ਪੰਜਾਬ ਵੱਲੋਂ ਨਿਸ਼ਾਨੇਬਾਜ਼ਾਂ ਲਈ ਹਥਿਆਰਾਂ ਦੇ ਲਾਇਸੈਸਾਂ ਦੀਆਂ ਸ਼ਰਤਾਂ ਨਰਮ
ਸਮੂਹ ਡਿਪਟੀ ਕਮਿਸ਼ਨਰਾਂ ਨੂੰ ਨਵੀਂ ਅਧਿਸੂਚਨਾ ਮੁਤਾਬਿਕ ਨਿਸ਼ਾਨੇਬਾਜ਼ਾਂ ਦੇ ਹਥਿਆਰਾਂ ਨੂੰ ਲਾਇੰਸਸਾਂ ਵਿੱਚ ਦਰਜ ਕਰਨ ਦੀਆਂ ਹਦਾਇਤਾਂ
ਚੰਡੀਗੜ੍ਹ, 14 ਜੂਨ – ਪੰਜਾਬ ਸਰਕਾਰ ਨੇ ਕੌਮੀ ਅਤੇ ਕੌਮਾਂਤਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਨਿਸ਼ਾਨੇਬਾਜ਼ਾਂ ਲਈ ਆਪਣੇ ਉਕਤ ਖੇਡ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਨੂੰ ਉਨ੍ਹਾਂ ਦੇ ਹਥਿਆਰ ਲਾਇਸੈਸਾਂ ਵਿੱਚ ਦਰਜ ਕਰਨ ਲਈ ਸ਼ਰਤਾਂ ਨੂੰ ਨਰਮ ਕਰ ਦਿੱਤਾ ਹੈ।
ਇੱਕ ਸਰਕਾਰੀ ਬੁਲਾਰੇ ਅਨੁਸਾਰ ਇਹ ਰਿਆਇਤਾਂ ਪੰਜਾਬ ਸਰਕਾਰ ਵੱਲੋਂ ਨਿਸ਼ਾਨੇਬਾਜ਼ੀ ਦੀ ਖੇਡ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਅਤੇ ਇਸ ਵਿੱਚ ਅੜਿੱਕਾ ਬਣਦੀ ਲਾਲਫੀਤਾਸ਼ਾਹੀ ਨੂੰ ਖ਼ਤਮ ਕਰਨ ਲਈ ਇਸ ਮਾਮਲੇ ਦੀ ਸਰਗਰਮੀ ਨਾਲ ਪੈਰਵੀ ਕਰਨ ਸਦਕਾ ਹੀ ਇਹ ਸ਼ਰਤਾਂ ਨਰਮ ਹੋ ਸਕੀਆਂ ਹਨ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਡੀ….. ਗਿਣਤੀ ਵਿੱਚ ਪੇਸ਼ੇਵਰ ਨਿਸ਼ਾਨੇਬਾਜ਼ਾਂ ਨੇ ਕਰੜੀ ਮਿਹਨਤ ਸਦਕਾ ਉਲੰਪਿਕ, ਰਾਸ਼ਟਰ ਮੰਡਲ ਅਤੇ ਹੋਰ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਵਿਅਕਤੀਗਤ ਤਗਮੇ ਹਾਸਲ ਕੀਤੇ ਹਨ ਅਤੇ ਰਾਜ ਸਰਕਾਰ ਵੱਲੋਂ ਨਿਸ਼ਾਨੇਬਾਜ਼ੀ ਦੀ ਖੇਡ ਅੰਦਰ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਨਿਰੰਤਰ ਯਤਨ ਜਾਰੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਨਵੀਂ ਅਧਿਸੂਚਨਾ ਅਨੁਸਾਰ ਇੱਕ ਅਰਜਨ ਐਵਾਰਡੀ ਨੂੰ ਹਥਿਆਰਾਂ ਦੀ ਗਿਣਤੀ ਬਾਰੇ ਆਮ ਛੋਟ ਹੈ ਬਸ਼ਰਤੇ ਉਸ ਨੇ ਇਹ ਐਵਾਰਡ ਨਿਸ਼ਾਨੇਬਾਜ਼ੀ ਲਈ ਹਾਸਲ ਕੀਤਾ ਹੋਵੇ। ਇੱਕ ਕੌਮਾਂਤਰੀ ਤਗਮਾ ਜੇਤੂ/ ਪ੍ਰਸਿੱਧ ਨਿਸ਼ਾਨੇਬਾਜ਼ ਆਪਣੇ ਕੋਲ ਪੁਆਇੰਟ 22 ਕੈਲੀਬਰ ਰਾਈਫ਼ਲ, 8 ਐਮ ਐਮ ਕੈਲਬਰ ਸਮੇਤ ਇਸ ਤੋਂ ਘੱਟ ਕੈਲੀਬਰ ਦੀਆਂ ਸੈਂਟਰ ਫਾਇਰ ਰਾਈਫਲਾਂ, 9 ਐਮ ਐਮ ਜਾਂ ਇਸ ਤੋਂ ਘੱਟ ਕੈਲੀਬਰ ਦੇ ਪਿਸਤੌਲ/ ਰਿਵਾਲਵਰ ਅਤੇ 12 ਬੋਰ/ ਗਾਜ ਸਮੇਤ ਇਸ ਤੋਂ ਘੱਟ ਕੈਲੀਬਰ ਦੀਆਂ ਸਾਟ ਗੰਨਾਂ ਰੱਖ ਸਕਦਾ ਹੈ। ਉਸ ਨੂੰ ਇੱਕ ਆਮ ਨਾਗਰਿਕ ਵਾਂਗ ਹਥਿਆਰ ਰੱਖਣ ਤੋਂ ਇਲਾਵਾ 7 ਹੋਰ ਅਜਿਹੇ ਹਥਿਆਰ ਰੱਖਣ ਦੀ ਛੋਟ ਹੋਵੇਗੀ ਪ੍ਰੰਤੂ ਕੁੱਲ ਹਥਿਆਰਾਂ ਦੀ ਗਿਣਤੀ 10 ਤੋਂ ਵੱਧ ਨਹੀਂ ਹੋ ਸਕਦੀ। ਬੁਲਾਰੇ ਨੇ ਅੱਗੇ ਦੱਸਿਆ ਕਿ ਜੂਨੀਅਰ ਟਾਰਗੈਟ ਨਿਸ਼ਾਨੇਬਾਜ਼ ਦੇ ਮਾਮਲੇ ਵਿੱਚ ਉਸ ਨੂੰ ਉਹ ਜਿਸ ਵਰਗ ਵਿੱਚ ਮੁਕਾਬਲੇਬਾਜ਼ੀ ਕਰਦਾ ਹੋਵੇ ਦਾ ਇੱਕ ਹਥਿਆਰ ਰੱਖਣ ਦੀ ਛੋਟ ਹੋਵੇਗੀ। ਇਸੇ ਤਰਾਂ ਇੱਕ ਨਿਸ਼ਾਨੇਬਾਜ਼ੀ ਸਿਖ ਰਹੇ ਨਿਸ਼ਾਨੇਬਾਜ਼ ਨੂੰ ਆਪਣੇ ਮੁਕਾਬਲੇ ਦੇ ਵਰਗ ਦਾ ਇੱਕ ਹਥਿਆਰ ਰੱਖਣ ਦੀ ਛੋਟ ਹੋਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ/ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਨਾਲ ਸਬੰਧਿਤ ਸਟੇਟ ਰਾਈਫ਼ਲ ਐਸੋਸੀਏਸ਼ਨ ਜਾਂ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ/ ਸਮੂਹ ਸ਼ੂਟਿੰਗ ਰੇਂਜਾਂ ਜੋ ਸਪੋਰਟ ਅਥਾਰਿਟੀ ਆਫ਼ ਇੰਡੀਆ ਜਾਂ ਰਾਜਾਂ ਦੀਆਂ ਸਪੋਰਟ ਅਥਾਰਿਟੀਆਂ ਅਧੀਨ ਕੰਮ ਕਰਦੀਆਂ ਹਨ ਨੂੰ ਪੁਆਇੰਟ 22 ਕੈਲੀਬਰ ਰਾਈਫ਼ਲ, 8 ਐਮ ਐਮ ਕੈਲਬਰ ਸਮੇਤ ਇਸ ਤੋਂ ਘੱਟ ਕੈਲੀਬਰ ਦੀਆਂ ਸੈਂਟਰ ਫਾਇਰ ਰਾਈਫਲਾਂ, 9 ਐਮ ਐਮ ਜਾਂ ਇਸ ਤੋਂ ਘੱਟ ਕੈਲੀਬਰ ਦੇ ਪਿਸਤੌਲ/ ਰਿਵਾਲਵਰ ਅਤੇ 12 ਬੋਰ/ ਗਾਜ ਸਮੇਤ ਇਸ ਤੋਂ ਘੱਟ ਕੈਲੀਬਰ ਦੀਆਂ ਸਾਟ ਗੰਨਾਂ ਰੱਖਣ ਦੀ ਆਗਿਆ ਹੋਵੇਗੀ। ਇਨ੍ਹਾਂ ਇਕਾਈਆਂ ਉੱਪਰ ਹਥਿਆਰਾਂ ਦੀ ਵੱਧ ਤੋਂ ਵੱਧ ਗਿਣਤੀ ਬਾਰੇ ਕੋਈ ਹੱਦ ਨਹੀਂ ਹੋਵੇਗੀ ਪ੍ਰੰਤੂ ਲਾਇਸੰਸ ਅਥਾਰਿਟੀ ਅਤੇ ਇਸ ਨੂੰ ਤਸਦੀਕ ਕਰਨ ਵਾਲੀ ਇਕਾਈ ਦੀਆਂ ਸਿਫ਼ਾਰਸ਼ਾਂ ‘ਤੇ ਨਿਰਭਰ ਕਰਦਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਟੇਟ ਰਾਈਫ਼ਲ ਐਸੋਸੀਏਸ਼ਨ ਜਾਂ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਨਾਲ ਸਬੰਧਿਤ ਸ਼ੂਟਿੰਗ ਕਲੱਬਾਂ ਅਤੇ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨਾਂ ਲਈ ਤਸਦੀਕੀਕਰਨ ਇਕਾਈ ਸਟੇਟ ਰਾਈਫ਼ਲ ਐਸੋਸੀਏਸ਼ਨ ਜਾਂ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਹੋਵੇਗੀ। ਸਟੇਟ ਰਾਈਫ਼ਲ ਐਸੋਸੀਏਸ਼ਨ ਲਈ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ, ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਲਈ ਕੇਂਦਰ ਯੁਵਕ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਸ਼ੂਟਿੰਗ ਰੇਂਜਾਂ ਲਈ ਸਪੋਰਟਸ ਅਥਾਰਿਟੀ ਆਫ਼ ਇੰਡੀਆ/ ਰਾਜ ਸਰਕਾਰਾਂ/ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਹੋਵੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਕੇਂਦਰ ਸਰਕਾਰ ਵੱਲੋਂ ਜਾਰੀ ਇਸ ਸਬੰਧੀ ਅਧਿਸੂਚਨਾ ਅਨੁਸਾਰ ਲਾਇਸੈਸਾਂ ਦੇ ਸਮੁੱਚੇ ਵੇਰਵੇ ਕੇਂਦਰੀ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਦੀਆਂ ਵੈੱਬਸਾਈਟਾਂ ‘ਤੇ ਪਾਏ ਜਾਣ ਦੀਆਂ ਵੀ ਹਦਾਇਤਾਂ ਕੀਤੀਆਂ ਗਈਆਂ ਹਨ।
Indian News ਨਿਸ਼ਾਨੇਬਾਜ਼ਾਂ ਦੇ ਸਬੰਧਿਤ ਦਸਤਾਵੇਜ਼ਾਂ ਦੇ ਤਸਦੀਕੀਕਰਨ ਉਪਰੰਤ