ਨਵੀਂ ਉਮੀਦ ਫਾਊਂਡੇਸ਼ਨ ਪੰਜਾਬ ਵੱਲੋਂ ‘ਕੌਣ ਬਚਾਊ ਧੀਆਂ ਨੂੰ..?’ ਸੈਮੀਨਾਰ ਕਰਵਾਇਆ ਗਿਆ

ਜਲੰਧਰ, 27 ਅਕਤੂਬਰ – ਯੂਪੀ ਦੇ ਹਾਥਰਸ ‘ਚ ਵਾਪਰੀ ਘਟਨਾ ਤੋਂ ਬਾਅਦ ਸਹੀ ਭੂਮਿਕਾ ਨਾ ਨਿਭਾਉਣ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਆਮ ਲੋਕਾਂ ਦਾ ਗ਼ੁੱਸਾ ਵਧਦਾ ਜਾ ਰਿਹਾ, ਦੇਸ਼ ਦੇ ਕਈ ਹਿੱਸਿਆ ‘ਚ ਲੋਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਨਵੀਂ ਉਮੀਦ ਫਾਊਂਡੇਸ਼ਨ ਪੰਜਾਬ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 24 ਅਕਤੂਬਰ ਨੂੰ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਔਰਤਾਂ ਨੂੰ ਆਪਣੇ ਕਾਨੂੰਨੀ ਹੱਕਾਂ ਤੋਂ ਜਾਣੂ ਕਰਵਾਇਆ ਗਿਆ। ਸੈਮੀਨਾਰ ਦੌਰਾਨ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਵਾਪਰੀ ਘਟਨਾ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ‘ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਕੁੱਝ ਦਿਨ ਪਹਿਲਾਂ ਚਾਰ ਉੱਚ ਜਾਤੀ ਦੇ ਵਿਅਕਤੀਆਂ ਵੱਲੋਂ ਬਾਲਮੀਕੀ ਸਮਾਜ ਨਾਲ ਸਬੰਧਿਤ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਤੇ ਉਸ ਨੂੰ ਦਰਦਨਾਕ ਮੌਤ ਦਿੱਤੀ ਪਰ ਦੂਜੇ ਪਾਸੇ ਯੂ.ਪੀ ਪੁਲਿਸ ਦਾ ਪੱਖਪਾਤੀ ਰਵੱਈਆ ਅਤੇ ਅਸੰਵੇਦਨਸ਼ੀਲਤਾ ਢੰਗ ਨਾਲ ਸਰਕਾਰ ਵੱਲੋਂ ਇਸ ਮਾਮਲੇ ਨੂੰ ਵੇਖਿਆ ਗਿਆ ਤੇ ਸਹੀ ਤਰੀਕੇ ਨਾਲ ਕਾਨੂੰਨੀ ਕਾਰਵਾਈ ਨਹੀਂ ਜਿਸ ਨੂੰ ਲੈ ਕੇ ਸੈਮੀਨਾਰ ‘ਚ ਵਿਚਾਰ ਚਰਚਾ ਕਰਦਿਆਂ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਨਵੀਂ ਉਮੀਦ ਫਾਊਂਡੇਸ਼ਨ ਵੱਲੋਂ ਇੱਕ ਮਤਾ ਪਾਇਆ ਗਿਆ ਜਿਸ ‘ਚ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਦਾ ਸਮਾਜਿਕ ਤੌਰ ‘ਤੇ ਬਾਈਕਾਟ ਕੀਤਾ ਗਿਆ ਕਿਉਂਕਿ ਦਲਿਤ ਭਾਈਚਾਰੇ ਨਾਲ ਸਬੰਧਿਤ ਹੋਣ ਕਰਕੇ ਇਨ੍ਹਾਂ ਵੱਲੋਂ ਯੂਪੀ ‘ਚ ਵਾਪਰੀ ਘਟਨਾ ਖ਼ਿਲਾਫ਼ ਅਵਾਜ਼ ਨਹੀਂ ਉਠਾਈ ਗਈ।
ਨਵੀਂ ਉਮੀਦ ਫਾਊਂਡੇਸ਼ਨ ਦੇ ਕਾਰਜਕਾਰੀ ਪ੍ਰਧਾਨ ਐਲ.ਆਰ. ਨਈਅਰ ਨੇ ਖ਼ੁਸ਼ਹਾਲ ਤੇ ਸੁਖੀ ਪਰਿਵਾਰਕ ਹੋਂਦ ਦੀ ਕਾਮਨਾ ਲਈ ਅਜਿਹੇ ਸੁਰੱਖਿਆ ਸੈਮੀਨਾਰਾਂ ਨੂੰ ਸਮੇਂ ਦੀ ਮੁੱਖ ਲੋੜ ਦੱਸਿਆ।ਇਸ ਮੌਕੇ ‘ਤੇ ਸੈਮੀਨਾਰ ‘ਚ ਮੁੱਖ ਬੁਲਾਏ ਡਾ: ਹਰਸ਼ਿੰਦਰ ਕੌਰ ਨਾਮਵਰ ਮਹਿਲਾ ਅਧਿਕਾਰ ਕਾਰਕੁਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਹਰ 15 ਮਿੰਟ ਵਿੱਚ ਇੱਕ ਔਰਤ ਤੇ ਅੱਤਿਆਚਾਰ, 20 ਮਿੰਟ ‘ਚ ਬਲਾਤਕਾਰ ਤੇ ਅੱਧੇ ਘੰਟੇ ਵਿੱਚ ਇੱਕ ਔਰਤ ਨੂੰ ਅਗਵਾ ਕੀਤਾ ਜਾ ਰਿਹਾ ਹੈ ਜਿਸ ਦਾ ਆਉਣ ਵਾਲੀ ਪੀੜ੍ਹੀ ‘ਤੇ ਮਾੜਾ ਅਸਰ ਪੈ ਰਿਹਾ ਹੈ।
ਡਾ. ਹਰਸ਼ਿੰਦਰ ਕੌਰ ਨੇ ਯੂ.ਪੀ ‘ਚ ਵਾਪਰੀ ਬਲਾਤਕਾਰ ਦੀ ਘਟਨਾ ਦੀ ਨਿੰਦਾ ਕਰਦੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਨੂੰ ਸ਼ਰਮਿੰਦਾ ਕਰਦੀਆਂ ਨੇ ਜਿਸ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਐ, ਦੂਜੇ ਪਾਸੇ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਪਾਰਦਰਸ਼ਤਾ ਅਤੇ ਪੱਖਪਾਤ ਤੋਂ ਉੱਤੇ ਉੱਠ ਕੇ ਕੰਮ ਕਰਨ ਦੀ ਗੱਲ ਕਹੀ। ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕੁੜੀਆਂ ਨੂੰ ਆਪਣੀਆਂ ਸੁਰੱਖਿਆ ਆਪ ਕਰਕੇ ਆਤਮ ਨਿਰਭਰ ਹੋਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਕੁੜੀਆਂ ਨੂੰ ਬਚਪਨ ਵਿੱਚ ਕਦੀ ਨਹੀਂ ਕਹਿਣਾ ਚਾਹੀਦਾ ਕਿ ਉਹ ਕਮਜ਼ੋਰ ਨੇ ਕਿਉਂਕਿ ਕਿ ਉਹ ਆਪਣੀ ਜ਼ਿੰਦਗੀ ਦੀ ਲੜਾਈ ਖ਼ੁਦ ਲੜ ਸਕਦੀਆਂ ਨੇ ।
ਦੂਜੇ ਬੁਲਾਰੇ ਉੁੱਘੇ ਸਮਾਜ ਸੇਵੀ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦੇਸ਼ ‘ਚ ਵਿਗੜਦੀ ਕਾਨੂੰਨ ਵਿਵਸਥਾ ਦਾ ਅਸਰ ਯੁਵਾ ਪੀੜ੍ਹੀ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀਆਂ ਨੀਤੀਆਂ ‘ਚ ਬਦਲਾਅ ਕਰਨਾ ਚਾਹੀਦਾ ਤਾਂ ਜੋ ਜ਼ਮੀਨੀ ਹਕੀਕਤ ‘ਤੇ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਜਾ ਸਕੇ…ਉਨ੍ਹਾਂ ਕਿਹਾ ਕਿ ਹਾਥਰਸ ਘਟਨਾ ਪਿੱਛੇ ਲੋਕਾਂ ਦੀ ਮਾੜੀ ਮਾਨਸਿਕਤਾ ਅਤੇ ਜਾਤੀ-ਪ੍ਰਥਾ ਹੈ ਕਿਉਂਕਿ ਕਾਈ ਸੂਬਿਆਂ ਵਿੱਚ ਕਿਹਾ ਜਾਂਦਾ ਕਿ ਦਲਿਤ ਸਮਾਜ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਕੋਈ ਵੱਡੀ ਸਮੱਸਿਆ ਨਹੀਂ ਇਸ ਕਰਕੇ ਇਸ ਪ੍ਰਤੀ ਗੰਭੀਰ ਹੋਣਾ ਸਮੇਂ ਦੀ ਜ਼ਰੂਰਤ ਹੈ। ਇਸ ਮੌਕੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ਤੋਂ ਬਚਣਾ ਸਮੇਂ ਲੋੜ ਆ ਜਿਸ ਨੂੰ ਮਿਲ ਕੇ ਕੀਤਾ ਜਾ ਸਕਦਾ ਹੈ।
ਇਸ ਮੌਕੇ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਨਵੀਂ ਉਮੀਦ ਫਾਊਂਡੇਸ਼ਨ ਵੱਲੋਂ ਚੁੱਕਿਆ ਗਿਆ ਇਹ ਸ਼ਾਲਾਗਾਯੋਗ ਕਦਮ ਹੈ ਕਿਉਂਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਦੀ ਸੋਚ ਨੂੰ ਅੱਗੇ ਤੋਰਿਆ ਜਾ ਰਿਹਾ। ਇਸ ਮੌਕੇ ਪ੍ਰੋ. ਰਘੁਵੀਰ ਕੌਰ, ਸੁਰਿੰਦਰ ਕੁਮਾਰੀ ਕੋਚਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।