ਹੈਮਿਲਟਨ, 31 ਜਨਵਰੀ – ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ ਭਾਵੇਂ 5 ਮੈਚਾਂ ਦੀ ਸੀਰੀਜ਼ ਪਹਿਲਾਂ ਹਾਰ ਗਈ ਹੈ ਪਰ ਉਸ ਨੇ ਅੱਜ ਹੈਮਿਲਟਨ ਵਿਖੇ ਹੋਏ ਸੀਰੀਜ਼ ਦੇ ਚੌਥੇ ਮੈਚ ਵਿੱਚ ਮਹਿਮਾਨ ਟੀਮ ਭਾਰਤ ਨੂੰ ਵੱਡੀ ਹਾਰ ਦਿੰਦੇ ਹੋਏ 35.2 ਓਵਰ ਰਹਿੰਦੇ 8 ਵਿਕਟਾਂ ਨਾਲ ਹਰਾ ਦਿੱਤਾ ਅਤੇ ਵੱਡੀ ਜਿੱਤ ਹਾਸਲ ਕੀਤੀ। ਕੀਵੀ ਗੇਂਦਬਾਜ਼ ਟ੍ਰੈਂਟ ਬੋਲਟ ਨੂੰ ਸ਼ਾਨਦਾਰ ਗੇਂਦਬਾਜ਼ੀ ਬਦਲੇ ‘ਮੈਨ ਆਫ਼ ਦੀ ਮੈਚ’ ਐਲਾਨਿਆ ਗਿਆ।
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਕੀਵੀ ਗੇਂਦਬਾਜ਼ਾਂ ਦੇ ਸਾਹਮਣੇ ਕੋਈ ਵੀ ਭਾਰਤੀ ਬੱਲੇਬਾਜ਼ ਅੱਜ ਟਿੱਕ ਨਾ ਸਕਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੂਰੀ ਭਾਰਤੀ ਟੀਮ 30.5 ਓਵਰਾਂ ਵਿੱਚ 92 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਵੱਲੋਂ ਯੁਜ਼ਵੇਂਦਰ ਚਾਹਲ ਨੇ ਨਾਬਾਦ 18 ਦੌੜਾਂ ਬਣਾਈਆਂ, ਉਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ 16, ਕੁਲਦੀਪ ਯਾਦਵ ਨੇ 15, ਸ਼ਿਖਰ ਧਵਨ ਨੇ 13 ਅਤੇ ਸ਼ੁਭਮਨ ਗਿੱਲ ਨੇ 9 ਦੌੜਾਂ ਦਾ ਯੋਗਦਾਨ ਪਾਇਆ। ਕੀਵੀ ਗੇਂਦਬਾਜ਼ ਟ੍ਰੈਂਟ ਬੋਲਟ ਨੇ 21 ਦੌੜਾਂ ਦੇ ਕੇ 5 ਵਿਕਟਾਂ, ਕੋਲੀਨ ਡੀ ਗ੍ਰੈਂਡਹੋਮ ਨੇ 26 ਦੌੜਾਂ ਦੇ ਕੇ 3, ਟਾਡ ਐਸਟਲ ਤੇ ਜਿੰਮੀ ਨਿਸ਼ਾਮ ਨੇ 1-1 ਵਿਕਟ ਲਿਆ।
ਭਾਰਤ ਵੱਲੋਂ ਮਿਲੇ 93 ਦੌੜਾਂ ਦਾ ਟੀਚਾ ਨਿਊਜ਼ੀਲੈਂਡ ਦੀ ਟੀਮ ਨੇ 14.4 ਓਵਰਾਂ ਵਿੱਚ 2 ਵਿਕਟਾਂ ਗੁਆ ਕਿ ਪੂਰਾ ਕਰ ਲਿਆ ਅਤੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਕੀਵੀ ਟੀਮ ਵੱਲੋਂ ਰੌਸ ਟੇਲਰ ਨੇ 37, ਹੈਂਰੀ ਨਿਕੋਲਸ ਨੇ 30, ਮਾਰਟਿਨ ਗੁਪਟਿਲ ਨੇ 14 ਅਤੇ ਕਪਤਾਨ ਕੇਨ ਵਿਲੀਅਮਸਨ ਨੇ ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਦੋਵੇਂ ਵਿਕਟਾਂ ਭੁਵਨੇਸ਼ਵਰ ਕੁਮਾਰ ਨੇ ਲਈਆਂ।
ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿੱਚ ਭਾਰਤ ਦਾ ਸਭ ਤੋਂ ਘਟ ਸਕੋਰ 54 ਦੌੜਾਂ ਹੈ ਜੋ ਉਸ ਨੇ ਸ਼ਾਹਰਜ਼ਾ ਵਿੱਚ ਸ੍ਰੀਲੰਕਾ ਖ਼ਿਲਾਫ਼ ਬਣਾਇਆ ਸੀ, ਜਦੋਂ ਕਿ ਨਿਊਜ਼ੀਲੈਂਡ ਖ਼ਿਲਾਫ਼ ਦਾ ਦੂਜਾ ਸਭ ਤੋਂ ਘਟ ਸਕੋਰ ਹੈ, ਇਸ ਤੋਂ ਪਹਿਲਾਂ ਦਾਮਬੁਲਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 88 ਦੌੜਾਂ ਬਣਾਈਆਂ ਸਨ। 5ਵਾਂ ਤੇ ਆਖ਼ਰੀ ਵਨਡੇ 3 ਫਰਵਰੀ ਨੂੰ ਵੈਲਿੰਗਟਨ ਵਿਖੇ ਖੇਡਿਆ ਜਾਏਗਾ।
Cricket ਨਿਊਜ਼ੀਲੈਂਡ ਨੇ ਭਾਰਤ ਨੂੰ ਚੌਥਾ ਵਨਡੇ 8 ਵਿਕਟਾਂ ਨਾਲ ਹਰਾਇਆ