ਅਮੀਰੀ: ਮੋੜ ਦਿੱਤਾ ਧਨ ਬੇਗਾਨਾ
ਆਕਲੈਂਡ, 6 ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਅੱਜ ਦੇ ਯੁੱਗ ਵਿੱਚ ਲੋਕ ਲੱਭੀ ਲਭਾਈ ਵਸਤੂ ਮੋੜਨ ਦੀ ਥਾਂ ਤਰੀਕੇ ਨਾਲ ਵਰਤਣ ਵਿੱਚ ਸਿਆਣਪ ਸਮਝਦੇ ਹਨ। ਜੇਕਰ ਇਹ ਵਸਤੂ ਪੈਸਿਆਂ (ਡਾਲਰਾਂ) ਦੇ ਰੂਪ ਵਿੱਚ ਹੋਵੇ ਤਾਂ ਆਮ ਇਨਸਾਨ ਦਾ ਦਿਲ ਜ਼ਰੂਰ ਕਰੇਗਾ ਕਿ ਕਿਉਂ ਨਾ ਇਹ ਰਕਮ ਵਰਤ ਕੇ ਕੁੱਝ ਅਮੀਰ ਬਣਿਆ ਜਾਵੇ? ਪਰ ਅਮੀਰੀ ਦੇ ਅਰਥ ਬੇਗਾਨਾ ਧਨ ਮੋੜਨ ਦੇ ਵਿੱਚ ਵੀ ਲੁਕੇ ਹੁੰਦੇ ਹਨ ਜਿਨ੍ਹਾਂ ਦੀ ਉਦਾਹਰਣ ਪੰਜਾਬ ਦੀਆਂ ਦੋ ਕੁੜੀਆਂ ਰਾਜਬੀਰ ਕੌਰ ਪਿੰਡ ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਅਤੇ ਸੁਹਜਵੀਰ ਕੌਰ ਪਿੰਡ ਦਿੜਬਾ (ਸੰਗਰੂਰ) ਨੇ ਇੱਥੋਂ ਦੇ ਇਕ ਸ਼ਹਿਰ ਹੈਮਿਲਟਨ ਵਿਖੇ ਪੇਸ਼ ਕੀਤੀ। ਬੀਤੇ ਦਿਨੀਂ ਜਦੋਂ ਉਹ ਬਾਅਦ ਦੁਪਹਿਰ ਆਪਣੇ ਕਾਲਜ ‘ਵਿਨਟੈਕ’ ਜਾ ਰਹੀਆਂ ਸਨ ਤਾਂ ਰਸਤੇ ਦੇ ਵਿੱਚ ਉਨ੍ਹਾਂ ਨੂੰ ਇਕ ਲਿਫ਼ਾਫ਼ਾ ਮਿਲਿਆ ਜਿਸ ਉੱਤੇ ਏ.ਐਨ.ਜ਼ੈਡ. ਬੈਂਕ ਦਾ ਨਾਂਅ ਲਿਖਿਆ ਸੀ। ਕੁੜੀਆਂ ਨੇ ਜਦੋਂ ਚੈੱਕ ਕੀਤਾ ਤਾਂ ਉਸ ਵਿੱਚ ਕੁੱਝ ਹਜ਼ਾਰ ਡਾਲਰ ਸਨ। ਉਨ੍ਹਾਂ ਦੇ ਮਨ ਵਿੱਚ ਆਇਆ ਕਿ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਪਰ ਫਿਰ ਖ਼ਿਆਲ ਆਇਆ ਕਿ ਕਲਾਸ ਲਗਾਉਣ ਦਾ ਵੀ ਸਮਾਂ ਹੋ ਚਲਾ ਹੈ ਤੇ ਉਹ ਨਵੀਆਂ-ਨਵੀਆਂ ਆਈਆਂ ਹਨ, ਜ਼ਿਆਦਾ ਜਾਣਕਾਰੀ ਵੀ ਨਹੀਂ ਹੈ ਕਿ ਕਿੱਥੇ ਰਿਪੋਰਟ ਕਰਨ, ਇਸ ਕਰਕੇ ਉਨ੍ਹਾਂ ਸੋਚਿਆ ਕਿ ਉਹ ਇਸ ਨੂੰ ਆਪਣੇ ਪ੍ਰੋਫੈਸਰ ਨੂੰ ਦੇ ਦੇਣਗੀਆਂ। ਉਨ੍ਹਾਂ ਇਹ ਲਿਫ਼ਾਫ਼ਾ ਆਪਣੇ ਪ੍ਰੋਫੈਸਰ ਨੂੰ ਦੇ ਦਿੱਤਾ ਅਤੇ ਕਲਾਸ ਲਾ ਲਾਈ। ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਉਹ ਇਹ ਰਕਮ ਕੱਲ੍ਹ ਨੂੰ ਖ਼ੁਦ ਉਨ੍ਹਾਂ ਨਾਲ ਪੁਲਿਸ ਸਟੇਸ਼ਨ ਜਾ ਕੇ ਦੇ ਆਉਣਗੇ। ਅਗਲੇ ਦਿਨ ਇਹ ਰਕਮ ਪੁਲਿਸ ਦੇ ਸਪੁਰਦ ਕਰ ਦਿੱਤੀ ਗਈ। ਪੁਲਿਸ ਨੇ ਉਸ ਰਕਮ ਦੇ ਮਾਲਕਾਂ ਨੂੰ ਲੱਭ ਲਿਆ। ਮਾਲਕ ਜਦੋਂ ਇਹ ਗਵਾਚਿਆ ਲਿਫ਼ਾਫ਼ਾ ਵਾਪਸ ਲੈਣ ਆਏ ਤਾਂ ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਹ ਪੈਸੇ ਮੋੜੇ ਹਨ ਅਸੀਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਪ੍ਰੋਫੈਸਰ ਅਤੇ ਇਹ ਦੋਵੇਂ ਕੁੜੀਆਂ ਪੁਲਿਸ ਸਟੇਸ਼ਨ ਗਈਆਂ ਤਾਂ ਰਕਮ ਦੇ ਅਸਲ ਮਾਲਕਾਂ ਨੇ ਇਨ੍ਹਾਂ ਕੁੜੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਨ੍ਹਾਂ ਕੁੜੀਆਂ ਲਈ ਦੋ ਥੈਂਕਸ ਕਾਰਡ ਅਤੇ 100-100 ਡਾਲਰ ਇਨਾਮ ਇਮਾਨਦਾਰੀ ਜਿੰਦਾ ਰੱਖਣ ਦੀ ਉਦਾਹਰਣ ਪੇਸ਼ ਕਰਨ ਲਈ ਸਤਿਕਾਰ ਵਜੋਂ ਦਿੱਤਾ। ਇਸ ਤੋਂ ਬਾਅਦ ਹੈਮਿਲਟਨ ਪੁਲਿਸ ਨੇ ਵੀ ਆਪਣੀ ਫੇਸ ਬੁੱਕ ਪੇਜ ਉੱਤੇ ਇਨ੍ਹਾਂ ਅੰਤਰਰਾਸ਼ਟਰੀ ਕੁੜੀਆਂ ਬਾਬਤ ਬਹੁਤ ਸੋਹਣਾ ਲਿਖ ਕੇ ਪਾਇਆ ਅਤੇ ਮਾਣ ਮਹਿਸੂਸ ਕੀਤਾ।
Home Page ਨਿਊਜ਼ੀਲੈਂਡ ਪੜ੍ਹਨ ਆਈਆਂ ਰਾਜਬੀਰ ਕੌਰ ਅਤੇ ਸੁਹਜਵੀਰ ਕੌਰ ਨੇ ਪੇਸ਼ ਕੀਤੀ ਇਮਾਨਦਾਰੀ...