ਨਾਮਵਰ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਦੀ ਪ੍ਰਭਾਵਸ਼ਾਲੀ ਸ਼ਿਰਕਤ
ਕੈਲੇਫੋਰਨੀਆ, ੧੭ ਫਰਵਰੀ (ਹੁਸਨ ਲੜੋਆ ਬੰਗਾ) – ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੇ ਸਟਾਕਟਨ ਯੂਨਿਟ ਵੱਲੋਂ ਮਹਿੰਦਰਪਾਲ ਸਿੰਘ ਧਾਲੀਵਾਲ ਦੇ ਨਾਵਲ ‘ਰੁੱਤਾਂ ਲਹੂ ਲੁਹਾਣ’ ਉੱਪਰ ਕਰਵਾਈ ਗਈ ਵਿਚਾਰ ਗੋਸ਼ਟੀ ਸ਼ਾਨਦਾਰ ਸਫਲਤਾ ਸਹਿਤ ਸੰਪੰਨ ਹੋਈ। ਇਸ ਦੌਰਾਨ ਹੋਈ ਭਰਵੀਂ ਅਤੇ ਭਖਵੀਂ ਵਿਚਾਰ ਚਰਚਾ ਵਿਚ ਕੈਲੇਫੋਰਨੀਆ ਦੇ ਨਾਮਵਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਪੇਪਰ ਸੈਸ਼ਨ ਵਿੱਚ ਚਾਰ ਪੇਪਰ ਪੜ੍ਹੇ ਗਏ। ਡਾ. ਸੁਰਜੀਤ ਬਰਾੜ ਦਾ ਪੇਪਰ ‘ਨਕਸਲੀ ਲਹਿਰ ਦਾ ਦਸਤਾਵੇਜ਼: ਰੁੱਤਾਂ ਲਹੂ ਲੁਹਾਣ’ ਮਨਦੀਪ ਗੋਰਾ ਵੱਲੋਂ ਪੜ੍ਹ ਕੇ ਸੁਣਾਇਆ ਗਿਆ। ਉਨ੍ਹਾਂ ਨੇ ਆਪਣੇ ਪੇਪਰ ਵਿੱਚ ਇਸ ਨਾਵਲ ਦਾ ਵਿਸਥਾਰ ਸਹਿਤ ਵਿਲੇਸ਼ਲਣ ਕਰਦਿਆਂ ਕਿਹਾ ਕਿ ਇਹ ਇਤਿਹਾਸ…….. ਮੁਖੀ ਨਾਵਲ ਬਿਲਕੁਲ ਹਟਵਾਂ, ਵਿਲੱਖਣ ਤੇ ਵਿਕਲੋਤਰੀ ਸੁਰ ਦਾ ਲਖਾਇਕ ਹੈ। ਡਾ. ਰਾਜਿੰਦਰ ਪਾਲ ਸਿੰਘ ਬਰਾੜ ਦਾ ਪੇਪਰ ‘ਰੁੱਤਾਂ ਲਹੂ ਲੁਹਾਣ ਇਤਿਹਾਸਕ ਦਾਸਤਾਨ: ਪ੍ਰਮਾਣਿਕ ਦਸਤਾਵੇਜ਼’ ਪਿੰ੍ਰਸੀਪਲ ਹਰਨੇਕ ਸਿੰਘ ਦੁਆਰਾ ਪੇਸ਼ ਕੀਤਾ ਗਿਆ। ਡਾ. ਰਾਜਿੰਦਰ ਪਾਲ ਨੇ ਨਾਵਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਪੰਜਾਬ ਦੇ ਰਾਜਸੀ ਦ੍ਰਿਸ਼ ‘ਤੇ ਵਾਪਰੀਆਂ ਘਟਨਾਵਾਂ ਨੂੰ ਨਿਰੋਲ ਤਿਥੀਆਂ, ਮਿਥੀਆਂ ਜਾਂ ਨਾਵਾਂ ਥਾਵਾਂ ਤੱਕ ਸੀਮਤ ਕਰਨ ਦੀ ਥਾਂ, ਬੜੇ ਸੁਚੱਜੇ ਢੰਗ ਨਾਲ ਇਤਿਹਾਸਕ ਪ੍ਰਸੰਗ ਵਿੱਚ ਸਿਲਸਿਲੇਵਾਰ ਪੇਸ਼ ਕਰਦਾ ਹੈ। ਅਜਮੇਰ ਸਿੱਧੂ ਦਾ ਪੇਪਰ ‘ਨਕਸਲਬਾੜੀ ਲਹਿਰ ਦਾ ਇਤਿਹਾਸਕ ਬਿਰਤਾਂਤ: ਰੁੱਤਾਂ ਲਹੂ ਲੁਹਾਣ’ ਚਰਨਜੀਤ ਸਿੰਘ ਪੰਨੂ ਦੁਆਰਾ ਪੜ੍ਹ ਕੇ ਸੁਣਾਇਆ ਗਿਆ। ਇਸ ਪੇਪਰ ਅਨੁਸਾਰ ਇਸ ਨਾਵਲ ਰਾਹੀਂ ਮਹਿੰਦਰਪਾਲ ਨੇ ਜੁਝਾਰੂ ਅਤੇ ਪ੍ਰਗਤੀਸ਼ੀਲ ਸਾਹਿਤਕਾਰਾਂ ਅੰਦਰ ਪਈ ਸੁੰਨ ਅਤੇ ਜਮੂਦ ਨੂੰ ਤੋੜਨ ਦਾ ਉਪਰਾਲਾ ਕੀਤਾ ਹੈ, ਇਹ ਨਾਵਲ ਲੋਕ ਹਿਤੈਸ਼ੀ ਅਤੇ ਲੋਕ ਚੇਤਨਾ ਵਾਲੀ ਲਹਿਰ ਨਾਲ ਪੰਜਾਬੀ ਪਾਠਕ ਨੂੰ ਜੋੜੇਗਾ। ਚੌਥਾ ਪੇਪਰ ‘ਰੁੱਤਾਂ ਲਹੂ ਲੁਹਾਣ: ਸੰਘਰਸ਼ ਜਾਰੀ ਰੱਖਣ ਦਾ ਪੈਗ਼ਾਮ’ ਹਰਜਿੰਦਰ ਪੰਧੇਰ ਵੱਲੋਂ ਖ਼ੁਦ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਮਹਿੰਦਰਪਾਲ ਧਾਲੀਵਾਲ ਦਾ ਇਹ ਨਾਵਲ ਭਾਰਤ, ਖ਼ਾਸ ਤੌਰ ‘ਤੇ ਪੰਜਾਬ ਖੇਤਰ ਵਿਚਲੀ ਨਕਸਲਵਾੜੀ ਲਹਿਰ ਦਾ ਸਾਹਿਤਕ ਰੰਗ ਵਿੱਚ ਰੰਗਿਆ ਇਤਿਹਾਸਕ ਦਸਤਾਵੇਜ਼ੀ ਨਾਵਲ ਹੈ। ਇਸ ਵਿੱਚ ਨਾਵਲਕਾਰ ਨੇ ਨਕਸਲਵਾੜੀ ਲਹਿਰ ਦੇ ਵਿਕਾਸ ਤੇ ਗਿਰਦੇ ਗਰਾਫ਼ ਦੀ ਗੱਲ ਕਰਦਿਆਂ ਇਸ ਦੇ ਇਤਿਹਾਸ ਨੂੰ ਜਿਉਂਦਿਆਂ ਰੱਖਣ ਵੱਲ ਪ੍ਰੇਰਿਤ ਕੀਤਾ ਹੈ। ਇਸ ਤੋਂ ਬਾਅਦ ਚਰਚਾ ਦਾ ਆਰੰਭ ਕਰਦਿਆਂ ਬਿੱਕਰ ਸਿੰਘ ਕੰਮੇਆਣਾ ਨੇ ਬਹਿਸ ਨੂੰ ਇਕਦਮ ਗਰਮਾਅ ਦਿੱਤਾ। ਉਸ ਨੇ ਲੇਖਕ ਦੀ ਮਿਹਨਤ ਤੇ ਹਿੰਮਤ ਦੀ ਦਾਦ ਦਿੰਦਿਆਂ, ਮੋਗਾ ਘੋਲ ਅਤੇ ਬੱਸ ਕਿਰਾਇਆ ਅੰਦੋਲਨ ਵਰਗੀਆਂ ਮਹੱਤਵਪੂਰਨ ਘਟਨਾਵਾਂ ਨੂੰ ਯਥਾਯੋਗ ਥਾਂ ਨਾ ਦੇਣ ਦੀ ਆਲੋਚਨਾ ਵੀ ਕੀਤੀ। ਉਸ ਉਪਰੰਤ ਇੰਦਰ ਸਿੰਘ ਖ਼ਾਮੋਸ਼, ਮਹਿੰਗਾ ਸਿੰਘ ਸਰਪੰਚ, ਪਿਸ਼ੌਰਾ ਸਿੰਘ ਢਿੱਲੋਂ, ਹਰਜਿੰਦਰ ਪੰਧੇਰ ਅਤੇ ਮਹਿੰਦਰ ਪਾਲ ਧਾਲੀਵਾਲ, ਪ੍ਰੋ. ਹਰਭਜਨ ਸਿੰਘ ਆਦਿ ਨੇ ਵੀ ਇਸ ਬਹਿਸ ਵਿੱਚ ਯਥਾਯੋਗ ਹਿੱਸਾ ਲਿਆ। ਸਮਾਗਮ ਦੇ ਆਰੰਭ ਵਿੱਚ ਪ੍ਰਿਤਪਾਲ ਕੌਰ (ਮਰਹੂਮ ਸੰਤ ਰਾਮ ਉਦਾਸੀ ਦੀ ਲੜਕੀ), ਪਿਸ਼ੌਰਾ ਸਿੰਘ ਢਿੱਲੋਂ ਅਤੇ ਕੂਲ ਪੰਜਾਬੀ ਵਿਰਸਾ ਗਰੁੱਪ ਸਟਾਕਟਨ ਦੀ ਮਸ਼ਹੂਰ ਕ੍ਰਾਂਤੀਕਾਰੀ ਗਾਇਕ ਜੋੜੀ ਪਰਮਜੀਤ ਤੇ ਰੇਣੂ ਸਿੰਘ ਨੇ ਇਨਕਲਾਬੀ ਗੀਤ ਗਾ ਕੇ ਨਾਵਲ ਦੀ ਸੁਰ ਨਾਲ ਮੇਲ ਖਾਂਦਾ ਢੁਕਵਾਂ ਮਾਹੌਲ ਸਿਰਜਿਆ। ਸਭਾ ਦੇ ਪ੍ਰਧਾਨ ਹਰਜਿੰਦਰ ਪੰਧੇਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਬਲਦੇਵ ਸਿੰਘ (ਸੜਕਨਾਮਾ), ਅਮਰਜੀਤ ਚਾਹਲ ਅਤੇ ਸੁਰਿੰਦਰ ਸੋਹਲ ਆਦਿ ਵੱਲੋਂ ਆਏ ਸੰਦੇਸ਼ ਪੜ੍ਹ ਕੇ ਸੁਣਾਏ। ਇਸ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿੱਚ ਮਹਿੰਦਰਪਾਲ ਧਾਲੀਵਾਲ, ਇੰਦਰ ਸਿੰਘ ਖ਼ਾਮੋਸ਼, ਡਾ. ਹਰਭਜਨ ਸਿੰਘ ਸ਼ੇਰਗਿੱਲ ਅਤੇ ਹਰਜਿੰਦਰ ਪੰਧੇਰ ਸ਼ਾਮਲ ਹੋਏ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਹਰਭਜਨ ਸਿੰਘ ਨੇ ਪੁਰ-ਜੋਸ਼ ਢੰਗ ਨਾਲ ਆਪਣੇ ਮਖਸੂਸੀ ਅੰਦਾਜ਼ ਅਨੁਸਾਰ ਚਲਾਈ। ਇਸ ਤੋਂ ਬਾਅਦ ਦੂਜੇ ਸੈਸ਼ਨ ਵਿੱਚ ਸ਼ਾਨਦਾਰ ਕਵੀ ਦਰਬਾਰ ਹੋਇਆ। ਇਸ ਦਾ ਆਗਾਜ਼ ਪ੍ਰਿਤਪਾਲ ਕੌਰ ਨੇ ਸੰਤ ਰਾਮ ਉਦਾਸੀ ਦੇ ਮਸ਼ਹੂਰ ਗੀਤ ‘ਉੱਠ ਕਿਰਤੀਆ ਉੱਠ ਵੇ …’ ਨਾਲ ਕੀਤਾ। ਉਸ ਤੋਂ ਮਗਰੋਂ ਪਿਸੌਰਾ ਸਿੰਘ ਢਿੱਲੋਂ, ਮੱਖਣ ਲੁਹਾਰ, ਹਰਪ੍ਰੀਤ ਕੌਰ, ਡਾ. ਹਰਭਜਨ ਸਿੰਘ ਸ਼ੇਰਗਿੱਲ, ਜਯੋਤੀ ਸਿੰਘ, ਰਾਜਵਿੰਦਰ ਕੌਰ ਢਿੱਲੋਂ, ਪਰਮਜੀਤ ਰਾਏ, ਤਾਰਾ ਸਾਗਰ, ਮਹਿੰਦਰ ਪਾਲ ਸਿੰਘ ਧਾਲੀਵਾਲ, ਚਰਨਜੀਤ ਪੰਨੂੰ ਤੇ ਹੋਰ ਕਈ ਨਾਮਵਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਅੰਤ ਵਿੱਚ ਮਹਿੰਦਰਪਾਲ ਧਾਲੀਵਾਲ, ਭਜਨ ਕੌਰ ਧਾਲੀਵਾਲ, ਇੰਦਰ ਸਿੰਘ ਖ਼ਾਮੋਸ਼, ਪ੍ਰਿਤਪਾਲ ਕੌਰ, ਪਰਮਜੀਤ ਅਤੇ ਰੇਣੂੰ ਸਿੰਘ ਦੀ ਜੋੜੀ ਦਾ ਮਹਿਕਦੇ ਫੁੱਲਾਂ ਨਾਲ ਸਨਮਾਨ ਕੀਤਾ ਗਿਆ। ਸ੍ਰੀਮਤੀ ਪਰਮਜੀਤ ਭਾਨੂੰ, ਭਜਨ ਕੌਰ, ਸੁਖਬੀਰ ਕੌਰ, ਰਾਜਬੀਰ ਸਿੰਘ ਸਿੱਧੂ, ਤਤਿੰਦਰ ਕੌਰ, ਮਨਜੀਤ ਕੌਰ ਸਿੱਧੂ, ਅਮਰਜੀਤ ਸਿੰਘ ਦਰਦੀ, ਗੁੱਲਬਿੰਦਰ ਦਰਦੀ, ਹਰਜਿੰਦਰ ਕੁਮਾਰ, ਅਵਤਾਰ ਤਾਰੀ, ਮਿਸਿਜ਼ ਪੰਧੇਰ, ਪ੍ਰੋ. ਬਲਜਿੰਦਰ ਸਿੰਘ, ਕੁਲਦੀਪ ਸਿੰਘ ਤੱਖਰ ਆਦਿ ਸਰੋਤਿਆਂ ਨੇ ਸਾਰੇ ਸਮਾਗਮ ਨੂੰ ਇਕਾਗਰ ਮਨ ਨਾਲ ਸੁਣਿਆ ਅਤੇ ਮਾਣਿਆ।
International News ਨਾਵਲ ‘ਰੁੱਤਾਂ ਲਹੂ ਲੁਹਾਣ’ ਉੱਪਰ ਭਰਵੀਂ ਅਤੇ ਭਖਵੀਂ ਵਿਚਾਰ ਚਰਚਾ