ਨਿਊਜਰਸੀ ਦੇ ਜੰਗਲ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ, ਦੱਖਣੀ ਕੈਲੀਫੋਰਨੀਆ ਵਿਚ ਲੱਗੀ ਅੱਗ ਦੇ ਮਾਮਲੇ ਵਿਚ ਸ਼ੱਕੀ ਕੀਤਾ ਕਾਬੂ

ਕੈਪਸ਼ਨ- ਨਿਊਜਰਸੀ ਦੇ ਜੰਗਲ ਨੂੰ ਲੱਗੀ ਅੱਗ ਦਾ ਇਕ ਦ੍ਰਿਸ਼

ਸੈਕਰਾਮੈਂਟੋ 18 ਮਈ (ਹੁਸਨ ਲੜੋਆ) – ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਨੂੰ ਲੱਗੀ ਅੱਗ ਅਜੇ ਨਿਯੰਤਰਣ ਹੇਠ ਨਹੀਂ ਹੋਈ ਜਦ ਕਿ ਨਿਊਜਰਸੀ ਦੇ ਜੰਗਲਾਂ ਨੂੰ ਵੀ ਅੱਗ ਲੱਗ ਜਾਣ ਦੀ ਖਬਰ ਹੈ। ਨਿਊ ਜਰਸੀ ਫੌਰੈਸਟ ਫਾਇਰ ਸਰਵਿਸ ਨੇ ਕਿਹਾ ਹੈ ਕਿ ਲੰਘੀ ਰਾਤ ਅੱਗ ਨਿਯੰਤਰਣ ਤੋਂ ਬਾਹਰ ਹੋ ਗਈ ਸੀ ਪਰੰਤੂ ਬਾਅਦ ਵਿਚ ਇਸ ਉਪਰ ਕੁਝ ਹੱਦ ਤੱਕ ਕਾਬੂ ਪਾ ਲਿਆ ਗਿਆ। ਅਜੇ ਤੱਕ ਕੋਈ ਜਾਨੀ ਨੁਕਸਾਨ ਹੋਣ ਜਾਂ ਘਰਾਂ ਨੂੰ ਨੁਕਸਾਨ ਪੁੱਜਣ ਦੀ ਰਿਪੋਰਟ ਨਹੀਂ ਹੈ। ਇਹ ਅੱਗ ਬਾਸ ਰਿਵਰ ਸਟੇਟ ਜੰਗਲ ਵਿਚ ਲੱਗੀ ਹੈ। ਲੋਕਾਂ ਨੂੰ ਇਛੁੱਕ ਤੌਰ ‘ਤੇ ਅੱਗ ਵਾਲੇ ਖੇਤਰ ਵਿਚੋਂ ਨਿਕਲ ਆਉਣ ਲਈ ਕਿਹਾ ਗਿਆ ਹੈ ਤੇ ਖੇਤਰ ਵਿਚ ਪੈਂਦੇ ਇਕ ਮਿਡਲ ਸਕੂਲ ਨੂੰ ਲੋਕਾਂ ਦੇ ਠਹਿਰਣ ਲਈ ਵਰਤਿਆ ਜਾ ਰਿਹਾ ਹੈ।
ਅੱਗ ਲਾਉਣ ਵਾਲਾ ਸ਼ੱਕੀ ਗ੍ਰਿਫਤਾਰ – ਦੱਖਣੀ ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਦੇ ਮਾਮਲੇ ਵਿਚ ਇਕ ਸ਼ੱਕੀ ਗ੍ਰਿਫਤਾਰ ਕੀਤਾ ਹੈ। ਲਾਸ ਏਂਜਲਸ ਮੇਅਰ ਐਰਿਕ ਗੈਰਸੈਟੀ ਨੇ ਕਿਹਾ ਹੈ ਕਿ ਸਮਝਿਆ ਜਾਂਦਾ ਹੈ ਕਿ ਇਹ ਵਿਅਕਤੀ ਅੱਗ ਲਾਉਣ ਲਈ ਜਿੰਮੇਵਾਰ ਹੈ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਅਨੁਸਾਰ ਅੱਗ ਨਾਲ 1325 ਏਕੜ ਰਕਬਾ ਸੜ ਚੁੱਕਾ ਹੈ। ਅੱਗ ਬੁਝਾਊ ਅਮਲੇ ਦਾ ਇਕ ਵਿਅਕਤੀ ਮਾਮਲੀ ਜਖਮੀ ਹੋਇਆ ਹੈ। ਉਸ ਦੀ ਅੱਖ ਵਿਚ ਜਖਮ ਹੋਇਆ ਹੈ। ਅਧਿਕਾਰੀਆਂ ਅਨੁਸਾਰ ਹਲਕੀ ਬਾਰਿਸ਼ ਅੱਗ ਨੂੰ ਫੈਲਣ ਤੋਂ ਰੋਕਣ ਵਿਚ ਮੱਦਦਗਾਰ ਸਾਬਤ ਹੋਈ ਹੈ।