ਗੁਪਟਿਲ ‘ਮੈਨ ਆਫ਼ ਦਿ ਮੈਚ’
ਆਕਲੈਂਡ – ਇੱਥੇ 3 ਫਰਵਰੀ ਨੂੰ ਈਡਨ ਪਾਰਕ ਮੈਦਾਨ ਵਿਖੇ ਮੇਜ਼ਬਾਨ ਨਿਊਜ਼ੀਲੈਂਡ ਨੇ ਰਵਾਇਤੀ ਵਿਰੋਧੀ ਮਹਿਮਾਨ ਟੀਮ ਆਸਟਰੇਲੀਆ ਨੂੰ 159 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ 3 ਵੰਨ-ਡੇ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਹਾਸਿਲ ਕਰ ਲਈ ਹੈ। ਬਲੈਕ ਕੈਪ ਟੀਮ ਵੱਲੋਂ ਜਿੱਤ ਦਾ ਸਿਹਰਾ ਮਾਰਟਿਨ ਗੁਪਟਿਲ ਦੀ ਸ਼ਾਨਦਾਰ ਬੱਲੇਬਾਜ਼ੀ ਅਤੇ ਮੈਟ ਹੈਨਰੀ ਤੇ ਮਿਸ਼ੇਲ ਸੈਂਟਨੇਰ ਦੀ ਚੰਗੀ ਗੇਂਦਬਾਜ਼ੀ ਨੂੰ ਜਾਂਦਾ ਹੈ।
ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਟਾਸ ਜਿੱਤ ਕੇ ਕੀਵੀ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਨਿਊਜ਼ੀਲੈਂਡ ਨੇ 50 ਓਵਰਾਂ ਵਿੱਚ 8 ਵਿਕਟਾਂ ਉੱਤੇ 307 ਦੌੜਾਂ ਬਣਾਈਆਂ। ਕੀਵੀ ਟੀਮ ਵੱਲੋਂ ਸਲਾਮੀ ਬੱਲੇਬਾਜ਼ ਗੁਪਟਿਲ ਨੇ 76 ਗੇਂਦਾਂ ਵਿੱਚ 8 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 90 ਦੌੜਾਂ ਬਣਾਈਆਂ ਅਤੇ ਕਪਤਾਨ ਬਰੈਂਡਨ ਮੈਕੁਲਮ 44 ਦੌੜਾਂ ਦਾ ਯੋਗਦਾਨ ਪਾਇਆ। ਨਿਊਜ਼ੀਲੈਂਡ ਵੱਲੋਂ ਮਿਲੇ 308 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਪੂਰੀ ਟੀਮ ਮਹਿਜ਼ 24.2 ਓਵਰਾਂ ਵਿੱਚ 148 ਦੌੜਾਂ ਉੱਤੇ ਹੀ ਢੇਰ ਹੋ ਗਈ। ਆਸਟਰੇਲੀਆਈ ਟੀਮ ਵੱਲੋਂ ਸੱਤਵੇਂ ਨੰਬਰ ਦੇ ਬੱਲੇਬਾਜ਼ ਮੈਥਿਊ ਵੇਡ ਨੇ 37 ਅਤੇ ਅੱਠਵੇਂ ਨੰਬਰ ਦੇ ਬੱਲੇਬਾਜ਼ ਜੇਮਜ਼ ਫਾਕਨਰ ਨੇ 36 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਕਪਤਾਨ ਸਟੀਵਨ ਸਮਿੱਥ ਨੇ 18 ਦੌੜਾਂ ਬਣਾਈਆਂ। ਬਾਕੀ ਕੋਈ ਵੀ ਖਿਡਾਰੀ ਟਿੱਕ ਨਹੀਂ ਸਕਿਆ। ਨਿਊਜ਼ੀਲੈਂਡ ਵੱਲੋਂ ਗੇਂਦਬਾਜ਼ ਮੈਟ ਹੈਨਰੀ ਤੇ ਟ੍ਰੇਂਟ ਬੋਲਟ ਨੇ 3-3 ਵਿਕਟਾਂ ਲਈਆਂ, ਜਦੋਂ ਕਿ ਮਿਸ਼ੇਰ ਸੈਂਟੇਨਰ ਨੇ 2 ਵਿਕਟਾਂ ਅਤੇ ਐਡਮ ਮਿਲਨੇ ਤੇ ਕੋਰੀ ਐਂਡਰਸਨ ਨੇ 1-1 ਵਿਕਟ ਲਈ। ਗੁਪਟਿਲ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ। ਗੌਰਤਲਬ ਹੈ ਕਿ ਦੌੜਾਂ ਦੇ ਲਿਹਾਜ਼ ਨਾਲ ਨਿਊਜ਼ੀਲੈਂਡ ਦੀ ਆਸਟਰੇਲੀਆ ਉੱਤੇ ਵੱਡੀ ਜਿੱਤ ਹੈ।
NZ News ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਪਹਿਲਾ ਵੰਨ-ਡੇ ਹਰਾਇਆ