ਨਵੀਂ ਦਿੱਲੀ – ਇੱਥੇ 16 ਸਾਲ ਦੇ ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 24 ਫਰਵਰੀ ਦਿਨ ਐਤਵਾਰ ਨੂੰ ਆਈਐੱਸਐੱਸਐੱਫ ਵਰਲਡ ਕੱਪ ‘ਚ ਵਰਲਡ ਰਿਕਾਰਡ ਤੋੜ ਕੇ ਸੋਨ ਤਗਮਾ ਜਿੱਤਿਆ ਅਤੇ ਦੇਸ਼ ਦੇ ਲਈ ਟੋਕੀਓ ਉਲੰਪਿਕ ਦਾ ਤੀਜਾ ਕੋਟਾ ਯਕੀਨੀ ਬਣਾਇਆ। ਜਦੋਂ ਕਿ ਇਸ ਦੇ ਨਾਲ ਹੀ ਮਨੂ ਭਾਰਕ ਨੇ ਨਿਰਾਸ਼ ਕੀਤਾ ਹੈ। ਸੌਰਭ ਨੇ ਪੁਰਸ਼ ਵਰਗ ਦੇ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ ਨੇ ਕੁੱਲ 245 ਅੰਕ ਹਾਸਲ ਕੀਤੇ ਹਨ।
ਸਰਬੀਆ ਦੇ ਦਾਮੀ ਮਿਕੇਚ 239.3 ਅੰਕਾਂ ਦੇ ਸਕੋਰ ਨਾਲ ਦੂਜੇ ਉੱਤੇ ਆਇਆ ਅਤੇ ਚੀਨ ਦੇ ਵੇਈ ਪਾਂਗ ਨੇ ਕਾਂਸੀ ਦੇ ਤਗਮਾ ਹਾਸਲ ਕੀਤਾ ਅਤੇ ਉਸ ਨੇ 215.2 ਅੰਕ ਹਾਸਲ ਕੀਤੇ। ਚੌਧਰੀ ਨੇ ਭਾਰਤ ਨੂੰ ਵਿਸ਼ਵ ਕੱਪ ਦੇ ਵਿੱਚ ਦੂਜਾ ਸੋਨ ਤਗਮਾ ਜਿਤਾਇਆ ਹੈ। ਕੁਆਲੀਫਾਈਂਗ ਵਿੱਚ ਸਿਖਰ ਉੱਤੇ ਰਹੀ ਮਨੂੰ ਭਾਕਰ ਚੰਗੀ ਸ਼ੁਰੂਆਤ ਦੇ ਬਾਵਜੂਦ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਪੰਜਵੇਂ ਸਥਾਨ ਉੱਤੇ ਰਹੀ।
ਸੌਰਭ ਨੇ ਅੱਠ ਪੁਰਸ਼ਾਂ ਦੇ ਫਾਈਨਲ ਵਿੱਚ ਆਪਣਾ ਦਬਦਬਾ ਬਣਾਇਆ। ਉਹ ਚਾਂਦੀ ਦਾ ਤਗਮਾ ਜੇਤੂ ਤੋਂ 5.7 ਅੰਕ ਅੱਗੇ ਰਿਹਾ। ਇਸ ਤਰ੍ਹਾਂ ਉਸ ਨੇ ਆਖ਼ਰੀ ਕੋਸ਼ਿਸ਼ ਤੋਂ ਪਹਿਲਾਂ ਹੀ ਸੋਨ ਤਗਮਾ ਨਿਸਚਿਤ ਕਰ ਲਿਆ ਸੀ। ਚੰਗੀ ਸ਼ੁਰੂਆਤ ਦੇ ਬਾਵਜੂਦ ਸੌਰਭ ਪਹਿਲੀ ਸੀਰੀਜ਼ ਤੋਂ ਬਾਅਦ ਸਰਬਿਆਈ ਨਿਸ਼ਾਨੇਬਾਜ਼ ਦੇ ਨਾਲ ਬਰਾਬਰੀ ਉੱਤੇ ਸੀ। ਦੂਜੀ ਸੀਰੀਜ਼ ਵਿੱਚ ਵੀ ਇਸ ਚੈਂਪੀਅਨ ਨਿਸ਼ਾਨੇਬਾਜ਼ ਨੇ ਚੰਗੀ ਫਰਮ ਨੂੰ ਜਾਰੀ ਰੱਖਿਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਦੇ ਵਿੱਚ ਅਭਿਸ਼ੇਕ ਵਰਮਾ, ਰਵਿੰਦਰ ਸਿੰਘ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ। ਇਨ੍ਹਾਂ ਦੋਨਾਂ ਨੇ ਕੁਆਲੀਫਿਕੇਸ਼ਨ ਗੇੜ ਦੇ ਵਿੱਚ 576 ਅੰਕਾਂ ਦਾ ਸਕੋਰ ਬਣਾਇਆ।
ਮਹਿਲਾਵਾਂ ਦੇ 25 ਮੀਟਰ ਪਿਸਟਲ ਦੇ ਵਿੱਚ ਹੰਗਰੀ ਦੀ ਵੇਰੋਨਿਕਾ ਮੇਜਰ ਨੇ ਕੁੱਲ 40 ਦਾ ਸਕੋਰ ਬਣਾ ਕੇ ਵਰਲਡ ਰਿਕਾਰਡ ਬਣਾਉਂਦਿਆਂ ਸੋਨ ਤਗਮਾ ਜਿੱਤ ਲਿਆ ਹੈ। ਚੀਨ ਦੀ ਜ਼ਿੰਗ ਜ਼ਿੰਗ ਝਾਂਗ ਦੂਜੇ ਅਤੇ ਇਰਾਨ ਦੀ ਹਨੀਆ ਰੋਸਤਾਮੀਆ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਹੰਗਰੀ ਅਤੇ ਚੀਨ ਨੂੰ ਉਲੰਪਿਕ ਕੋਟਾ ਮਿਲਿਆ ਹੈ। ਇਸ ਮੁਕਾਬਲੇ ਵਿੱਚ ਭਾਰਤ ਦੀ ਮਨੂੰ ਸਿੰਘ ਸੱਤਵੇਂ ਸਥਾਨ ਉੱਤੇ ਆਈ ਹੈ। ਪੁਰਸ਼ਾਂ ਦੇ 50 ਮੀਟਰ ਰਾਈਫਲ ਮੁਕਾਬਲੇ ਦੇ ਫਾਈਨਲ ਲਈ ਭਾਰਤੀ ਨਿਸ਼ਾਨੇਬਾਜ਼ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੇ। ਇਸ ਮੁਕਾਬਲੇ ਵਿੱਚ ਹੰਗਰੀ ਦੇ ਈਸਤਵਾਨ ਪੇਨੀ ਨੇ ਸੋਨ ਤਗਮਾ ਜਿੱਤਿਆ।
Home Page ਨਿਸ਼ਾਨੇਬਾਜ਼ੀ ‘ਚ ਸੌਰਭ ਨੇ ਸੋਨ ਤਗਮਾ ਜਿੱਤ ਕੇ ਉਲੰਪਿਕ ਕੋਟਾ ਹਾਸਲ ਕੀਤਾ