ਵੈਲਿੰਗਟਨ, 8 ਜੂਨ – ਨਿਊਜ਼ੀਲੈਂਡ ਵਿਚਲਾ ਆਖ਼ਰੀ ਸਰਗਰਮ ਕੋਵਿਡ -19 ਕੇਸ ਠੀਕ ਹੋਇਆ ਅਤੇ ਦੇਸ਼ ਕੋਰੋਨਾ ਮੁਕਤ ਐਲਾਨਿਆ ਗਿਆ ਹੈ। ਨਿਊਜ਼ੀਲੈਂਡ ਨੇ ਬਿਨਾਂ ਕਿਸੇ ਨਵੇਂ ਕੇਸ ਦੇ ਲਗਾਤਾਰ 17 ਦਿਨ ‘ਚ ਪ੍ਰਵੇਸ਼ ਕੀਤਾ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਮਹਿਲਾ ਦਾ ਰਿਕਵਰ ਹੋਣਾ ਚੰਗੀ ਖ਼ਬਰ ਹੈ। ਕੋਰੋਨਾਵਾਇਰਸ ਦਾ ਫਾਈਨਲ ਕੇਸ ਇੱਕ 50 ਸਾਲ ਦੀ ਮਹਿਲਾ ਸੀ ਜੋ ਸੈਂਟ ਮਾਰਗਰੇਟ ਹਸਪਤਾਲ ਅਤੇ ਰੈਸਟ ਹੋਮ ਸਮੂਹ ਨਾਲ ਸੰਬੰਧਿਤ ਸੀ ਅਤੇ ਉਹ ਵਾਇਰਸ ਤੋਂ ਰਿਕਵਰ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਕਿਸੇ ਨਵੇਂ ਕੇਸ ਦਾ ਨਾ ਆਉਣਾ ਦੇਸ਼ ਨੂੰ ਅਲਰਟ ਲੈਵਲ 1 ਉੱਤੇ ਲੈ ਜਾਣ ਵਾਲੀ ਬੈਠਕ ਦੇ ਫ਼ੈਸਲੇ ਉੱਤੇ ਪ੍ਰਭਾਵ ਪਾਏਗਾ।
ਉਨ੍ਹਾਂ ਕਿਹਾ ਕਿ, ’28 ਫਰਵਰੀ ਤੋਂ ਬਾਅਦ ਪਹਿਲੀ ਵਾਰ ਕੋਈ ਸਰਗਰਮ ਕੇਸ ਦਾ ਨਾ ਹੋਣਾ ਸਾਡੀ ਯਾਤਰਾ ਦਾ ਇਕ ਮਹੱਤਵਪੂਰਣ ਨਿਸ਼ਾਨ ਹੈ ਪਰ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਕੋਵਿਡ -19 ਵਿਰੁੱਧ ਚੱਲ ਰਹੀ ਚੌਕਸੀ ਲਾਜ਼ਮੀ ਰਹੇਗੀ’। ਨਿਊਜ਼ੀਲੈਂਡ ਵਿੱਚ ਆਖ਼ਰੀ ਨਵਾਂ ਕੇਸ ਸਾਹਮਣੇ ਆਉਣ ਤੋਂ ਹੁਣ 17 ਦਿਨ ਹੋ ਗਏ ਹਨ। ਸਾਡੇ ਕੁੱਲ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 1154 ਹੈ, ਜੋ ਕਿ ਦੇਸ਼ ਵੱਲੋਂ ਵਿਸ਼ਵ ਸਿਹਤ ਸੰਗਠਨ ਨੂੰ ਰਿਪੋਰਟ ਕਰਨ ਵਾਲੀ ਗਿਣਤੀ ਹੈ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1,153 ਕੰਨਫ਼ਰਮ ਕੀਤੇ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਵਿੱਚ ਐਕਟਿਵ ਕੇਸ ਦੀ ਗਿਣਤੀ ਜ਼ੀਰੋ (0) ਹੈ, ਕੋਵਿਡ -19 ਤੋਂ 1,482 ਲੋਕੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹੈ, ਮੌਤਾਂ ਦੀ ਗਿਣਤੀ 22 ਹੀ ਹੈ। ਕੱਲ੍ਹ ਦੇ 800 ਟੈੱਸਟ ਮਿਲਾ ਕੇ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੀ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 294,848 ਟੈੱਸਟ ਕੀਤੇ ਗਏ ਹਨ।
ਐਨ ਜ਼ੈੱਡ ਕੋਵਿਡ ਟ੍ਰੇਸਰ ਐਪ ਨੂੰ 5,000 ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਅਤੇ ਹੁਣ ਤੱਕ ਰਿਕਾਰਡ 522,000 ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ 3,504 ਕਾਰੋਬਾਰਾਂ ਨੇ QR ਕੋਡ ਦੇ ਨਾਲ ਪੋਸਟਰ ਤਿਆਰ ਕੀਤੇ ਹਨ ਅਤੇ ਲੋਕਾਂ ਨੇ 734,415 ਵਾਰ ਕਾਰੋਬਾਰਾਂ ਵਿੱਚ ਸਕੈਨ ਕੀਤਾ ਹੈ। ਮੰਤਰਾਲੇ ਨੇ ਕਿਹਾ, “ਅਸੀਂ ਆਪਣੀ ਜਾਂਚ ਪ੍ਰਣਾਲੀ ਨੂੰ ਨਿਰੰਤਰ ਸਮੀਖਿਆ ਅਧੀਨ ਰੱਖ ਰਹੇ ਹਾਂ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 7,088,813 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 406,222 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 3,426,833 ਹੈ।
Home Page ਨਿਊਜ਼ੀਲੈਂਡ ਕੋਵਿਡ -19 ਮੁਕਤ, ਆਖ਼ਰੀ ਐਕਟਿਵ ਕੇਸ ਰਿਕਵਰ ਹੋਇਆ