ਆਕਲੈਂਡ, 14 ਮਈ – ਰੋਜ਼ ਬ੍ਰਿਚ ਪਾਰਕ ਪੁਕੀਕੁਈ ਵਿਖੇ ਮੇਜ਼ਬਾਨ ਨਿਊਜ਼ੀਲੈਂਡ ਨੇ ਮਹਿਮਾਨ ਭਾਰਤੀ ਮਹਿਲਾ ਹਾਕੀ ਟੀਮ ਨੂੰ ੪-੧ ਨਾਲ ਹਰਾ ਕੇ ਪੰਜ ਟੈੱਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਲੈ ਲਈ ਹੈ। ਹੁਣ ਦੂਜਾ ਮੈਚ 16 ਮਈ ਨੂੰ ਸ਼ਾਮੀ 7.00 ਵਜੇ ਇੱਥੇ ਹੀ ਖੇਡਿਆ ਜਾਵੇਗਾ।
ਮੈਚ ਦੌਰਾਨ ਨਿਊਜ਼ੀਲੈਂਡ ਟੀਮ ਦਾ ਪੂਰੇ ਮੈਚ ਵਿੱਚ ਦਬਦਬਾ ਵੇਖਣ ਨੂੰ ਮਿਲਿਆ ਜਦੋਂ ਕਿ ਭਾਰਤੀ ਟੀਮ ਨੇ ਵੀ ਮੈਚ ਨੂੰ ਬਰਾਬਰ ਕਰਨ ਲਈ ਪੂਰਾ ਜ਼ੋਰ ਲਗਾਇਆ ਪਰ ਉਹ ਪੂਰੇ ਸਮੇਂ ਵਿੱਚ 1 ਗੋਲ ਹੀ ਕਰ ਸੱਕੀ। ਜਦੋਂ ਕਿ ਨਿਊਜ਼ੀਲੈਂਡ ਦੀ ਟੀਮ ਹਾਫ਼ ਟਾਈਮ ਤੱਕ 2 ਗੋਲਾਂ ਦੀ ਬੜ੍ਹਤ ਬਣਾ ਲਈ ਸੀ, ਨਿਊਜ਼ੀਲੈਂਡ ਟੀਮ ਨੇ ਦੋਵੇਂ ਕੁਆਟਰ ਵਿੱਚ 1-1 ਗੋਲ ਕੀਤਾ। ਪਰ ਤੀਸਰੇ ਕੁਆਟਰ ਦੇ ਸ਼ੁਰੂ ਵਿੱਚ ਗੋਲ ਕਰਕੇ ਸਕੋਰ ੧-੨ ਕਰ ਦਿੱਤਾ ਪਰ ਨਿਊਜ਼ੀਲੈਂਡ ਦੀਆਂ ਖਿਡਾਰਨਾਂ ਨੇ ਇੱਕ ਹੋਰ ਗੋਲ ਕਰਕੇ ਸਕੋਰ 3-1 ਉੱਤੇ ਕਰ ਦਿੱਤਾ ਅਤੇ ਚੌਥੇ ਕੁਆਟਰ ਵਿੱਚ ਇੱਕ ਹੋਰ ਗੋਲ ਕਰਕੇ ਸਕੋਰ 4-1 ਕਰ ਦਿੱਤਾ ਅਤੇ ਮੈਚ ਬੜੇ ਹੀ ਅਰਾਮ ਨਾਲ ਆਪਣੇ ਹੱਕ ਵਿੱਚ ਕਰ ਲਿਆ। ਗੌਰਤਲਬ ਹੈ ਕਿ ਪੂਰੇ ਮੈਚ ਵਿੱਚ ਇਕਲੌਤਾ ਪੈਨਲਟੀ ਕਾਰਨ ਸਿਰਫ਼ ਭਾਰਤੀ ਟੀਮ ਨੇ ਹੀ ਹਾਸਲ ਕੀਤਾ ਪਰ ਭਾਰਤੀ ਟੀਮ ਉਸ ਦਾ ਲਾਭ ਨਹੀਂ ਉਠਾ ਸੱਕੀ। ਨਿਊਜ਼ੀਲੈਂਡ ਵੱਲੋਂ ਜੌਰਡਨ ਗਰਾਂਟ, ਓਲੀਵਾ ਮੈਰੀ, ਰੇਚਲ ਮੈਕੈਨ ਅਤੇ ਡੀਨਾ ਰੀਚੀ ਨੇ ਗੋਲ ਕੀਤੇ ਜਦੋਂ ਕਿ ਭਾਰਤ ਵੱਲੋਂ ਇਕਲੌਤਾ ਗੋਲ ਅਨੂਪ ਬਾਰਲਾ ਨੇ ਕੀਤਾ।
ਮੈਚ ਤੋਂ ਬਾਅਦ ਭਾਰਤੀ ਟੀਮ ਦੇ ਮੁੱਖ ਕੋਚ ਜੋਅਰਡ ਮਰਿਜਨ (ਸਾਬਕਾ ਡੱਚ ਵੂਮੈਨ ਹਾਕੀ ਕੋਚ) ਨੇ ਕੂਕ ਪੰਜਾਬੀ ਸਮਾਚਾਰ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਰਤੀ ਖਿਡਾਰਨਾਂ ਦੀ ਅੱਜ ਦੀ ਪ੍ਰਫਾਰਮੈਂਸ ਤੋਂ ਸੰਤੁਸ਼ਟ ਹਨ ਅਤੇ ਅੱਗਲੇ ਮੈਚਾਂ ਵਿੱਚ ਹੋਰ ਬਿਹਤਰ ਖੇਡ ਵਿਖਾਉਣ ਦੀ ਆਸ ਜਤਾਈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਪੂਰੇ ਮੈਚ ਦੌਰਾਨ ਸਿਰਫ਼ ਇੱਕ ਪੈਨਲਟੀ ਕਾਰਨਰ ਹੀ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਦੋਵੇਂ ਟੀਮਾਂ ਚੰਗਾ ਡਿਫੈਂਸ ਕਰਦੀਆਂ ਹਨ ਤਾਂ ਪੈਨਲਟੀ ਕਾਰਨਰ ਮਿਲਣ ਦੀ ਸੰਭਾਵਨਾ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਭਾਰਤੀ ਟੀਮ ਨਹੀਂ ਹੈ ਕੁੱਝ ਜੂਨੀਅਰ ਖਿਡਾਰਨਾਂ ਨੂੰ ਇਸ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਦੋ ਖਿਡਾਰਨਾਂ ਨਵੀਆਂ ਹਨ ਤੇ ਉਨ੍ਹਾਂ ਦਾ ਇਹ ਪਹਿਲਾ ਇੰਟਰਨੈਸ਼ਨਲ ਮੈਚ ਹੈ, ਬਾਕੀ ਸਾਰੀਆਂ ਇੰਟਰਨੈਸ਼ਨਲ ਮੈਚ ਖੇਡ ਚੁੱਕੀਆਂ ਹਨ।
ਇਸ ਸੀਰੀਜ਼ ਲਈ ਕੀਵੀ ਟੀਮ ਦੇ ਮੁੱਖ ਕੋਚ ਸੀਨ ਡੈਂਸਰ ਨੇ ਕਿਹਾ ਕਿ ਕੀਵੀ ਟੀਮ ਦੀ ਜਿੱਤ ਪ੍ਰਭਾਵ ਪਾਉਣ ਵਾਲੀ ਜਿੱਤ ਹੈ ਅਤੇ ਅਗਲੇ ਮੈਚਾਂ ਵਿੱਚ ਵੀ ਇਹ ਲੈਅ ਜਾਰੀ ਰੱਖਣ ਦੀ ਟੀਮ ਪਾਸੋਂ ਆਸ ਹੈ।
Home Page ਨਿਊਜ਼ੀਲੈਂਡ ਨੇ ਭਾਰਤ ਨੂੰ 4-1 ਨਾਲ ਪਹਿਲਾ ਹਾਕੀ ਮੈਚ ਹਰਾਇਆ