ਮੰਗ ਪੱਤਰ: ਕਿਸਾਨੀ ਬਿੱਲ-ਕਰੋ ਹੱਲ
ਆਕਲੈਂਡ, 8 ਦਸੰਬਰ – ਭਾਰਤ ਦੇ ਵਿੱਚ ਲਾਗੂ ਕੀਤੇ ਗਏ ਨਵੇਂ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਜਿੱਥੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਕਿਸਾਨਾਂ ਨੇ ਇਕ ਤਰ੍ਹਾਂ ਨਾਲ ਘੇਰਾ ਪਾ ਰੱਖਿਆ ਹੈ ਉੱਥੇ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਦੇਸ਼-ਵਿਦੇਸ਼ ਮੁਜ਼ਾਹਰੇ ਅਤੇ ਭਾਰਤੀ ਸਫ਼ਾਰਤਖ਼ਾਨਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਹਨ। ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿੱਥੇ ਮੁਜ਼ਾਹਰੇ ਜਾਰੀ ਹਨ ਉੱਥੇ ਅੱਜ ‘ਨਿਊਜ਼ੀਲੈਂਡ ਸਿੱਖ ਗੇਮਜ਼’ ਸੰਸਥਾ ਵੱਲੋਂ ਭਾਰਤੀ ਹਾਈ ਕਮਿਸ਼ਨ ਦੇ ਨਾਂਅ ਲਿਖਿਆ ਇਕ ਮੰਗ ਪੱਤਰ ਆਕਲੈਂਡ ਵਿਖੇ ਨਿਯੁਕਤ ਕੀਤੇ ਗਏ ਆਨਰੇਰੀ ਕਾਉਂਸਲ ਸ. ਭਵਦੀਪ ਸਿੰਘ ਢਿੱਲੋਂ ਦੇ ਦਫ਼ਤਰ ਦਿੱਤਾ ਗਿਆ। ਮੰਗ ਪੱਤਰ ਦੇ ਵਿੱਚ ਭਾਰਤ ਦੇ ਵਿਚ ਲਾਗੂ ਕੀਤੇ ਗਏ ਤਿੰਨ ਕਿਸਾਨੀ ਬਿੱਲਾਂ ਦੇ ਸਬੰਧ ਵਿੱਚ ਭਾਰਤੀ ਕਿਸਾਨਾਂ ਨੂੰ ਆਉਣ ਵਾਲੀਆਂ ਸੰਭਾਵਿਤ ਮੁਸ਼ਕਲਾਂ ਦੇ ਸਬੰਧ ਵਿੱਚ ਲਿਖਿਆ ਗਿਆ ਹੈ। ਮੰਗ ਪੱਤਰ ਦੇਣ ਦੇ ਲਈ ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਬੈਂਸ, ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ, ਸਕੱਤਰ ਸ. ਗੁਰਵਿੰਦਰ ਸਿੰਘ ਔਲਖ, ਖ਼ਜ਼ਾਨਚੀ ਸ. ਸੁਰਿੰਦਰ ਸਿੰਘ ਢੀਂਡਸਾ ਅਤੇ ਟੀਮ ਮੈਂਬਰ ਸ. ਗੁਰਜਿੰਦਰ ਸਿੰਘ ਘੁੰਮਣ ਹੋਰੀਂ ਪਹੁੰਚੇ। ਆਨਰੇਰੀ ਕਾਉਂਸਲ ਸ. ਭਵਦੀਪ ਸਿੰਘ ਕੁੱਝ ਦਿਨਾਂ ਦੇ ਲਈ ਬਾਹਰ ਗਏ ਹੋਣ ਕਰਕੇ ਇਹ ਮੰਗ ਪੱਤਰ ਉਨ੍ਹਾਂ ਦੇ ਸਟਾਫ਼ ਮੈਡਮ ਯੈਸ਼ਮਿਨ ਚਾਂਦ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਦੀ ਈਮੇਲ ਕਾਪੀ ਵੀ ਆਨਰੇਰੀ ਕਾਉਂਸਲ ਨੂੰ ਭੇਜੀ ਜਾਵੇਗੀ। ਵਰਨਣਯੋਗ ਹੈ ਕਿ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਅੱਜ 8 ਦਸੰਬਰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੋਇਆ ਹੈ ਅਤੇ ਕੱਲ੍ਹ ਆਖ਼ਰੀ ਗੇੜ ਦੀ ਮੀਟਿੰਗ ਵੀ ਰਾਜਧਾਨੀ ਦਿੱਲੀ ਵਿਖੇ ਮੰਤਰੀਆਂ ਨਾਲ ਹੋ ਰਹੀ ਹੈ। ਬਾਹਰ ਬੈਠੇ ਭਾਰਤੀ ਭਾਈਚਾਰੇ ਦਾ ਮੁੱਖ ਮਕਸਦ ਇਹ ਹੈ ਕਿ ਇਨ੍ਹਾਂ ਬਿੱਲਾਂ ਦਾ ਕੋਈ ਨਾ ਕੋਈ ਹੱਲ ਕੱਢ ਕੇ ਇਸ ਮਸਲੇ ਨੂੰ ਬੰਦ ਕੀਤਾ ਜਾਵੇ ਅਤੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਲਿਆ ਜਾਵੇ।
Home Page ‘ਨਿਊਜ਼ੀਲੈਂਡ ਸਿੱਖ ਗੇਮਜ਼’ ਕਮੇਟੀ ਨੇ ਭਾਰਤੀ ਹਾਈ ਕਮਿਸ਼ਨ ਦੇ ਆਕਲੈਂਡ ਦਫ਼ਤਰ ਦਿੱਤਾ...