ਦੁਨੀਆ ਦਾ 13ਵਾਂ ਮੁਲਕ ਬਣਿਆ
ਵੈਲਿੰਗਟਨ (ਕੂਕ) – ਨਿਊਜ਼ੀਲੈਂਡ ਵਿੱਚ ਸਮਲਿੰਗੀਆਂ ਨੂੰ ਵਿਆਹ ਕਰਵਾਉਣ ਦਾ ਕਾਨੂੰਨੀ ਹੱਕ ਆਖੀਰਕਾਰ ਹਾਸਲ ਹੋ ਹੀ ਗਿਆ। ਕਾਫੀ ਲੰਮੇ ਸਮੇਂ ਤੋਂ ਲਟਕਿਆ ਆ ਰਿਹਾ ਸਮਲਿੰਗੀ ਵਿਆਹ ਕਾਨੂੰਨ ਵਾਲਾ ਬਿੱਲ 17 ਅਪ੍ਰੈਲ ਦਿਨ ਬੁੱਧਵਾਰ ਨੂੰ 77 ਦੇ ਮੁਕਾਬਲੇ 44 ਵੋਟਾਂ ਨਾਲ ਪਾਸ ਹੋ ਗਿਆ। ਇਹ ਇਤਿਹਾਸਕ ਫੈਸਲਾ ਹੈ ਤੇ ਨਿਊਜ਼ੀਲੈਂਡ ਅਜਿਹਾ ਕਾਨੂੰਨ ਲਾਗੂ ਕਰਨ ਵਾਲਾ ਦੁਨੀਆ ਦਾ 13ਵਾਂ ਮੁਲਕ ਬਣ ਗਿਆ ਹੈ। ਇਹ ਬਿੱਲ ਹੁਣ ਕਾਨੂੰਨ ਦਾ ਰੂਪ ਧਾਰ ਗਿਆ ਹੈ ਤੇ ਇਸੇ ਸਾਲ ਅਗਸਤ ਦੇ ਮੱਧ ਤੋਂ ਲਾਗੂ ਹੋ ਜਾਵੇਗਾ। ਜਿਸ ਦੇ ਤਹਿਤ ਕੋਈ ਵੀ ਲਿੰਗ ਵਾਲਾ (ਲੜਕਾ ਜਾਂ ਲੜਕੀ) ਆਪਣੇ ਸਮਾਨ ਲਿੰਗ ਵਾਲੇ ਨਾਲ ਦੇਸ਼ ਅੰਦਰ ਕਾਨੂੰਨੀ ਤੌਰ ‘ਤੇ ਵਿਆਹ ਕਰਵਾਉਣ ਦਾ ਹੱਕਦਾਰ ਹੋਵੇਗਾ। ਇਸ ਸਮਲਿੰਗੀ ਬਿੱਲ ਨੂੰ ਲੇਬਰ ਪਾਰਟੀ ਦੀ ਸਾਂਸਦ ਲੁਈਸਾ ਵਾਲ ਨੇ ਪੇਸ਼ ਕੀਤਾ ਸੀ ਜੋ ਸਦਨ ਵਿੱਚ ਤੀਜੀ ਬਹਿਸ ਤੋਂ ਬਾਅਦ ਪਾਸ ਹੋ ਗਿਆ। ਜਿਸ ਵੇਲੇ ਬਿੱਲ ‘ਤੇ ਸਦਨ ਵਿੱਚ ਬਹਿਸ ਹੋ ਰਹੀ ਸੀ ਤਾਂ ਸਦਨ ਖਚਾਖਚ ਭਰੀ ਹੋਈ ਸੀ ਅਤੇ ਸਾਰੇ ਦੇਸ਼ ਦੀਆਂ ਨਜ਼ਰ ਇਸ ਬਿੱਲ ਉਪਰ ਹੀ ਲੱਗੀਆਂ ਹੋਈਆਂ ਸਨ।
NZ News ਨਿਊਜ਼ੀਲੈਂਡ ‘ਚ ਸਮਲਿੰਗੀ ਵਿਆਹ ਕਾਨੂੰਨ ਪਾਸ