ਨਿਊਜ਼ੀਲੈਂਡ ਭਰ ‘ਚ 1 ਨਵੰਬਰ ਤੋਂ 7 ਨਵੰਬਰ ਤੱਕ ਮਨਾਇਆ ਜਾਣ ਵਾਲਾ ‘5ਵਾਂ ਐਨਜ਼ੈੱਡ ਪੰਜਾਬੀ ਭਾਸ਼ਾ ਹਫ਼ਤਾ’ ਹੁਣ ਪਾਪਾਟੋਏਟੋਏ ਦੇ ਡਿਜ਼ੀਟਲ ਬੋਰਡ ‘ਤੇ ਚਮਕਿਆ

ਆਕਲੈਂਡ, 28 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਭਰ ‘ਚ 1 ਨਵੰਬਰ ਤੋਂ 7 ਨਵੰਬਰ ਤੱਕ 5ਵਾਂ ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ‘ਚ ਪਹਿਲੀ ਵਾਰ ਡਿਜ਼ੀਟਲ ਬਿੱਲ ਬੋਰਡ ਉੱਤੇ ਇਸ ਦੀ ਮਸ਼ਹੂਰੀ ਆਰੰਭ ਹੋ ਗਈ ਹੈ। ਇਹ ਡਿਜ਼ੀਟਲ ਬਿੱਲ ਬੋਰਡ ਪਾਪਾਟੋਏਟੋਏ ਦੇ ਗ੍ਰੇਟ ਸਾਊਥ ‘ਤੇ ਪੈਂਦੀ ਪੂਹੀਨੂਈ ਤੇ ਮੈਨੂਕਾਓ ਰੋਡ ਦੀ ਟ੍ਰੈਫ਼ਿਕ ਲਾਈਟ ‘ਤੇ ਲੱਗਾ ਹੈ ਜਿੱਥੋਂ ਪਾਪਾਟੋਏਟੋਏ ਦੀ ਹੱਦ (ਬਰਗਰ ਕਿੰਗ ਦੇ ਸਾਹਮਣੇ) ਸ਼ੁਰੂ ਹੁੰਦੀ ਹੈ। ਇਸ ਡਿਜ਼ੀਟਲ ਸਾਈਨ ਬੋਰਡ ‘ਤੇ 5ਵੇਂ ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤੇ ਨੂੰ 1 ਨਵੰਬਰ ਤੋਂ 7 ਨਵੰਬਰ ਤੱਕ ਮਨਾਏ ਜਾਣ ਦੀ ਜਾਣਕਾਰੀ ਦੇ ਨਾਲ ਇਸ ਵਾਰ ਦਾ ਥੀਮ ‘ਵਿਰਸੇ ਦੀ ਚਾਬੀ, ਸਾਡੀ ਮਾਂ ਬੋਲੀ ਪੰਜਾਬੀ’ ਵੀ ਲਿਖਿਆ ਹੈ।
ਇਸ ਡਿਜ਼ੀਟਲ ਸਾਈਨ ਬੋਰਡ ਨੂੰ ਪੰਜਾਬੀ ਮੀਡੀਆ ਅਤੇ ‘ਵੀ ਕੇਅਰ’ ਟ੍ਰਸਟ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਭਰ ਦੇ ਵੱਖ-ਵੱਖ ਸ਼ਹਿਰਾਂ ‘ਚ 1 ਨਵੰਬਰ ਤੋਂ 7 ਨਵੰਬਰ ਤੱਕ 5ਵਾਂ ਨਿਊਜ਼ੀਲੈਂਡ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਆਕਲੈਂਡ, ਹੈਮਿਲਟਨ, ਵੈਲਿੰਗਟਨ, ਹੇਸਟਿੰਗ, ਡੁਨੀਡਨ ਅਤੇ ਹੋਰ ਕਈ ਥਾਵਾਂ ‘ਤੇ ਸਮਾਗਮ ਕਰਵਾਏ ਜਾ ਰਹੇ ਹਨ।