ਨਵੀਂ ਦਿੱਲੀ, 28 ਮਈ – ਇੱਕ ਪਾਸੇ ਦਿੱਲੀ ਵਿੱਚ ਦੇਸ਼ ਦੀ ਨਵੀਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ ਅਤੇ ਦੂਜੇ ਪਾਸੇ ਇਸ ਵਿੱਚ ਘੇਰਾਬੰਦੀ ਕਰਨ ਆਏ ਪਹਿਲਵਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਇੰਨਾ ਹੀ ਨਹੀਂ ਦਿੱਲੀ ਪੁਲਸ ਨੇ ਜੰਤਰ-ਮੰਤਰ ‘ਤੇ ਲਗਾਏ ਇਨ੍ਹਾਂ ਪਹਿਲਵਾਨਾਂ ਦੇ ਟੈਂਟ ਵੀ ਉਖਾੜ ਦਿੱਤੇ। ਇਹ ਪਹਿਲਵਾਨ ਪਿਛਲੇ ਕਈ ਦਿਨਾਂ ਤੋਂ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਸਨ। ਦੱਸਿਆ ਜਾਂਦਾ ਹੈ ਕਿ 23 ਅਪ੍ਰੈਲ ਤੋਂ ਜੰਤਰ-ਮੰਤਰ ਵਿਖੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੇ ਨਵੇਂ ਸੰਸਦ ਭਵਨ ਵੱਲ ਸ਼ਾਂਤਮਈ ਮਾਰਚ ਕਰਨ ਦਾ ਐਲਾਨ ਕੀਤਾ ਸੀ। ਪਹਿਲਵਾਨ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸਵੇਰੇ 11.30 ਵਜੇ ਨਵੇਂ ਸੰਸਦ ਭਵਨ ਲਈ ਰਵਾਨਾ ਹੋਏ। ਦਿੱਲੀ ਪੁਲਿਸ ਨੇ ਪਹਿਲਵਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਹੋਏ ਸਨ। ਨਵੇਂ ਸੰਸਦ ਭਵਨ ਵਿੱਚ ਪੁੱਜਣ ਲਈ ਆਏ ਪਹਿਲਵਾਨਾਂ ਨੇ ਬੈਰੀਕੇਡ ਤੋੜ ਦਿੱਤੇ। ਪੁਲੀਸ ਨੇ ਸਾਕਸ਼ੀ ਮਲਿਕ ਸਮੇਤ ਕੁਝ ਪਹਿਲਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਦਿੱਲੀ ਜੰਤਰ ਮੰਤਰ ’ਤੇ ਸੰਘਰਸ਼ ਕਰ ਰਹੀਆਂ ਮਹਿਲਾ ਪਹਿਲਵਾਨਾਂ ਨੇ ਦਿੱਲੀ ਵਿਚ ਔਰਤ ਸਨਮਾਨ ਮਹਾਂਪੰਚਾਇਤ ਕਰਨ ਦਾ ਸੱਦਾ ਦਿੱਤਾ ਸੀ, ਜੰਤਰ ਮੰਤਰ ’ਤੇ ਮਹਿਲਾ ਮਹਾਂਪੰਚਾਇਤ ਵਿਚ ਪਹਿਲਵਾਨਾਂ ਦਾ ਪੁਲੀਸ ਨਾਲ ਤਕਰਾਰ ਹੋਇਆ। ਪੁਲੀਸ ਨੇ ਬਜਰੰਗ ਪੂਨੀਆ, ਵਿਨੇਸ਼ ਫੋਗਾਟ, ਸੰਗੀਤਾ ਫੋਗਾਟ ਤੇ ਸਾਕਸ਼ੀ ਮਲਿਕ ਨੂੰ ਹਿਰਾਸਤ ਵਿਚ ਲੈ ਲਿਆ ਤੇ ਪਹਿਲਵਾਨਾਂ ਦੇ ਧਰਨੇ ਵਾਲੇ ਟੈਂਟ ਪੁੱਟ ਦਿੱਤੇ। ਪਹਿਲਵਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਮਾਰਚ ਕੱਢਣਾ ਚਾਹੁੰਦੇ ਸਨ ਪਰ ਪੁਲੀਸ ਨੇ ਉਨ੍ਹਾਂ ਦੀ ਇਕ ਨਾ ਸੁਣੀ। ਪੰਜਾਬ ਤੇ ਹਰਿਆਣਾ ਤੋਂ ਵੀ ਵੱਡੀ ਗਿਣਤੀ ਕਿਸਾਨ ਧਰਨੇ ਵਾਲੀ ਥਾਂ ’ਤੇ ਪੁੱਜੇ। ਹੋਰ ਕਿਸਾਨਾਂ ਨੂੰ ਵੀ ਦਿੱਲੀ ਆਉਣ ਤੋਂ ਰੋਕਣ ਲਈ ਗਾਜ਼ੀਪੁਰ ਸਰਹੱਦ ’ਤੇ ਵੱਡੀ ਗਿਣਤੀ ਪੁਲੀਸ ਤੇ ਰੈਪਿਡ ਐਕਸ਼ਨ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ। ਹਰਿਆਣਾ ਪੁਲੀਸ ਨੇ ਵੀ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਵੱਡੇ ਪੱਧਰ ’ਤੇ ਬੈਰੀਕੇਡਿੰਗ ਕੀਤੀ ਹੋਈ ਸੀ। ਕਿਸਾਨ ਤੇ ਖਾਪ ਆਗੂਆਂ ਹਰਦੀਪ ਅਹਿਲਾਵਤ ਤੇ ਮਹਿੰਦਰ ਨੰਦਾਲ ਨੂੰ ਵੀ ਹਿਰਾਸਤ ਵਿਚ ਲਿਆ ਗਿਆ।
ਦਿੱਲੀ ਪੁਲੀਸ ਨੇ ਨਵੇਂ ਸੰਸਦੀ ਭਵਨ ਵੱਲ ਮਾਰਚ ਕਰ ਰਹੇ ਕੁੱਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਜੰਤਰ ਮੰਤਰ ’ਤੇ ਚੱਲ ਰਹੇ ਧਰਨੇ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਦੰਗੇ ਭੜਕਾਉਣ ਅਤੇ ਸਰਕਾਰੀ ਕਰਮਚਾਰੀ ਦੇ ਕੰਮ ਵਿੱਚ ਵਿਘਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਕਿ ਜੰਤਰ ਮੰਤਰ ਦੇ 109 ਪ੍ਰਦਰਸ਼ਨਕਾਰੀਆਂ ਸਮੇਤ ਪੂਰੀ ਦਿੱਲੀ ਵਿੱਚ 700 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਆਈਪੀਸੀ ਦੀਆਂ ਧਾਰਾਵਾਂ 188, 186, 353, 332, 352, 147 ਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਧਰ, ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਿਰਾਸਤ ਵਿੱਚ ਲਈਆਂ ਸਾਰੀਆਂ ਮਹਿਲਾ ਪਹਿਲਵਾਨਾਂ ਨੂੰ ਛੱਡ ਦਿੱਤਾ ਗਿਆ ਹੈ। ਪਹਿਲਵਾਨ ਬਜਰੰਗ ਪੂਨੀਆ ਨੂੰ ਵੀ ਛੱਡ ਦਿੱਤਾ ਗਿਆ ਹੈ।
Home Page ਨਵੀਂ ਸੰਸਦ ਭਵਨ ਵੱਲ ਵਧ ਰਹੇ ਪਹਿਲਵਾਨਾਂ ਨੂੰ ਪੁਲਿਸ ਨੇ ਰੋਕ ਦਿੱਤਾ...