ਨਿਊਜ਼ੀਲੈਂਡ ਨੇ 15 ਸਾਲਾਂ ਬਾਅਦ ਬੰਗਲਾਦੇਸ਼ ‘ਚ ਵਨਡੇ ਸੀਰੀਜ਼ ਜਿੱਤੀ, ਫੈਸਲਾਕੁੰਨ ਮੈਚ ‘ਚ 7 ​​ਵਿਕਟਾਂ ਨਾਲ ਹਰਾਇਆ

ਢਾਕਾ, 26 ਸਤੰਬਰ – ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਤੀਜੇ ਅਤੇ ਆਖਰੀ ਵਨਡੇ ਵਿੱਚ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ 15 ਸਾਲਾਂ ਬਾਅਦ ਜਿੱਤ ਲਈ। 2008 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਨਿਊਜ਼ੀਲੈਂਡ ਨੇ ਬੰਗਲਾਦੇਸ਼ ‘ਚ ਵਨਡੇ ਸੀਰੀਜ਼ ਜਿੱਤੀ ਹੈ। ਮੇਜ਼ਬਾਨ ਬੰਗਲਾਦੇਸ਼ ਤੋਂ ਵਨਡੇ ਸੀਰੀਜ਼ ਜਿੱਤ ਕੇ ਕੀਵੀ ਟੀਮ ਨੇ ਭਾਰਤ ‘ਚ 5 ਅਕਤੂਬਰ ਤੋਂ ਹੋ ਸ਼ੁਰੂ ਹੋ ਰਹੇ 50-50 ਓਵਰਾਂ ਦੇ ਵਨਡੇ ਵਰਲਡ ਕੱਪ ਤੋਂ ਪਹਿਲਾਂ ਮਜ਼ਬੂਤੀ ਦਾ ਪ੍ਰਦਰਸ਼ਨ ਕੀਤੀ ਹੈ। ਕੀਵੀ ਟੀਮ ਦਾ ਵਰਲਡ ਕੱਪ ‘ਚ ਪਹਿਲਾ ਮੁਕਾਬਲਾ 5 ਅਕਤੂਬਰ ਨੂੰ ਇੰਗਲੈਂਡ ਨਾਲ ਉਦਘਾਟਨ ਨਾਲ ਹੋਣਾ ਹੈ।
ਮੇਜ਼ਬਾਨ ਬੰਗਲਾਦੇਸ਼ ਦੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 34.3 ਓਵਰਾਂ ‘ਚ 171 ਦੌੜਾਂ ‘ਤੇ ਆਲ ਆਊਟ ਹੋ ਗਈ। ਮਹਿਮਾਨ ਟੀਮ ਨਿਊਜ਼ੀਲੈਂਡ ਨੇ 34.5 ਓਵਰਾਂ ‘ਚ 3 ਵਿਕਟਾਂ ‘ਤੇ 175 ਦੌੜਾਂ ਬਣਾ ਕੇ 7 ​​ਵਿਕਟਾਂ ਨਾਲ ਜਿੱਤ ਦਰਜ ਕੀਤੀ। ਨਿਊਜ਼ੀਲੈਂਡ ਲਈ ਸਲਾਮੀ ਬੱਲੇਬਾਜ਼ ਵਿਲ ਯੰਗ ਨੇ 80 ਗੇਂਦਾਂ ‘ਚ 70 ਦੌੜਾਂ ਬਣਾਈਆਂ ਜਦੋਂ ਕਿ ਹੈਨਰੀ ਨਿਕੋਲਸ ਨੇ 50 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਸ ਤੋਂ ਪਹਿਲਾਂ ਬੰਗਲਾਦੇਸ਼ ਲਈ ਕਾਰਜਕਾਰੀ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਐਡਮ ਮਿਲਨੇ ਨੇ 34 ਦੌੜਾਂ ਦੇ ਕੇ 4 ਵਿਕਟਾਂ ਲਈਆਂ।
ਪਹਿਲਾ ਮੈਚ ਮੀਂਹ ਕਾਰਨ ਧੋਤੇ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਨਿਊਜ਼ੀਲੈਂਡ ਨੇ ਦੂਜਾ ਮੈਚ 86 ਦੌੜਾਂ ਨਾਲ ਜਿੱਤ ਲਿਆ ਸੀ।
ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਤੀਜੇ ਵਨਡੇ ਮੈਚ ‘ਚ ਮੇਜ਼ਬਾਨ ਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਦਾ ਇਹ ਫੈਸਲਾ ਬਿਲਕੁਲ ਵੀ ਕਾਰਗਰ ਸਾਬਤ ਨਹੀਂ ਹੋਇਆ। ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਬੰਗਲਾਦੇਸ਼ ਦੀ ਟੀਮ ਸਿਰਫ਼ 171 ਦੌੜਾਂ ‘ਤੇ ਹੀ ਸਿਮਟ ਗਈ। ਸ਼ਾਂਤੋ ਤੋਂ ਇਲਾਵਾ ਕੋਈ ਵੀ ਬੱਲੇਬਾਜ਼ 30 ਦਾ ਅੰਕੜਾ ਵੀ ਪਾਰ ਨਹੀਂ ਕਰ ਸਕਿਆ। ਨਿਊਜ਼ੀਲੈਂਡ ਲਈ ਐਡਮ ਮਿਲਨੇ ਨੇ 4 ਵਿਕਟਾਂ ਲੈਣ ਤੋਂ ਇਲਾਵਾ ਟ੍ਰੇਂਟ ਬੋਲਟ ਅਤੇ ਕੋਲ ਮੈਕਕੌਂਕੀ ਨੇ ਵੀ 2 ਵਿਕਟਾਂ ਲਈਆਂ। ਲਾਕੀ ਫਰਗੂਸਨ ਅਤੇ ਰਚਿਨ ਰਵਿੰਦਰਾ ਨੂੰ ਵੀ 1-1 ਸਫਲਤਾ ਮਿਲੀ।
172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੀਵੀ ਸਲਾਮੀ ਬੱਲੇਬਾਜ਼ ਫਿਨ ਐਲਨ ਅਤੇ ਵਿਲ ਯੰਗ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਐਲਨ (28) ਦੇ ਆਊਟ ਹੋਣ ਦੇ ਤੁਰੰਤ ਬਾਅਦ ਡੀਨ ਫੌਕਸਕ੍ਰਾਫਟ ਵੀ ਪਹਿਲੀ ਗੇਂਦ ‘ਤੇ ਆਊਟ ਹੋ ਗਏ। ਅਜਿਹੇ ‘ਚ ਨਿਊਜ਼ੀਲੈਂਡ ਨੂੰ ਦੋ ਗੇਂਦਾਂ ‘ਚ ਦੋ ਝਟਕੇ ਲੱਗੇ। ਪਰ ਇਸ ਤੋਂ ਬਾਅਦ ਯੰਗ ਅਤੇ ਹੈਨਰੀ ਨਿਕੋਲਸ ਨੇ ਮਿਲ ਕੇ ਨਿਊਜ਼ੀਲੈਂਡ ਦੀ ਪਾਰੀ ਦੀ ਕਮਾਨ ਸੰਭਾਲੀ। ਹਾਲਾਂਕਿ, ਯੰਗ ਦੇ ਆਊਟ ਹੋਣ ਤੋਂ ਬਾਅਦ, ਟੌਮ ਬਲੰਡਲ ਨੇ ਵੀ 23* ਦੌੜਾਂ ਦੀ ਚੰਗੀ ਪਾਰੀ ਖੇਡੀ ਅਤੇ ਨਿਕੋਲਸ (50*) ਦੇ ਨਾਲ ਮੈਚ ਦਾ ਅੰਤ ਕੀਤਾ। ਨਿਊਜ਼ੀਲੈਂਡ ਨੇ ਟੀਚਾ 34.5 ਓਵਰਾਂ ‘ਚ 7 ਵਿਕਟਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ।