15 ਅਕਤੂਬਰ ਤੋਂ 26 ਨਵੰਬਰ ਤੱਕ ਮੈਚ ਤੇ ਸਭਿਆਚਾਰਕ ਮੇਲਿਆਂ ਦਾ ਭਰਮਾਰ
ਆਕਲੈਂਡ, 9 ਅਗਸਤ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਮੈਨੇਜਮੈਂਟ ਅਤੇ ਪ੍ਰਮੁੱਖ ਖੇਡ ਕਲੱਬਾਂ ਦੇ ਸਹਿਯੋਗ ਸਦਕਾ ਹਰ ਸਾਲ ਲੜੀਵਾਰ ਕਰਵਾਏ ਜਾਣ ਵਾਲੇ ਖੇਡ ਤੇ ਸਭਿਆਚਾਰਕ ਮੇਲਿਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ।
ਇਨ੍ਹਾਂ ਖੇਡ ਮੇਲਿਆਂ ਦੇ ਜਾਰੀ ਪੋਸਟਰ ਅਨੁਸਾਰ ਪਹਿਲਾ ਖੇਡ ਮੇਲਾ 15 ਅਕਤੂਬਰ ਨੂੰ ਪੰਜਾਬ ਸਪੋਰਟਸ ਕਲੱਬ ਹੇਸਟਿੰਗਜ਼, ਦੂਜਾ 22 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਕਲੱਬ ਬੰਬੇ, ਤੀਜਾ 28-29 ਅਕਤੂਬਰ ਨੂੰ ਬੇਅ ਆਫ਼ ਪਲੈਂਟੀ ਟੌਰੰਗਾ, ਚੌਥਾ 5 ਨਵੰਬਰ ਨੂੰ ਬੌਟਨੀ ਸਪੋਰਟਸ ਕਲੱਬ, ਪੰਜਵਾਂ 12 ਨਵੰਬਰ ਨੂੰ ਸ਼ੇਰੇ ਪੰਜਾਬ ਪਾਪਾਮੋਆ, ਛੇਵਾਂ 19 ਨਵੰਬਰ ਨੂੰ ਯੂਥ ਕਲੱਬ ਹੈਮਿਲਟਨ ਵਿਖੇ ਅਤੇ ਆਖ਼ਰੀ ਖੇਡਾਂ ਦਾ ਮਹਾਂਕੁੰਭ 25 ਤੇ 26 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ ਵੱਲੋਂ ‘ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ ਦੇ ਰੂਪ ਵਿੱਚ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਖੇਡ ਮੇਲਿਆਂ ਦੇ ਵਿੱਚ ਕਬੱਡੀ, ਸੌਕਰ, ਵਾਲੀਬਾਲ, ਵਾਲੀਬਾਲ ਸ਼ੂਟਿੰਗ, ਭਾਰ ਚੁੱਕਣਾ, ਬੌਡੀ ਬਿਲਡਿੰਗ, ਕ੍ਰਿਕਟ, ਬੱਚਿਆਂ ਦੀਆਂ ਖੇਡਾਂ, ਦਸਤਾਰ ਕੈਂਪ ਅਤੇ ਮਨੋਰੰਜਨ ਵਾਸਤੇ ਭੰਗੜਾ ਵੀ ਹੋਵੇਗਾ। ਮਹਿਲਾਵਾਂ ਦੇ ਲਈ ਮਿਊਜ਼ੀਕਲ ਚੇਅਰ ਦਾ ਆਯੋਜਨ ਕੀਤਾ ਜਾਵੇਗਾ। ‘ਵਰਲਡ ਕਬੱਡੀ ਕੌਂਸਲ ਆਫ਼ ਨਿਊਜ਼ੀਲੈਂਡ’ ਅਤੇ ‘ਵੁਮੈਨ ਕਬੱਡੀ ਫੈਡਰੇਸ਼ਨ’ ਵੀ ਇਸ ਸਾਰੇ ਟੂਰਨਾਮੈਂਟ ਦੇ ਵਿੱਚ ਸਹਿਯੋਗੀ ਰਹੇਗੀ। ਸਾਰੇ ਨਾਮੀ ਪਲੇਅਰ ਜੋ ਇਸ ਸਮੇਂ ਕੈਨੇਡਾ ਦੀਆਂ ਗਰਾਉਂਡਾ ਦਾ ਸ਼ਿੰਗਾਰ ਬਣੇ ਹੋਏ ਹਨ, ਉਹ ਅਕਤੂਬਰ ਮਹੀਨੇ ਤੋਂ ਨਿਊਜ਼ੀਲੈਂਡ ਦੇ ਘਾਹਦਾਰ ਗਰਾਉਂਡਾ ‘ਚ ਜੌਹਰ ਦਿਖਾਉਣਗੇ।
ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਖੇਡਾਂ ਤੇ ਸਭਿਆਚਾਰਕ ਮੇਲਿਆਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਖਿਡਾਰੀ ਤੇ ਖੇਡ ਪ੍ਰੇਮੀ ਖੇਡਾਂ ਦਾ ਅਨੰਦ ਮਾਣ ਸਕਣ।
ਇਨ੍ਹਾਂ ਖੇਡ ਤੇ ਸਭਿਆਚਾਰਕ ਮੇਲਿਆਂ ਬਾਰੇ ਤੁਸੀਂ ਹੋਰ ਵਧੇਰੇ ਜਾਣਕਾਰੀ ਤੀਰਥ ਅਟਵਾਲ ਨਾਲ 021 214 6760, ਹਰਪ੍ਰੀਤ ਰੇਅਸਰ ਨਾਲ 021 173 3361, ਅਵਤਾਰ ਸਿੰਘ ਤਾਰੀ ਨਾਲ 027 226 7453 ਅਤੇ ਵਰਿੰਦਰ ਸਿੱਧੂ ਨਾਲ 021 183 2206 ‘ਤੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਈ-ਮੇਲ:nzkabaddifedration@gmail.com ਰਾਹੀ ਜਾਣਕਾਰੀ ਹਾਸਲ ਕਰ ਸਕਦੇ ਹੋ।
Home Page ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਖੇਡ ਤੇ ਸਭਿਆਚਾਰਕ ਮੇਲਿਆਂ ਦਾ ਕੈਲੰਡਰ ਜਾਰੀ