-ਵਿਜ਼ਟਰ ਅਤੇ ਥੋੜ੍ਹਚਿਰੇ ਵੀਜ਼ੇ ਤਿੰਨ ਮਹੀਨੇ ਲਈ ਬੰਦ
ਆਕਲੈਂਡ 3 ਅਗਸਤ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਸਰਕਾਰ ਨੇ ਕੋਰੋਨਾਵਾਇਰਸ ਦੇ ਦਾਖ਼ਲੇ ਨੂੰ ਬੰਦ ਕਰਨ ਦੇ ਇਰਾਦੇ ਨਾਲ ਆਪਣੀਆਂ ਸਰਹੱਦਾਂ ਸਿਰਫ਼ ਦੇਸ਼ ਦੇ ਨਾਗਰਿਕਾਂ ਅਤੇ ਪੱਕੇ ਰਿਹਾਇਸ਼ੀਆਂ ਲਈ ਖੁੱਲ੍ਹੀਆਂ ਰੱਖੀਆਂ ਹੋਈਆਂ ਹਨ। ਸਰਕਾਰ ਇਸ ਗੱਲ ਦੀ ਆਸ ਵਿੱਚ ਸੀ ਕਿ ਸ਼ਾਇਦ ਕੋਰੋਨਾਵਾਇਰਸ ਠੀਕ ਹੋ ਜਾਵੇਗਾ ਅਤੇ ਅਸਥਾਈ ਵੀਜ਼ੇ ਵਾਲੇ ਲੋਕ ਆ ਸਕਣਗੇ ਪਰ ਲਗਦਾ ਹੈ ਕਿ ਸਰਕਾਰ ਨੇ ਸੋਚ ਲਿਆ ਹੈ ਕਿ ਇਹ ਬਿਮਾਰੀ ਐਨੀ ਜਲਦੀ ਖ਼ਤਮ ਹੋਣ ਵਾਲੀ ਨਹੀਂ। ਇਸ ਦੇ ਚਲਦਿਆਂ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 10 ਅਗਸਤ ਤੋਂ ਅਸਥਾਈ ਵੀਜ਼ੇ (ਵਿਜ਼ਟਰ ਵੀਜ਼ਾ ਅਤੇ ਥੋੜ੍ਹ ਚਿਰੇ ਕੁੱਝ ਹੋਰ) ਵਾਲੀਆਂ ਵਿਦੇਸ਼ੀ ਅਰਜ਼ੀਆਂ (ਓਵਰਸੀਜ਼) ਲੈਣੀਆਂ ਬੰਦ ਕਰ ਦੇਣੀਆਂ ਹਨ। ਇਹ ਬੰਦਿਸ਼ ਅਜੇ 3 ਮਹੀਨਿਆਂ ਲਈ ਲਗਾਈ ਜਾ ਰਹੀ ਹੈ। ਇਸ ਸ਼੍ਰੇਣੀ ਦੇ ਵਿੱਚ ਕੁੱਝ ਨੂੰ ਛੋਟ ਵੀ ਦਿੱਤੀ ਗਈ ਹੈ ਜਿਵੇਂ ਦੇਸ਼ ਦੇ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਦੇ ਮਾਪੇ, ਨਿਰਭਰ ਅਵਸਥਾ ਵਾਲੇ ਬੱਚੇ, ਰਾਜਦੂਤਕ, ਕੌਂਸਲਰ ਤੇ ਸਟਾਫ਼ ਅਤੇ ਇਨ੍ਹਾਂ ‘ਤੇ ਨਿਰਭਰ ਪਰਿਵਾਰ। ਇਸ ਤੋਂ ਇਲਾਵਾ ਅੰਟਾਰਟਿਕ ਯਾਤਰੀ, ਮਾਨਤਾ ਪ੍ਰਾਪਤ ਸੀਜ਼ਨਲ ਰੁਜ਼ਗਾਰ ਦਾਤਾ (ਆਰ. ਐੱਸ. ਈ.) ਲਿਮਟਿਡ ਵੀਜ਼ਾ ਆਦਿ।
ਇਸ ਤੋਂ ਇਲਾਵਾ ਇੱਥੇ ਆਉਣ ਦੀ ਛੋਟ ਪ੍ਰਾਪਤ ਕਰਨ ਦੇ ਲਈ ਜੋ ‘ਐਕਸਪ੍ਰੈਸ਼ਨ ਆਫ਼ ਇੰਟਰਸਟ’ (ਈ.ਓ.ਆਈ) ਭਰਿਆ ਜਾਂਦਾ ਸੀ ਉਸ ਦੀ ਵੀ ਹੁਣ ਫ਼ੀਸ ਰੱਖ ਦਿੱਤੀ ਗਈ ਹੈ। ਇਕ ਰੁਜ਼ਗਾਰ ਦਾਤਾ ਨੂੰ ਆਪਣੇ ਕਾਮੇ ਲਈ ਅਜਿਹੀ ਬੇਨਤੀ ਕਰਨ ਉੱਤੇ 380 ਡਾਲਰ ਫ਼ੀਸ ਦੇਣੀ ਹੋਵੇਗੀ ਜਦੋਂ ਕਿ ਵਿਅਕਤੀਗਤ ਤੌਰ ‘ਤੇ ਇਹ ਫ਼ੀਸ 45 ਡਾਲਰ ਰਹੇਗੀ।
ਪਿਛਲੇ ਕੁੱਝ ਮਹੀਨਿਆਂ ਦੇ ਵਿੱਚ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਵਿਅਕਤੀਗਤ ਤੌਰ ‘ਤੇ 27,000 ਅਰਜ਼ੀਆਂ ਵਿਦੇਸ਼ਾਂ ਤੋਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੀ ਦਿਲਚਸਪੀ ਇੱਥੇ ਆਉਣ ਦੀ ਸੀ ਅਤੇ 5400 ਅਰਜ਼ੀਆਂ ਉਹ ਸਨ ਜਿਨ੍ਹਾਂ ਨੂੰ ਇੱਥੇ ਬੁਲਾਉਣ ਲਈ ਸੱਦਾ ਭੇਜਿਆ ਗਿਆ ਸੀ। ਇਨ੍ਹਾਂ ਅਰਜ਼ੀਆਂ ਉੱਤੇ ਵਿਚਾਰ ਕਰਨ ਲਈ ਕੋਈ ਖ਼ਰਚਾ ਨਹੀਂ ਸੀ ਹੁੰਦਾ ਪਰ ਹੁਣ ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਇਹ ਸਭ ਕੁੱਝ ‘ਮੁਫ਼ਤ’ ਕਰਨਾ ਔਖਾ ਹੋ ਗਿਆ ਹੈ।
ਬਾਰਡਰ ਬੰਦ ਦੇ ਚਲਦਿਆਂ ਇਮੀਗ੍ਰੇਸ਼ਨ ਨੇ ਬਹੁਤ ਹੀ ਸਖ਼ਤ ਸਰਹੱਦੀ ਸ਼ਰਤਾਂ ਦੇ ਅਧਾਰਿਤ ਕੁੱਝ ਵੀਜ਼ੇ ਦਿੱਤੇ ਸਨ ਅਤੇ ਆਮ ਵੀਜ਼ੇ ਬੰਦ ਸਨ ਪਰ ਲੋਕ ਲਗਾਤਾਰ ਅਰਜ਼ੀਆਂ ਦੇ ਰਹੇ ਸਨ। ਇਮੀਗ੍ਰੇਸ਼ਨ ਨੇ ਕਿਹਾ ਹੈ ਕਿ ਹਾਲਾਤ ਠੀਕ ਹੋਣ ਉੱਤੇ ਉਹ ਵਧੀਆ ਤਰੀਕੇ ਨਾਲ ਨਵੀਆਂ ਅਰਜ਼ੀਆਂ ਉੱਤੇ ਕੰਮ ਕਰਨਗੇ। ਜਿਨ੍ਹਾਂ ਨੇ ਅਰਜ਼ੀਆਂ ਲਾਈਆਂ ਹਨ ਉਨ੍ਹਾਂ ਦੀ ਫ਼ੀਸ ਸੁਰੱਖਿਅਤ ਰਹੇਗੀ। ਉਨ੍ਹਾਂ ਦੇ ਮੈਡੀਕਲ ਅਤੇ ਪੁਲਿਸ ਸਰਟੀਫਿਕੇਟ ਵੀ ਮਾਨਤਾ ਪ੍ਰਾਪਤ ਰਹਿਣਗੇ। ਜਿਹੜੇ ਲੋਕਾਂ ਨੇ ਅਰਜ਼ੀ ਲਾਈ ਹੋਈ ਹੈ ਉਨ੍ਹਾਂ ਕੋਲ ਚੋਣ ਹੈ ਕਿ ਉਹ ਆਪਣੀ ਅਰਜ਼ੀ ਵਾਪਸ ਮੰਗ ਸਕਦੇ ਹਨ ਅਤੇ ਫ਼ੀਸ ਵਾਪਸ ਕਰਨ ਵਾਸਤੇ ਬੇਨਤੀ ਕਰ ਸਕਦੇ ਹਨ। ਰੈਜ਼ੀਡੈਂਸੀ (ਪੱਕੀ ਰਿਹਾਇਸ਼) ਵਾਲੀਆਂ ਅਰਜ਼ੀਆਂ ਲਗਾਈਆਂ ਜਾ ਸਕਣਗੀਆਂ ਕਿਉਂਕਿ ਇਹ ਜ਼ਿਆਦਾ ਸਮਾਂ ਮੰਗਦੀਆਂ ਹਨ ਅਤੇ ਬਾਰਡਰ ਬੰਦ ਨਾਲ ਬਹੁਤਾ ਫ਼ਰਕ ਨਹੀਂ ਪੈਂਦਾ। ਸੋ ਅੰਤ ਕਹਿ ਸਕਦੇ ਹਾਂ ਕਿ ਇਮੀਗ੍ਰੇਸ਼ਨ ਚਾਹੁੰਦੀ ਹੈ ਕਿ ਨਿਊਜ਼ੀਲੈਂਡ ਆਉਣ ਦੀ ਦਿਲਚਸਪੀ ਵਿਖਾਉਣ ਤੋਂ ਪਹਿਲਾਂ ਡਾਲਰ ਦੇ ਦਰਸ਼ਨ ਜ਼ਰੂਰ ਕਰਵਾਓ।
Home Page ਨਿਊਜ਼ੀਲੈਂਡ 10 ਅਗਸਤ ਤੋਂ ਓਵਰਸੀਜ਼ ਅਸਥਾਈ ਵੀਜ਼ਾ ਅਰਜ਼ੀਆਂ ਪ੍ਰਾਪਤ ਨਹੀਂ ਕਰੇਗਾ-ਈ.ਓ.ਆਈ ‘ਤੇ...