ਦੂਜੇ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਡਾਕ ਟਿਕਟ ਤੇ ਸੋਵੀਨਰ ਜਾਰੀ ਕੀਤਾ, ਰਾਜਧਾਨੀ ਵੈਲਿੰਗਟਨ ਅਤੇ ਆਕਲੈਂਡ ਵਿੱਚ ਸਮਾਗਮ ਹੋਏ
ਆਕਲੈਂਡ 28 ਨਵੰਬਰ (ਕੂਕ ਪੰਜਾਬੀ ਸਮਾਚਾਰ/ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਮੀਡੀਆ ਕਰਮੀਆਂ ਨੇ ਆਪਸੀ ਸਹਿਯੋਗ ਰਾਹੀ ਪੰਜਾਬੀ ਭਾਸ਼ਾ ਨਾਲ ਜੋੜਨ ਦੇ ਮਕਸਦ ਨੂੰ ਲੈ ਕੇ ਪਿਛਲੇ ਸਾਲ ਸ਼ੁਰੂ ਕੀਤੇ ਪੰਜਾਬੀ ਹਫ਼ਤੇ ਦੇ ਸੰਬੰਧ ਵਿੱਚ ਇਸ ਸਾਲ ਵੀ ਕੋਵਿਡ -19 ਦੇ ਦੌਰਾਨ ਆਕਲੈਂਡ ਵਿੱਚ ਲੱਗੇ ਲੌਕਡਾਉਨ ਕਰਕੇ ਨਿਯਮਾਂ ਦੀ ਪਾਲਣਾ ਕਰਦੇ ਹੋਏ ‘ਦੂਜਾ ਪੰਜਾਬੀ ਭਾਸ਼ਾ ਹਫ਼ਤਾ’ 22 ਤੋਂ 28 ਨਵੰਬਰ ਤੱਕ ਮਨਾਇਆ ਗਿਆ। ਹਫ਼ਤੇ ਦੇ ਆਖ਼ਰੀ ਦਿਨ 28 ਨਵੰਬਰ ਦਿਨ ਐਤਵਾਰ ਨੂੰ ਬੈਰੀ ਕਰਟਿਸ ਪਾਰਕ ਫਲੈਟ ਬੁੱਸ਼ ਵਿੱਚ ਸ਼ਾਮੀ ਇੱਕ ਸਮਾਗਮ ਕੀਤਾ ਗਿਆ। ਜਿਸ ਵਿੱਚ ਆਕਲੈਂਡ ਸਥਿਤ ਭਾਰਤੀ ਦੂਤਾਵਾਸ ਤੋਂ ਆਨਰੇਰੀ ਕਾਉਂਸਲ ਸ. ਭਵਦੀਪ ਸਿੰਘ ਢਿੱਲੋਂ, ਸਾਬਕਾ ਸਿੱਖ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ, ਪੰਜਾਬੀ ਮੀਡੀਆ ਕਰਮੀ ਅਤੇ ਕੁੱਝ ਚੋਣਵੇਂ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ।
ਪੰਜਾਬੀ ਮੀਡੀਆ ਕਰਮੀਆਂ ਦੇ ਆਪਸੀ ਸਹਿਯੋਗ ਦੇ ਨਾਲ ‘ਦੂਜਾ ਪੰਜਾਬੀ ਭਾਸ਼ਾ ਹਫ਼ਤਾ ਨਿਊਜ਼ੀਲੈਂਡ’ ਪੂਰੇ ਦੇਸ਼ ਦੇ ਵਿੱਚ ਪੰਜਾਬੀਆ ਨੇ ਮਨਾਇਆ। ਉਦੇਸ਼ ਦੇ ਅਨੁਸਾਰ ਇਸ ਦੇ ਵਿੱਚ ਇੱਥੇ ਜਨਮੇ ਅਤੇ ਪੰਜਾਬੋਂ ਆਏ ਛੋਟੇ ਬੱਚਿਆਂ ਨੇ ਪੂਰਾ ਉਤਸ਼ਾਹ ਵਿਖਾਇਆ, ਆਪਣੀਆਂ ਪੰਜਾਬੀ ਬੋਲਦਿਆਂ ਦੀਆਂ ਵੀਡੀਓਜ਼ ਅਤੇ ਨਿੱਕੇ-ਨਿੱਕੇ, ਤੋਤਲੇ-ਤੋਤਲੇ ਸੰਦੇਸ਼ ਬਣਾ ਕੇ ਮੀਡੀਆ ਅਦਾਰਿਆਂ ਨੇ ਬ੍ਰਾਡਕਾਸਟਿੰਗ ਵਾਸਤੇ ਭੇਜੇ।
ਇਸ ਮੌਕੇ ਪੰਜਾਬੀ ਮੀਡੀਆ ਕਰਮੀਆਂ ਨੇ ਚੋਣਵੇਂ ਮਹਿਮਾਨਾਂ ਦੀ ਹਾਜ਼ਰੀ ਵਿੱਚ ਪੰਜਾਬੀ ਭਾਸ਼ਾ ਨਾਲ ਸਬੰਧੀ ਵਿਸ਼ੇਸ਼ ਡਾਕ ਟਿਕਟ ਅਤੇ ਪੋਸਟਰ ਜਾਰੀ ਕੀਤਾ। ਇਸ ਟਿਕਟ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਰੰਗਾਂ ਦੀ ਝਲਕ, ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਅਤੇ ਪਾਕਿਸਤਾਨੀ ਪੰਜਾਬੀ ਦੀ ਲਿਪੀ ਸ਼ਾਹਮੁਖੀ ਨੂੰ ਦਰਸਾਇਆ ਗਿਆ। ਇਸ ਦੇ ਨਾਲ ਹੀ ਇਸ ਡਾਕ ਟਿਕਟ ਦੇ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਕੰਡਿਆਲੀ ਤਾਰ ਹੋਣ ਦੇ ਬਾਵਜੂਦ ਇਕ ਖੁੱਲ੍ਹੇ ਹੋਏ ਦਰਵਾਜ਼ੇ ਨੂੰ ਵਿਖਾਇਆ ਕਿ ਕਿਸੇ ਵੀ ਬੋਲੀ ਲਈ ਕੋਈ ਸਰਹੱਦ ਨਹੀਂ ਹੁੰਦੀ।
ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਸਟੇਜ ਦਾ ਸੰਚਾਲਨ ਕੀਤਾ ਅਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਸ. ਨਵਤੇਜ ਸਿੰਘ ਰੰਧਾਵਾ ਨੂੰ ਭਵਿੱਖ ਦੇ ਪ੍ਰੋਗਰਾਮ ਦੀ ਰੂਪ ਰੇਖਾ ਦੱਸਣ ਲਈ ਬੁਲਾਇਆ। ਨਵਤੇਜ ਰੰਧਾਵਾ ਨੇ ਬੱਚਿਆ ਲਈ ਮਿਥੇ ਜਾਣ ਵਾਲੇ ਪ੍ਰੋਗਰਾਮ ਦਾ ਵੇਰਵਾ ਦਿੱਤਾ। ਕੂਕ ਪੰਜਾਬੀ ਸਮਾਚਾਰ ਦੇ ਸੰਪਾਦਕ ਸ. ਅਮਰਜੀਤ ਸਿੰਘ ਨੇ ‘ਕੂਕ ਪੰਜਾਬੀ ਸਮਾਚਾਰ’ ਦੀ ਸ਼ੁਰੂਆਤ ਬਾਰੇ ਦੱਸਿਆ ਅਤੇ ਕਿਹਾ ਜਦੋਂ ਤੱਕ ਪੰਜਾਬੀ ਭਾਸ਼ਾ ਕਿੱਤਾਮੁਖੀ ਨਹੀਂ ਬਣਾਈ ਜਾਏਗੀ ਤਦ ਤੱਕ ਕੋਈ ਵੀ ਗੰਭੀਰ ਹੋ ਕੇ ਨਹੀਂ ਸੋਚੇਗਾ। ਆਕਲੈਂਡ ਸਥਿਤ ਭਾਰਤੀ ਦੂਤਾਵਾਸ ਤੋਂ ਆਨਰੇਰੀ ਕਾਉਂਸਲ ਸ. ਭਵਦੀਪ ਸਿੰਘ ਢਿੱਲੋਂ ਨੇ ਪੰਜਾਬੀ ਮੀਡੀਆ ਕਰਮੀਆਂ ਦੇ ਇਸ ਸਾਂਝੇ ਉੱਦਮ ਦੀ ਬਹੁਤ ਤਾਰੀਫ਼ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ। ਇਸੀ ਤਰ੍ਹਾਂ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਬਹੁ ਕੌਮੀ ਦੇਸ਼ਾਂ ਦੇ ਵਿੱਚ ਆਪਣੀ ਮਾਤ ਭਾਸ਼ਾ ਦਾ ਵਿਕਾਸ ਕਰਨਾ ਅਤੇ ਇਸ ਨੂੰ ਅੱਗੇ ਆਪਣੇ ਬੱਚਿਆਂ ਤੱਕ ਪਹੁੰਚਦਾ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਸ. ਖੜਗ ਸਿੰਘ ਨੇ ਵੀ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਦੀ ਉਦਾਹਰਣ ਦਿੰਦਿਆਂ ਦੋਹਾਂ ਦੇਸ਼ਾਂ ਦੇ ਸਾਂਝ ਦੀ ਗੱਲ ਕੀਤੀ ਅਤੇ ਸਾਂਝੇ ਪਹਿਰਾਵੇ ਨੂੰ ਅਧਾਰ ਬਣਾ ਕੇ ਪਰਸਪਰ ਪਿਆਰ ਦੀ ਗੱਲ ਕੀਤੀ। ਸ. ਬਿਕਰਮ ਸਿੰਘ ਮਝੈਲ ਨੇ ਪੰਜਾਬੀ ਭਾਸ਼ਾ ਦੀ ਦੋਹਾਂ ਦੇਸ਼ਾਂ ਅੰਦਰ ਹੋਰ ਦਸ਼ਾ ਸੁਧਾਰੇ ਜਾਣ ਲਈ ਲਾਮਬੰਦ ਹੋ ਰਹੇ ਪੰਜਾਬੀਆਂ ਦੀ ਘਾਲਣਾ ਦੀ ਗੱਲ ਕੀਤੀ ਅਤੇ ਕਾਮਨਾ ਕੀਤੀ ਕਿ ਪੰਜਾਬੀ ਨੂੰ ਉੱਚ ਦਰਜਾ ਮਿਲੇ।
ਰੰਗ ਭਰੇ ਮੁਕਾਬਲੇ ਅਤੇ ਚਿੱਤਰਕਾਰੀ ਦੇ ਮੁਕਾਬਲੇ ਦੇ ਜੇਤੂਆਂ ਦੇ ਨਾਂਅ ਇੱਥੇ ਨਸ਼ਰ ਕੀਤੇ ਗਏ। ਨਿਊਜ਼ੀਲੈਂਡ ਸਿੱਖ ਖੇਡ ਕਮੇਟੀ ਤੋਂ ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ ਅਤੇ ਸ. ਗੁਰਜਿੰਦਰ ਸਿੰਘ ਘੁੰਮਣ ਨੇ ਮੌਜੂਦ ਬੱਚਿਆਂ ਨੂੰ ਇਨਾਮ ਵੰਡੇ। ਇਸ ਮੌਕੇ ਪੁੱਜੇ ਅਤੇ ਉਨ੍ਹਾਂ ਵੱਲੋਂ ਹੀ ਜੇਤੂ ਬੱਚਿਆਂ ਲਈ ਇਨਾਮ ਰੱਖੇ ਗਏ ਸਨ। ਐਨ. ਜ਼ੈਡ ਇੰਡੀਅਨ ਫਲੇਮ ਤੋਂ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਕਮਿਊਨਿਟੀ ਤੋਂ ਸ੍ਰੀ ਅਜੈਪਾਲ ਸਿੰਘ, ਸ. ਜਗਜੀਤ ਸਿੰਘ ਸਿੱਧੂ ਇਮੀਗ੍ਰੇਸ਼ਨ ਸਲਾਹਕਾਰ, ਸ. ਬਿਕਰਮ ਸਿੰਘ ਮਝੈਲ, ਸ. ਅਵਤਾਰ ਸਿੰਘ ਪੁੱਕੀਕੋਹੀ, ਪਾਕਿਸਤਾਨ ਭਾਈਚਾਰੇ ਤੋਂ ਹਸੀਬ ਅਸ਼ਰਫ, ਆਸਿਮ ਮੁਖਤਾਰ, ਪੰਜਾਬੀ ਮੀਡੀਆ ਕਰਮੀਆਂ ਤੋਂ ਨਵਤੇਜ ਰੰਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਦੀਪ ਕਟਾਰੀਆ, ਕੂਕ ਪੰਜਾਬੀ ਸਮਾਚਾਰ ਤੋਂ ਬੀਬਾ ਕੁਲਵੰਤ ਕੌਰ, ਸ. ਅਮਰਜੀਤ ਸਿੰਘ, ਡੇਲੀ ਖ਼ਬਰ ਤੋਂ ਸ਼ਰਨਜੀਤ ਸਿੰਘ, ਬਲਜਿੰਦਰ ਸਿੰਘ, ਗੁਰਿੰਦਰ ਆਸੀ, ਜੱਗ ਬਾਣੀ ਤੋਂ ਹਰਮੀਕ ਸਿੰਘ, ਪੀ.ਟੀ.ਸੀ. ਤੋਂ ਗਗਨਦੀਪ ਕੌਰ, ਨੱਚਦਾ ਪੰਜਾਬ ਤੋਂ ਸ. ਅਮਰੀਕ ਸਿੰਘ, ਬਿਕਰਮਜੀਤ ਸਿੰਘ ਮਟਰਾਂ, ਮੁਖ਼ਤਿਆਰ ਸਿੰਘ ਆਰਥਿਕ ਚਿੰਤਕ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ।
ਵੈਲਿੰਗਟਨ ‘ਚ ਯਾਦਗਾਰੀ ਸਮਾਗਮ ਤੇ ਡਾਕ ਟਿਕਟ: ਵੈਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ਇਕ ਬਹੁਤ ਹੀ ਖ਼ੂਬਸੂਰਤ ਸਮਾਗਮ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿਖੇ 27 ਨਵੰਬਰ ਨੂੰ ਨੈਸ਼ਨਲ ਲਾਇਬ੍ਰੇਰੀ ਦੇ ਵਿੱਚ ਰੱਖਿਆ ਗਿਆ। ਇਸ ਦੇ ਵਿੱਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਭਾਰਤੀ ਦੂਤਾਵਾਸ ਤੋਂ ਸ੍ਰੀ ਦੁਰਗਾ ਦਾਸ ਅਤੇ ਪਾਕਿਸਤਾਨੀ ਦੂਤਾਵਾਸ ਤੋਂ ਹਾਲ ਹੀ ਵਿੱਚ ਸੇਵਾਮੁਕਤ ਹੋਏ ਹਾਈ ਕਮਿਸ਼ਨਰ ਅਬਦੁਲ ਮਲਿਕ ਜੀ ਪਹੁੰਚੇ। ਇਨ੍ਹਾਂ ਨੇ ਵਾਰੋ-ਵਾਰੀ ‘ਦੂਜੇ ਪੰਜਾਬੀ ਭਾਸ਼ਾ ਹਫ਼ਤੇ’ ਨੂੰ ਉਜਾਗਰ ਕਰਦੀ ਇਕ ਵਿਸ਼ੇਸ਼ ਨਿਊਜ਼ੀਲੈਂਡ ਪੋਸਟ ਦੀ ਡਾਕ ਟਿਕਟ ਜਾਰੀ ਕੀਤੀ। ਪਹਿਲੀ ਡਾਕ ਟਿਕਟ ਵੇਲੇ ਸਾਊਥ ਹੱਟ ਹਲਕੇ ਦੀ ਸਾਂਸਦ ਜਿੰਨੀ ਐਂਡਰਸਨ ਅਤੇ ਭਾਰਤੀ ਹਾਈ ਕਮਿਸ਼ਨ ਤੋਂ ਪਹਿਲੇ ਸੈਕਰੇਟਰੀ ਸ੍ਰੀ ਦੁਰਗਦਾਸ ਨੇ ਘੁੰਢ ਚੁਕਾਈ ਕੀਤੀ ਜਦੋਂ ਕਿ ਦੂਜੀ ਵੇਲੇ ਭਾਰਤੀ ਮੂਲ ਦੇ ਪਹਿਲੇ ਪੁਲਿਸ ਸੁਪਰਇਨਡੈਂਟ ਸ੍ਰੀ ਰਾਕੇਸ਼ ਨਾਇਡੂ ਤੇ ਸਾਬਕਾ ਪਾਕਿਸਤਾਨੀ ਹਾਈ ਕਮਿਸ਼ਨਰ ਸ੍ਰੀ ਅਬਦੁਲ ਮਲਿਕ ਸਨ। ਫੁਲਕਾਰੀ ਦੇ ਦੁਪੱਟਿਆਂ ਹੇਠਾਂ ਸਜਾਈ ਗਈ ਇਨ੍ਹਾਂ ਡਾਕ ਟਿਕਟਾਂ ਦੀ ਦਿੱਖ ਵੇਖਿਆਂ ਹੀ ਬਣਦੀ ਸੀ।
ਸਮਾਗਮ ਦੀ ਸ਼ਾਨਦਾਰ ਰੂਪ ਰੇਖਾ ਲਈ ਨਵਨੀਤ ਕੌਰ ਵੜੈਚ, ਕਰਮਿੰਦਰ ਕੌਰ ਤੇ ਸਰਬ ਗੁਰਮੀਤ ਕੌਰ ਹੋਰਾਂ ਨੇ ਅਣਥੱਕ ਮਿਹਨਤ ਕੀਤੀ ਹੋਈ ਸੀ। ਬੱਚਿਆਂ ਨੇ ਇਸ ਮੌਕੇ ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਆਂ ਅਤੇ ਐਸੋਸੀਏਸ਼ਨ ਵੱਲੋਂ ਬੱਚਿਆਂ ਨੂੰ ਪੰਜਾਬੀ ਕਿਤਾਬਾਂ ਵੰਡੀਆਂ ਗਈ। ਆਏ ਮਹਿਮਾਨਾਂ ਨੂੰ ਡਾਕ ਟਿਕਟ ਨੂੰ ਇਕ ਸੁੰਦਰ ਫਰੇਮ ਦੇ ਵਿੱਚ ਜੜ ਕੇ ਪੇਸ਼ ਕੀਤਾ। ਸਵਾਗਤੀ ਸ਼ਬਦ ਮਨਰਾਜ ਸਿੰਘ ਰਾਹੀ ਅਤੇ ਹਰਪੁਨੀਤ ਕੌਰ ਬਾਠ ਹੋਰਾਂ ਨੇ ਕਹੇ। ਕਾਰਾ ਕੀਆ ਕੁਰਾ ਮਾਓਰੀ ਰਸਮਾਂ ਨਾਲ ਅਰਦਾਸ ਹੋਈ। ਆਕਲੈਂਡ ਤੋਂ ਗਏ ਨਵਤੇਜ ਰੰਧਾਵਾ ਹੋਰਾਂ ਇਸ ਮੌਕੇ ਪੰਜਾਬੀ ਭਾਸ਼ਾ ਉੱਤੇ ਤਿਆਰ ਤੱਤਨੁਮਾ ਇਕ ਪੇਸ਼ਕਾਰੀ ਵਿਖਾਈ। ਸਥਾਨਕ ਸਾਂਸਦ ਜਿੰਨੀ ਐਂਡਰਸਨ ਨੇ ਇਸ ਮੌਕੇ ਵਧਾਈ ਸੰਦੇਸ਼ ਦਿੱਤਾ ਅਤੇ ਬੱਚਿਆਂ ਨੂੰ ਇਨਾਮ ਵੰਡੇ। ਆਕਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਅਕਾਲ ਫਾਊਂਡੇਸ਼ਨ ਤੋਂ ਸ. ਰਘਬੀਰ ਸਿੰਘ ਜੇ.ਪੀ. ਪਹੁੰਚੇ ਹੋਏ ਸਨ ਅਤੇ ਸਥਾਨਿਕ ਪੱਧਰ ਤੋਂ ਲਾਇਜ਼ਨ ਆਫ਼ੀਸਰ ਸ੍ਰੀ ਫਿਲਿਪ ਪਿੱਚਯੂ, ਮੋਹਿਤ ਅਰੋੜਾ ਪੁਲਿਸ ਅਫ਼ਸਰ, ਸ. ਪਰਮਜੀਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
Home Page ਨਿਊਜ਼ੀਲੈਂਡ ‘ਚ ਪੰਜਾਬੀ ਮੀਡੀਆ ਕਰਮੀਆਂ ਨੇ ਮਨਾਇਆ ਦੂਜਾ ਪੰਜਾਬੀ ਭਾਸ਼ਾ ਹਫ਼ਤਾ ਸਬੰਧੀ...