ਕ੍ਰਾਈਸਟਚਰਚ, 26 ਦਸੰਬਰ – ਨਿਊਜ਼ੀਲੈਂਡ ਨੇ ਵੈੱਸਟ ਇੰਡੀਜ਼ ਤੋਂ ਪਹਿਲਾਂ ਟੈੱਸਟ ਸੀਰੀਜ਼ ਅਤੇ ਹੁਣ ਵੰਨ-ਡੇ ਸੀਰੀਜ਼ ਵੀ 3-0 ਨਾਲ ਜਿੱਤ ਲਈ ਹੈ। ਹੁਣ ਦੋਵਾਂ ਟੀਮਾਂ ਵਿਚਕਾਰ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਹੋਣੀ ਬਾਕੀ ਰਹਿ ਗਈ ਹੈ।
ਇੱਥੇ ਬਾਕਸਿੰਗ ਡੇਅ ਵਾਲੇ ਦਿਨ ਮੀਂਹ ਤੋਂ ਪ੍ਰਭਾਵਿਤ ਤੀਜੇ ਤੇ ਆਖ਼ਰੀ ਵੰਨਡੇ ਮੈਚ ‘ਚ ਮੇਜ਼ਬਾਨ ਨਿਊਜ਼ੀਲੈਂਡ ਨੇ ਮਹਿਮਾਨ ਟੀਮ ਵੈੱਸਟ ਇੰਡੀਜ਼ ਨੂੰ ਡਕਵਰਥ ਲੂਈਸ ਸਿਸਟਮ ਦੇ ਆਧਾਰ ‘ਤੇ 66 ਦੌੜਾਂ ਨਾਲ ਹਰਾ ਕੇ ਲੜੀ ‘ਤੇ 3-0 ਨਾਲ ਕਬਜ਼ਾ ਕਰ ਲਿਆ। ਮੀਂਹ ਦੇ ਕਰਕੇ ਮੈਚ ਨੂੰ 23 ਓਵਰਾਂ ਦਾ ਕਰ ਦਿੱਤਾ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੀਵੀ ਟੀਮ ਨੇ 19 ਓਵਰਾਂ ‘ਚ 3 ਵਿਕਟਾਂ ‘ਤੇ 83 ਦੌੜਾਂ ਬਣਾ ਲਈਆਂ ਸਨ ਪਰ ਮੀਂਹ ਕਾਰਨ ਮੈਚ ਨੂੰ ਰੋਕਣਾ ਪਿਆ। ਕੀਵੀ ਟੀਮ ਨੇ ਦੁਬਾਰਾ ਖੇਡ ਸ਼ੁਰੂ ਹੋਣ ‘ਤੇ 4 ਓਵਰਾਂ ਵਿੱਚ 48 ਦੌੜਾਂ ਜੋੜੀਆਂ। ਕੀਵੀ ਬੱਲੇਬਾਜ਼ ਰੌਸ ਟੇਲਰ ਨੇ 47 ਅਤੇ ਟਾਮ ਲੈਥਮ ਨੇ 37 ਦੌੜਾਂ ਦਾ ਯੋਗਦਾਨ ਪਾਇਆ।
ਕੀਵੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 131 ਦੌੜਾਂ ਬਣਾਈਆਂ ਤੇ ਡਕਵਰਥ ਲੂਈਸ ਦੇ ਆਧਾਰ ‘ਤੇ ਵੈੱਸਟ ਇੰਡੀਜ਼ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਵੈੱਸਟ ਇੰਡੀਜ਼ ਦੀ ਟੀਮ 9 ਵਿਕਟਾਂ ‘ਤੇ 99 ਦੌੜਾਂ ਹੀ ਬਣਾ ਸਕੀ ਅਤੇ ਮੈਚ ਦੇ ਨਾਲ ਨਾਲ ਲੜੀ ਵੀ ਹਾਰ ਗਈ। ਇੱਕ ਵੇਲੇ ਵੈੱਸਟ ਇਡੀਜ਼ ਨੇ 9 ਦੌੜਾਂ ‘ਤੇ ਹੀ 5 ਵਿਕਟਾਂ ਗੁਆ ਲਈਆਂ ਸਨ। ਪਰ ਕੈਰੇਬੀਆਈ ਕਪਤਾਨ ਜੇਸਨ ਹੋਲਡਰ ਨੇ 21 ਗੇਂਦਾਂ ‘ਚ 34 ਦੌੜਾਂ ਬਣਾ ਕੇ ਟੀਮ ਨੂੰ ਨਮੋਸ਼ੀ ਭਰੀ ਹਾਰ ਤੋਂ ਬਚਾਅ ਲਿਆ। ਨਿਊਜ਼ੀਲੈਂਡ ਗੇਂਦਬਾਜ਼ ਟਰੇਂਟ ਬੋਲਟ ਨੇ 18 ਅਤੇ ਮਿਸ਼ੇਲ ਸੇਂਟਨਰ ਨੇ 15 ਦੌੜਾਂ ਦੇ ਕੇ 3-3 ਵਿਕਟਾਂ ਹਾਸਲ ਕੀਤੀਆਂ ਜਦੋਂ ਕਿ ਮੈਟ ਹੈਨਰੀ ਨੇ 2 ਵਿਕਟਾਂ ਲਈਆਂ। ਕੀਵੀ ਗੇਂਦਬਾਜ਼ ਟਰੇਂਟ ਬੋਲਟ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ।
ਕੀਵੀ ਟੀਮ ਨੇ ਇਸ ਤੋਂ ਪਹਿਲਾਂ ਵੈੱਸਟ ਇੰਡੀਜ਼ ਨੂੰ ਟੈੱਸਟ ਲੜੀ ‘ਚ 2-0 ਨਾਲ ਮਾਤ ਦਿੱਤੀ ਸੀ। ਹੁਣ ਦੋਵਾਂ ਟੀਮਾਂ ਵਿਚਕਾਰ ਤਿੰਨ ਟੀ-20 ਮੈਚਾਂ ਦੀ ਲੜੀ ਸ਼ੁੱਕਰਵਾਰ ਤੋਂ ਨੇਲਸਨ ‘ਚ ਖੇਡੀ ਜਾਵੇਗੀ।
Cricket ਨਿਊਜ਼ੀਲੈਂਡ ਨੇ ਵੈੱਸਟ ਇੰਡੀਜ਼ ਤੋਂ 3-0 ਨਾਲ ਵੰਨ-ਡੇ ਸੀਰੀਜ਼ ਜਿੱਤੀ