ਸਤੰਬਰ 2010 ਵਿੱਚ ਆਇਆ ਸੀ ਪੜ੍ਹਨ -ਯੂ.ਪੀ. ਰਹਿੰਦੇ ਹਨ ਮਾਪੇ
ਆਕਲੈਂਡ 25 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) – ਆਕਲੈਂਡ ਤੋਂ ਲਗਪਗ 500 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸੇ ਸ਼ਹਿਰ ਗਿਸਬੌਰਨ ਵਿਖੇ ਰਹਿੰਦਾ 22 ਸਾਲਾ ਪੰਜਾਬੀ ਮੁੰਡਾ ਅਮਨਦੀਪ ਸਿੰਘ ਸਪੁੱਤਰ ਸ੍ਰੀ ਸਰਬਜੀਤ ਸਿੰਘ ਤੇ ਸੁਖਵਿੰਦਰ ਕੌਰ, ਪਿੰਡ ਅਫ਼ਜਲਗੜ੍ਹ, ਜ਼ਿਲ੍ਹਾ ਬਿਜਨੌਰ (ਯੂ.ਪੀ) ਜੋ ਕਿ 29 ਦਸੰਬਰ, 2012 ਤੋਂ ਲਾਪਤਾ ਚੱਲ ਰਿਹਾ ਸੀ, ਬੀਤੀ ਰਾਤ ਉਸ ਦੀ ਲਾਸ਼ ਕੈਚੀ ਬੀਚ ਰੋਡ ਦੇ ਅਖੀਰ ਵਿੱਚ ਇਕ ਖਾਲੀ ਥਾਂ ਉਤੇ ਝੁੰਡ ਦੇ ਲਾਗੇ ਮਿਲੀ। ਇਹ ਜਾਣਕਾਰੀ ਕਿਸੇ ਸੈਰ ਕਰਨ ਵਾਲੇ ਵਿਅਕਤੀ ਨੇ ਪੁਲਿਸ ਨੂੰ ਦਿੱਤੀ। ਪੁਲਿਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟ ਮਾਰਟਮ ਕਰਵਾ ਰਹੀ ਹੈ ਜੋ ਕਿ ਸੋਮਵਾਰ ਤੱਕ ਹੋਣ ਦੀ ਉਮੀਦ ਹੈ। ਪਤਾ ਲੱਗਾ ਹੈ ਕਿ ਉਸ ਦੇ ਕੁਝ ਰਿਸ਼ਤੇਦਾਰ ਆਸਟਰੇਲੀਆ ਤੋਂ ਇਥੇ ਪਹੁੰਚ ਰਹੇ ਹਨ। ਇਹ ਮੁੰਡਾ ਸਤੰਬਰ 2010 ਦੇ ਵਿੱਚ ਪੜ੍ਹਾਈ ਕਰਨ ਨਿਊਜ਼ੀਲੈਂਡ ਆਇਆ ਸੀ ਅਤੇ ਇਸ ਵੇਲੇ ਕੰਮ ਦੀ ਭਾਲ ਵਾਲੇ ਵਰਕ ਵੀਜ਼ੇ ‘ਤੇ ਸੀ। ਉਸ ਨੇ ਆਪਣੇ ਘਰਦਿਆਂ ਨੂੰ ਆਖਰੀ ਫੋਨ 27 ਦਸੰਬਰ, 2012 ਨੂੰ ਕੀਤਾ ਸੀ। ਉਸ ਦੀ ਇਕ ਛੋਟੀ ਭੈਣ ਕਰਮਜੀਤ ਕੌਰ ਹੈ ਅਤੇ ਆਪ ਇਕੱਲਾ ਪੁੱਤਰ ਸੀ।