ਨਵੀਂ ਦਿੱਲੀ – ਇੱਥੇ ਦੇ ਨਿਗਮਬੋਧ ਘਾਟ ਵਿਖੇ 18 ਮਈ ਬੁੱਧਵਾਰ ਨੂੰ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਪੁੱਜੇ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਬਾਬਾ ਹਰਦੇਵ ਸਿੰਘ ਦੀ ਬੁਰਾੜੀ ਮੈਦਾਨ ਤੋਂ ਨਿਗਮਬੋਧ ਘਾਟ ਤੱਕ ਅੰਤਿਮ ਯਾਤਰਾ ਕੱਢੀ ਗਈ ਜਿਸ ਦੌਰਾਨ ਲੱਖਾਂ ਸ਼ਰਧਾਲੂਆਂ ਨੇ ਮ੍ਰਿਤਕ ਦੇਹ ਦੇ ਦਰਸ਼ਨ ਕੀਤੇ। ਨਿਰੰਕਾਰੀ ਬਾਬਾ ਦੀ ਦੇਹ ਸਫ਼ੇਦ ਪਾਲਕੀ ਵਿੱਚ ਰੱਖੀ ਗਈ ਸੀ, ਜਿਸ ਦੇ ਪਿੱਛੇ ਅਵਨੀਤ ਦੀ ਮ੍ਰਿਤਕ ਦੇਹ ਵਾਲੀ ਪਾਲਕੀ ਸੀ। ਨਿਰੰਕਾਰੀ ਬਾਬਾ ਦੇ ਨਾਲ ਉਨ੍ਹਾਂ ਦੇ ਜਵਾਈ ਅਵਨੀਤ ਸੇਤੀਆ ਦਾ ਵੀ ਨਿਗਮਬੋਧ ਘਾਟ ‘ਚ ਸਸਕਾਰ ਕੀਤਾ ਗਿਆ।
ਗੌਰਤਲਬ ਹੈ ਕਿ 13 ਮਈ ਦਿਨ ਸ਼ੁੱਕਰਵਾਰ ਨੂੰ ਨਿਰੰਕਾਰੀ ਮਿਸ਼ਨ ਦੇ ਮੁਖੀ ਬਾਬਾ ਹਰਦੇਵ ਸਿੰਘ ਤੇ ਉਨ੍ਹਾਂ ਦੇ ਜਵਾਈ ਅਵਨੀਤ ਸੇਤੀਆ ਦੀ ਅਮਰੀਕਾ ਤੋਂ ਕੈਨੇਡਾ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਖ਼ਬਰ ਅਨੁਸਾਰ ਬਾਬਾ ਹਰਦੇਵ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੜਕੀ ਰਸਤੇ ਨਿਊਜਰਸੀ ਤੋਂ ਮਾਂਟੀਰੀਅਲ ਜਾ ਰਹੇ ਸਨ। ਕੈਨੇਡਾ ਵਿੱਚ ਦਾਖ਼ਲ ਹੋਣ ਮਗਰੋਂ ਹਾਈਵੇ 30 ‘ਤੇ ਕਿਊਬਕ ‘ਚ ਉਨ੍ਹਾਂ ਦੀ ਗੱਡੀ ਸੜਕ ਤੋਂ ਲਹਿ ਕੇ ਪਲਟ ਗਈ। ਬਾਬਾ ਹਰਦੇਵ ਸਿੰਘ ਮਗਰਲੀ ਸੀਟ ‘ਤੇ ਬੈਠੇ ਸਨ।
ਨਿਰੰਕਾਰੀ ਮਿਸ਼ਨ ਦਾ ਮੁਖੀ ਮਾਤਾ ਸਵਿੰਦਰ ਕੌਰ ਨੂੰ ਥਾਪਿਆ
ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਪਤਨੀ ਮਾਤਾ ਸਵਿੰਦਰ ਕੌਰ ਨੂੰ ਸੰਤ ਨਿਰੰਕਾਰੀ ਮਿਸ਼ਨ ਦੀ ਮੁਖੀ ਬਣਾਇਆ ਗਿਆ ਹੈ। ਇਹ ਜਾਣਕਾਰੀ ਮੈਂਬਰ ਇੰਚਾਰਜ (ਪ੍ਰੈੱਸ ਐਂਡ ਪਬਲਿਸਿਟੀ ਵਿਭਾਗ) ਕਿਰਪਾ ਸਾਗਰ ਨੇ ਪ੍ਰੈੱਸ ਨੂੰ ਦਿੱਤੀ। ਇਹ ਫ਼ੈਸਲਾ ਸੰਤ ਨਿਰੰਕਾਰੀ ਮੰਡਲ ਦੁਆਰਾ ਦਿੱਤਾ ਗਿਆ ਹੈ। ਸੰਤ ਨਿਰੰਕਾਰੀ ਮੰਡਲ ਦੇ ਪ੍ਰਧਾਨ ਜੇ. ਆਰ. ਡੀ. ਸਤਿਆਰਥੀ ਨੇ ਮਾਤਾ ਸਵਿੰਦਰ ਕੌਰ ਨੂੰ ਸਫ਼ੇਦ ਦੁਪੱਟਾ ਭੇਟ ਕਰਕੇ ਰਸਮ ਪੂਰੀ ਕੀਤੀ। ਇਸ ਤੋਂ ਪਹਿਲਾਂ ਬਾਬਾ ਹਰਦੇਵ ਸਿੰਘ ਦੀ ਬੇਟੀ ਸੁਦਿਕਸ਼ਾ ਦੇ ਗੱਦੀ ਸੰਭਾਲਣ ਦੀ ਚਰਚਾ ਸੀ।
Indian News ਨਿਰੰਕਾਰੀ ਮੁਖੀ ਬਾਬਾ ਹਰਦੇਵ ਸਿੰਘ ਦਾ ਸਸਕਾਰ ਕੀਤਾ ਗਿਆ