ਦੱਖਣੀ ਅਫ਼ਰੀਕਾ ਨਾਲ ਲੜੀ ਅਗਲੇ ਹਫਤੇ ਤੋਂ
ਨੇਪੀਅਰ (ਨਿਊਜ਼ੀਲੈਂਡ) – ਮੇਜ਼ਬਾਨ ਨਿਊਜ਼ੀਲੈਂਡ ਨੇ ਜ਼ਿੰਬਾਬਵੇ ਤੋਂ ਪਹਿਲਾਂ ਟੈਸਟ ਲੜੀ ਅਤੇ ਹੁਣ ਇਕ ਦਿਨਾ ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਆਪਣੇ ਨਾਂਅ ਕਰ ਲਈ ਹੈ। ਨਿਊਜ਼ੀਲੈਂਡ ਨੇ ਲੜੀ ਦੇ ਆਖ਼ਰੀ ਅਤੇ ਤਿਸਰੇ ਇਕ ਦਿਨਾ ਮੈਚ ਵਿੱਚ ਕਪਤਾਨ ਬਰੈਂਡਨ ਮੈਕੂਲਮ ਦੀ ਧਮਾਕੇਦਾਰ ਸੈਂਕੜੇ ਵਾਲੀ ਪਾਰੀ ਦੇ ਕਰਕੇ ਜ਼ਿੰਬਾਬਵੇ ਨੂੰ 202 ਦੌੜਾਂ ਨਾਲ ਹਰਾਇਆ।
ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 373 ਦੌੜਾਂ ਬਣਾਈਅਆਂ। ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ (85) ਅਤੇ ਰਾਬ ਨਿਕੋਲ (61) ਨੇ 153 ਦੌੜਾ ਦੀ ਸਾਂਝੇਦਾਰੀ ਕਰਕੇ ਕੇ ਟੀਮ ਨੂੰ ਮਜ਼ਬੂਤ ਸ਼ੁਰੁਆਤ ਦਿੱਤੀ। ਕਪਤਾਨ ਬਰੈਂਡਨ ਮੈਕੂਲਮ ਦੀ 88 ਗੇਂਦਾਂ ‘ਤੇ 5 ਛੱਕਿਆਂ ਅਤੇ 7 ਚੌਕਿਆਂ ਦੀ ਪਾਰੀ ਸਦਕਾ 119 ਦੌੜਾਂ ਬਣਾ ਕੇ ਟੀਮ ਨੂੰ ਵੱਡਾ ਸਕੋਰ ਬਨਾਉਣ ਵਿੱਚ ਸਹਾਇਤਾ ਕੀਤੀ। ਨਿਊਜ਼ੀਲੈਂਡ ਵੱਲੋਂ ਮਿਲੇ 373 ਦੌੜਾਂ ਦੇ ਟੀਚੇ ਨੂੰ ਹਾਸਿਲ ਕਰਨ ‘ਚ ਨਾਕਾਮ ਰਹੀ ਜ਼ਿੰਬਾਬਵੇ ਦੀ ਟੀਮ 6 ਓਵਰ ਬਾਕੀ ਰਹਿੰਦਿਆਂ 171 ਦੌੜਾਂ ‘ਤੇ ਹੀ ਆਉਟ ਹੋ ਕੇ ਹਾਰ ਗਈ। ਜ਼ਿੰਬਾਬਵੇ ਵੱਲੋਂ ਸਭ ਨਾਲੋਂ ਵੱਧ 65 ਦੌੜਾਂ ਕਪਤਾਨ ਬਰੈਂਡਨ ਟੇਲਰ ਨੇ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਸਕੋਰ ਨਾ ਬਣਾ ਸਕਿਆ।
ਨਿਊਜ਼ੀਲੈਂਡ ਦੇ ਲੈਗ ਸਪਿੰਨਰ ਤਰੁਣ ਨੇਥੁਲਾ ਅਤੇ ਗੇਂਦਬਾਜ਼ ਨਾਥਨ ਮੈਕੂਲਮ ਅਤੇ ਕੇਨ ਵਿਲੀਅਨਸਨ ਨੇ 2-2 ਵਿਕਟਾਂ ਲਈਆਂ। ਗੌਰਤਲਬ ਹੈ ਕਿ ਜ਼ਿੰਬਾਬਵੇ ਨੂੰ ਇਸੇ ਮੈਕਲੀਨ ਪਾਰਕ ਦੇ ਮੈਦਾਨ ‘ਚ ਪਿਛਲੇ ਮਹੀਨੇ ਹੋਏ ਇੱਕਲੋਤੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਹੱਥੋਂ ਪਾਰੀ ਅਤੇ 301 ਦੌੜਾਂ ਦੀ ਹਾਰ ਨਸੀਬ ਹੋਈ ਸੀ।
ਜ਼ਿੰਬਾਬਵੇ ਵੱਲੋਂ ਕੇ. ਜਾਰਵਿਸ ਨੇ 58 ਦੌੜਾਂ ਅਤੇ ਰੇ. ਪਰਾਈਸ ਨੇ 59 ਦੌੜਾਂ ਦੇ ਕੇ 2-2 ਵਿਕਟ ਲਏ। ਜਦੋਂ ਕਿ ਜਿੰਬਾਬਵੇ ਦੇ ਗੇਂਦਬਾਜ਼ ਬਰਾਇਨ ਵਿਟੋਰੀ ਨੇ 9 ਓਵਰਾਂ ‘ਚ 105 ਦੌੜਾਂ ਦੇ ਕੇ 1 ਵਿਕਟ ਲਈ ਜਿਸ ਦੇ ਨਾਲ ਉਹ ਨਿਊਜ਼ੀਲੈਂਡ ਵਿਰੁੱਧ ਖੇਡੇ ਗਏ ਇਕ ਦਿਨਾ ਕ੍ਰਿਕਟ ਦੇ ਇਤਿਹਾਸ ਵਿੱਚ ਉਹ ਸਭ ਤੋਂ ਮਹਿੰਗਾ ਗੇਂਦਬਾਜ਼ ਬਣ ਗਿਆ ਹੈ। ਨਿਊਜ਼ੀਲੈਂਡ ਦੇ ਕਪਤਾਨ ਬਰੈਂਡਨ ਮੈਕੂਲਮ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੂੰ ਦੱਖਣੀ ਅਫ਼ਰੀਕਾ ਤੋਂ ਸਖ਼ਤ ਚੁਣੋਤੀ ਮਿਲਣ ਵਾਲੀ ਹੈ ਕਿਉਂਕਿ ਦੱਖਣੀ ਅਫ਼ਰੀਕਾ ਅਗਲੇ ਹਫਤੇ ਨਿਊਜ਼ੀਲੈਂਡ ਦੇ ਦੌਰੇ ‘ਤੇ ਆ ਰਹੀ ਹੈ। ਨਿਊਜ਼ੀਲੈਂਡ ਨੇ ਮਹਿਮਾਨ ਟੀਮ ਨਾਲ 3 ਟੈਸਟ ਮੈਚ, 3 ਇਕ ਦਿਨਾਂ ਅਤੇ 3 ਟੀ-20 ਮੈਚਾਂ ਦੀ ਲੜੀ ਖੇਡਣੀ ਹੈ।
Sports ਨਿਊਜ਼ੀਲੈਂਡ ਨੇ ਜ਼ਿੰਬਾਬਵੇ ਤੋਂ ਇਕ ਦਿਨਾ ਲੜੀ ਵੀ ਜਿੱਤੀ