ਵਾਸ਼ਿੰਗਟਨ, 24 ਸਤੰਬਰ – ਖ਼ਬਰ ਹੈ ਕਿ ਅਮਰੀਕੀ ਅਖ਼ਬਾਰ ‘ਦਿ ਨਿਊਯਾਰਕ ਟਾਈਮਜ਼’ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ ਵਿੱਚ ਕਿਹਾ ਹੈ ਕਿ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਸਰੀ (ਕੈਨੇਡਾ) ਦੇ ਇਕ ਗੁਰਦੁਆਰੇ ਦੇ ਬਾਹਰ ਹੋਈ ਹੱਤਿਆ ਦੇ ਮਾਮਲੇ ਵਿੱਚ ਅਮਰੀਕਾ ਨੇ ਕੈਨੇਡਾ ਨੂੰ ਖੁਫ਼ੀਆ ਜਾਣਕਾਰੀ ਮੁਹੱਈਆ ਕਰਵਾਈ ਸੀ। ਹਾਲਾਂਕਿ ਕੈਨੇਡਾ ਨੇ ਜਿਹੜੀ ਜਾਣਕਾਰੀ (ਗੱਲਬਾਤ) ਇਕੱਠੀ ਕੀਤੀ ਹੈ, ਉਹ ਵਧੇਰੇ ਠੋਸ ਹੈ ਤੇ ਉਸੇ ਦੇ ਅਧਾਰ ’ਤੇ ਕੈਨੇਡਾ ਨੇ ਭਾਰਤ ’ਤੇ ਨਿੱਝਰ ਦੀ ਹੱਤਿਆ ਦੀ ਸਾਜ਼ਿਸ਼ ਦੇ ਦੋਸ਼ ਲਾਏ ਹਨ। ਭਾਰਤ ਹਾਲਾਂਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਦੋਸ਼ਾਂ ਨੂੰ ‘ਬੇਬੁਨਿਆਦ’ ਤੇ ‘ਪ੍ਰੇਰਿਤ’ ਦੱਸ ਕੇ ਖਾਰਜ ਕਰ ਚੁੱਕਾ ਹੈ। ਇਹ ਖ਼ਬਰ ਸ਼ਨਿਚਰਵਾਰ ਨੂੰ ਉਦੋਂ ਪ੍ਰਕਾਸ਼ਿਤ ਹੋਈ ਜਦ ਕੈਨੇਡਾ ਵਿਚ ਅਮਰੀਕਾ ਦੇ ਇਕ ਚੋਟੀ ਦੇ ਡਿਪਲੋਮੈਟ ਨੇ ਪੁਸ਼ਟੀ ਕੀਤੀ ਕਿ, ‘ਫਾਈਵ ਆਈਜ਼ ਦੇ ਭਾਈਵਾਲਾਂ ਵਿਚਾਲੇ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’, ਜਿਸ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਸਦ ਵਿਚ ਇਕ ਖਾਲਿਸਤਾਨੀ ਵੱਖਵਾਦੀ ਦੀ ਕੈਨੇਡਾ ਦੀ ਧਰਤੀ ਉਤੇ ਹੋਈ ਹੱਤਿਆ ਵਿਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦਾ ਦੋਸ਼ ਲਾਉਣ ਲਈ ਪ੍ਰੇਰਿਤ ਕੀਤਾ। ਜ਼ਿਕਰਯੋਗ ਹੈ ਕਿ ਭਾਰਤ ਨੇ 2020 ਵਿੱਚ ਨਿੱਝਰ ਨੂੰ ਦਹਿਸ਼ਤਗਰਦ ਐਲਾਨਿਆ ਸੀ।
ਅਮਰੀਕਾ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਕੈਨੇਡਾ ਦਾ ਜਾਂਚ ਵਿਚ ਸਹਿਯੋਗ ਕਰੇ। ‘ਨਿਊਯਾਰਕ ਟਾਈਮਜ਼’ ਨੇ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਲਿਖਿਆ, ‘ਹੱਤਿਆ ਤੋਂ ਬਾਅਦ ਅਮਰੀਕੀ ਖ਼ੁਫੀਆ ਏਜੰਸੀਆਂ ਨੇ ਕੈਨੇਡੀਅਨ ਏਜੰਸੀਆਂ ਦੇ ਅਧਿਕਾਰੀਆਂ ਨੂੰ ਅਜਿਹੀ ਜਾਣਕਾਰੀ ਉਪਲੱਬਧ ਕਰਵਾਈ ਜਿਸ ਨਾਲ ਕੈਨੇਡਾ ਨੂੰ ਇਹ ਸਿੱਟਾ ਕੱਢਣ ਵਿਚ ਮਦਦ ਮਿਲੀ ਕਿ ਇਸ ਵਿਚ ਭਾਰਤ ਦਾ ਹੱਥ ਸੀ।’ ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਕੈਨੇਡਾ ਦੇ ਅਧਿਕਾਰੀਆਂ ਨੇ ਭਾਰਤੀ ਡਿਪਲੋਮੈਟਾਂ ਦੀ ਗੱਲਬਾਤ ਉਤੇ ਨਜ਼ਰ ਰੱਖੀ ਸੀ ਤੇ ਇਹੀ ਉਹ ‘ਸਬੂਤ’ ਹੈ ਜਿਸ ਨਾਲ ਭਾਰਤ ਦੀ ਇਸ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਸੰਕੇਤ ਮਿਲਦਾ ਹੈ। ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੇਨ ਨੇ ਸੀਟੀਵੀ ਨਿਊਜ਼ ਚੈਨਲ ਨੂੰ ਦਿੱਤੇ ਇਕ ਇੰਟਰਵਿਊ ਵਿਚ ਕਿਹਾ, ‘ਫਾਈਵ ਆਈਜ਼ ਭਾਈਵਾਲਾਂ ਵਿਚਾਲੇ ਖੁਫ਼ੀਆ ਜਾਣਕਾਰੀ ਸਾਂਝੀ ਕੀਤੀ ਗਈ ਸੀ’, ਜਿਸ ਦੇ ਅਧਾਰ ਉਤੇ ਟਰੂਡੋ ਨੇ ਭਾਰਤ ਸਰਕਾਰ ’ਤੇ ਇਕ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿਚਾਲੇ ‘ਸੰਭਾਵੀ’ ਲਿੰਕ ਦੇ ਦੋਸ਼ਾਂ ਬਾਰੇ ਜਨਤਕ ਤੌਰ ’ਤੇ ਬਿਆਨ ਦਿੱਤਾ। ਕੋਹੇਨ ਨੇ ਕਿਹਾ, ‘ਮੈਂ ਕਹਾਂਗਾ ਕਿ ਇਹ ਸਾਂਝੀ ਕੀਤੀ ਗਈ ਖੁਫ਼ੀਆ ਸੂਚਨਾ ਦਾ ਮਾਮਲਾ ਹੈ। ਇਸ ਬਾਰੇ ਕੈਨੇਡਾ ਤੇ ਅਮਰੀਕਾ ਵਿਚਾਲੇ ਕਾਫ਼ੀ ਸੰਵਾਦ ਹੋਇਆ ਹੈ।’ ਅਖ਼ਬਾਰ ਵਿਚ ਕਿਹਾ ਗਿਆ ਹੈ ਕਿ ਨਿੱਝਰ ਦੀ ਹੱਤਿਆ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਦੇ ਆਪਣੇ ਹਮਰੁਤਬਾ ਅਧਿਕਾਰੀਆਂ ਨੂੰ ਦੱਸਿਆ ਕਿ ਵਾਸ਼ਿੰਗਟਨ ਕੋਲ ਇਸ ਸਾਜ਼ਿਸ਼ ਬਾਰੇ ਪਹਿਲਾਂ ਤੋਂ ਕੋਈ ਸੂਚਨਾ ਨਹੀਂ ਸੀ ਤੇ ਜੇਕਰ ਉਨ੍ਹਾਂ ਦੇ ਕੋਲ ਅਜਿਹੀ ਕੋਈ ਜਾਣਕਾਰੀ ਹੁੰਦੀ ਤਾਂ ਉਹ ਫੌਰੀ ਕੈਨੇਡਾ ਨਾਲ ਸਾਂਝੀ ਕਰਦੇ।
ਖ਼ਬਰ ਮੁਤਾਬਕ, ਨਾਂ ਉਜਾਗਰ ਨਾ ਕਰਨ ਦੀ ਸ਼ਰਤ ਉਤੇ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਨੂੰ ਆਮ ਚਿਤਾਵਨੀ ਦਿੱਤੀ ਸੀ, ਪਰ ਉਸ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਹ ਭਾਰਤ ਸਰਕਾਰ ਦੀ ਕਿਸੇ ਸਾਜ਼ਿਸ਼ ਦੇ ਨਿਸ਼ਾਨੇ ਉਤੇ ਹੈ।
Home Page ਨਿੱਝਰ ਮਾਮਲਾ: ਕੈਨੇਡਾ ਨੂੰ ਅਮਰੀਕਾ ਤੋਂ ਖੁਫ਼ੀਆ ਜਾਣਕਾਰੀ ਮਿਲੀ ਸੀ – ਅਮਰੀਕੀ...