾਹਟ ਕਿਤੇ ਲੁਕਾ ਦਿੱਤੀ।ਕਦੇ ਜਿੱਤ ਦੇ ਜਸ਼ਨ ਮਨਾਏ ਤੇ ਕਿਸੇ ਦਿਨ ਨਿਰਾਸ਼ਤਾ ਦੇ ਆਲਮ ਵਿੱਚ ਡੁੱਬਿਆ। ਕਦੇ ਹਲਾਤਾਂ ਅੱਗੇ ਗੋਡੇ ਟੇਕ ਥੱਕ ਹਾਰ ਕੇ ਬੈਠ ਗਿਆ ਤੇ ਕਦੇ ਹਿੰਮਤ ਕਰ ਪਹਾੜ ਜਿੱਡਾ ਜੇਰਾ ਲੈ ਫਿਰ ਜ਼ਿੰਦਗੀ ਨਾਲ ਦੋ ਹੱਥ ਕਰਨ ਲਈ ਉੱਠ ਖਲੋਤਾ। ਕਦੇ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਵਧੀਕੀਆਂ ਨੂੰ ਚੁੱਪਚਾਪ ਸਹਿ ਲਿਆ ਅਤੇ ਕਈ ਵਾਰ ਲੋਕਾਂ ਨੂੰ ਉਨ੍ਹਾਂ ਦੀ ਬਣਦੀ ਔਕਾਤ ਵਿਖਾਈ। ਇਸੇ ਤਰ੍ਹਾਂ ਕਿੰਨੇ ਸਾਰੇ ਖੱਟੇ ਮਿੱਠੇ ਤਜਰਬੇ ਸਾਡੀ ਝੋਲੀ ਪਾਉਂਦਾ ਸਾਲ ਆਪਣੇ ਆਖ਼ਰੀ ਪੜਾਅ ਤੇ ਪੁੱਜਦਾ ਹੈ,ਫਿਰ ਇੱਕ ਦਿਨ ਉਹ ਸਾਲ ਪੂਰੀ ਤਰ੍ਹਾਂ ਅਤੀਤ ਬਣ ਜਾਂਦਾ ਹੈ। ਜਿਸ ਨੂੰ ਬਦਲਿਆਂ ਨਹੀਂ ਜਾ ਸਕਦਾ ਬਸ ਯਾਦ ਕੀਤਾ ਜਾ ਸਕਦਾ ਹੈ ਜਾਂ ਫਿਰ ਸਬਕ ਸਿੱਖੇ ਜਾ ਸਕਦੇ ਹਨ। ਪੁਰਾਣੇ ਦੇ ਬੀਤਣ ਨਾਲ ਹੀ ਨਵੇਂ ਦੀ ਸ਼ੁਰੂਆਤ ਹੁੰਦੀ ਹੈ । ਇਹ ਨਵਾਂ ਵਰ੍ਹਾ ਆਪਣੇ ਨਾਲ ਆਸ ਦੀ ਇੱਕ ਨਵੀਂ ਕਿਰਨ ਲੈ ਕੇ ਆਉਂਦਾ ਹੈ। ਫਿਰ ਇੱਕ ਵਾਰ ਮਨੁੱਖ ਦੀ ਝੋਲੀ ਦਿਨਾਂ ਦੇ ਪੰਨਿਆਂ ਦੀ ਇੱਕ ਡਾਇਰੀ ਪੈਂਦੀ ਹੈ, ਜੋ ਬਿਲਕੁਲ ਨਵੀਂ ਨਕੋਰ ਹੁੰਦੀ ਹੈ। ਜਿਸ ਨੂੰ ਮਨੁੱਖ ਬਹੁਤ ਖ਼ੂਬਸੂਰਤ ਤੇ ਸਜਾਵਟੀ ਬਣਾ ਸਕਦਾ ਹੈ ਪਰ ਉਸ ਦੀ ਸ਼ਰਤ ਇਹ ਹੈ ਕਿ ਮਨੁੱਖ ਨੂੰ ਸਵੈ ਪੜਚੋਲ ਕਰਨੀ ਹੋਵੇਗੀ
ਇਸ ਦੁਨੀਆ ਵਿੱਚ ਹਰ ਇਨਸਾਨ ਗ਼ਲਤੀਆਂ ਕਰਦਾ ਹੈ, ਹਰ ਇਨਸਾਨ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ। ਕਈ ਵਾਰ ਇਨਸਾਨ ਉਨ੍ਹਾਂ ਕਮੀਆਂ ਤੋਂ ਜਾਣੂ ਹੁੰਦਾ ਹੈ ਅਤੇ ਕਈ ਵਾਰ ਨਹੀਂ। ਮੰਨਦੇ ਹਾਂ ਕਿ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ ਪਰ ਇਹ ਕਿਤੇ ਨਹੀਂ ਲਿਖਿਆ ਕਿ ਅਸੀਂ ਆਪਣੀਆਂ ਆਦਤਾਂ ਨੂੰ ਬਦਲ ਨਹੀਂ ਸਕਦੇ ਜਾਂ ਗ਼ਲਤੀਆਂ ਦਾ ਸੁਧਾਰ ਨਹੀਂ ਕਰ ਸਕਦੇ। ਸੂਰਜ ਦੀ ਹਰ ਉਮਗਦੀ ਦੀ ਕਿਰਨ ਆਪਣੇ ਨਾਲ ਨਵੀਂ ਸ਼ੁਰੂਆਤ ਲੈ ਕੇ ਆਉਂਦੀ ਹੈ। ਕਿਸੇ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਆ ਸਕਦਾ ਹੈ ਜਦ ਉਸ ਵਿੱਚ ਆਪਣੇ ਆਪ ਨੂੰ ਤਬਦੀਲ ਕਰਨ ਦਾ ਮਨੋਬਲ ਹੋਵੇ। ਸਾਨੂੰ ਆਪਣੇ ਬੀਤੇ ਹੋਏ ਵਕਤ ਦੀ ਪੜਚੋਲ ਕਰਨੀ ਚਾਹੀਦੀ ਹੈ। ਹਰ ਮਨੁੱਖ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਕਮੀਆਂ, ਜਿਹੜੀਆਂ ਭੁੱਲਾਂ ਬੀਤੇ ਸਾਲ ਨਹੀਂ ਦੂਰ ਕਰ ਸਕੇ ਉਨ੍ਹਾਂ ਨੂੰ ਨਵੇਂ ਸਾਲ ਵਿੱਚ ਦੂਰ ਕਰਨ ਦਾ ਸੰਕਲਪ ਲਈਏ। ਜੇਕਰ ਅਸੀਂ ਆਪਣੇ ਬੀਤੇ ਹੋਏ ਸਮੇਂ ਨੂੰ ਚੰਗੀ ਤਰ੍ਹਾਂ ਘੋਖੀਏ ਤਾਂ ਸਾਨੂੰ ਆਪਣੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਮਹਿਸੂਸ ਹੋਵੇਗੀ, ਇਹ ਜ਼ਰੂਰਤ ਕੁਝ ਨਵਾਂ ਬਦਲਾਅ ਲਿਆਉਣ ਤੇ ਨਵਾਂ ਕੁਝ ਕਰਨ ਲਈ ਪ੍ਰੋਤਸਾਹਿਤ ਕਰੇਗੀ।
ਨਵੇਂ ਸਾਲ ਦੀ ਸ਼ੁਰੂਆਤ ਨਵੀਆਂ ਉਮੰਗਾਂ ਨਵੇਂ ਚਾਅ ਮਲਾਰ ਆਪਣੇ ਨਾਲ ਲੈ ਕੇ ਆਉਂਦੀ ਹੈ। ਇਸ ਨਵੀਂ ਸ਼ੁਰੂਆਤ ਵਿੱਚ ਜ਼ਰੂਰੀ ਹੈ ਕਿ ਅਸੀਂ ਆਪਣੇ ਅਤੀਤ ਨੂੰ ਦੇਖ ਕੇ ਤੇ ਆਪਣੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੇਂ ਸਕਾਰਾਤਮਿਕ ਸੰਕਲਪ ਲਈਏ। ਜਿੰਨਾ ਵਿੱਚ ਸਾਡੀਆਂ ਪੁਰਾਣੀਆਂ ਗ਼ਲਤੀਆਂ, ਪੁਰਾਣੀਆਂ ਭੁੱਲਾਂ ਦੀ ਕੋਈ ਥਾਂ ਨਾ ਹੋਵੇ।ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦੇਣ ਨਾਲ ਇੱਕ ਬਹੁਤ ਹੀ ਚੰਗੀ ਸ਼ਖ਼ਸੀਅਤ ਦਾ ਨਿਰਮਾਣ ਹੁੰਦਾ ਹੈ । ਹਰ ਨਵਾਂ ਸਾਲ ਆਪਣੇ ਨਾਲ ਢੇਰ ਸਾਰੇ ਮੌਕੇ ਲੈ ਕੇ ਆਉਂਦਾ ਹੈ, ਜੋ ਇਨਸਾਨ ਪਿਛਲੇ ਸਾਲ ਕੁਝ ਨਹੀਂ ਕਰ ਸਕੇ ਉਹ ਨਵੇਂ ਆ ਰਹੇ ਵਕਤ ਦੀ ਨਜ਼ਾਕਤ ਨੂੰ ਸਮਝਣ ਤੇ ਉਸ ਦਾ ਭਰਪੂਰ ਲਾਭ ਉਠਾਉਂਦੇ ਹੋਏ ਆਪਣੇ ਅਧੂਰੇ ਪਏ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇ।
ਆਸ ਤੇ ਅਰਦਾਸ ਕਰਦੀ ਹਾਂ ਕਿ ਆਉਣ ਵਾਲਾ ਨਵਾਂ ਵਰ੍ਹਾ ਦੇਸ਼ ਪੰਜਾਬ ਦੀ ਖ਼ੁਸ਼ਹਾਲੀ ਦਾ ਸਾਲ ਹੋਵੇ। ਅਰਦਾਸ ਹੈ ਉਸ ਅਕਾਲ ਪੁਰਖ ਅੱਗੇ ਕਿ ਇਹ ਵਰ੍ਹਾ ਮੇਰੇ ਹਰ ਪਾਠਕਾਂ ਦੇ ਜੀਵਨ ਵਿੱਚ ਖ਼ੁਸ਼ੀਆਂ ਦੇ ਦੀਪ ਜਗਾਵੇ । ਹਰ ਚਿਹਰੇ ਉੱਪਰ ਮੁਸਕਰਾਹਟ ਹੋਵੇ ਅਤੇ ਹਰ ਧੀ ਦੇ ਸੁਪਨਿਆਂ ਨੂੰ ਉਡਾਣ ਮਿਲੇ। ਨਵੀਂ ਉਗਮਦੀਆਂ ਉਮੰਗਾਂ ਹਰ ਵਿਹੜੇ ਵਿੱਚ ਰੌਣਕਾਂ ਲੈ ਕੇ ਆਉਣ। ਪੰਜਾਬ ਤੇ ਪੰਜਾਬੀਅਤ ਵਧੇ ਫੁੱਲੇ।
ਨਵਾਂ ਵਰ੍ਹਾ ਆਵੇ ਲੈ ਕੇ ਖ਼ੁਸ਼ੀਆਂ ਤੇ ਖੇੜਿਆਂ ਨੂੰ
ਹਰ ਮੁਸਕਾਨ ਮਿਲੇ ਰੋਂਦੇ ਹੋਏ ਚਿਹਰਿਆਂ ਨੂੰ।
ਲੇਖਕਾ – ਹਰਕੀਰਤ ਕੌਰ
ਮੋਬਾਈਲ : +91 97791-18066
Columns ਨਵਾਂ ਸਾਲ ਨਵੀਆਂ ਉਮੰਗਾਂ