ਵੈਲਿੰਗਟਨ, 24 ਨਵੰਬਰ – ਦੇਸ਼ ਦੇ ਨਵੇਂ ਬਣਨ ਵਾਲੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਐਕਟ ਪਾਰਟੀ ਨੇਤਾ ਡੇਵਿਡ ਸੀਮੋਰ ਅਤੇ ਐਨਜ਼ੈੱਡ ਫ਼ਸਟ ਨੇਤਾ ਵਿੰਸਟਨ ਪੀਟਰਸ ਦੇ ਨਾਲ ਮਿਲ ਕੇ ਆਪਣੀ ਗੱਠਜੋੜ ਸਰਕਾਰ ਬਣਾਉਣ ਦੇ ਸਮਝੌਤੇ ਦਾ ਖ਼ੁਲਾਸਾ ਕੀਤਾ। ਨੈਸ਼ਨਲ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ‘ਚ ਐਕਟ ਅਤੇ ਐਨਜ਼ੈੱਡ ਫ਼ਸਟ ਦੀ ਹਿੱਸੇਦਾਰੀ ਹੋਵੇਗੀ।
ਨੈਸ਼ਨਲ, ਐਕਟ ਅਤੇ ਐਨਜ਼ੈੱਡ ਫ਼ਸਟ ਨੇ ਅਗਲੀ ਸਰਕਾਰ ਬਣਾਉਣ ਲਈ ਆਪਣੇ ਗੱਠਜੋੜ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ, ਖ਼ਬਰਾਂ ਹਨ ਕਿ 27 ਨਵੰਬਰ ਦਿਨ ਸੋਮਵਾਰ ਨੂੰ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ।
ਨਵੀਂ ਸਰਕਾਰ ਬਣਾਉਣ ਵੇਲੇ 44 ਦਿਨਾਂ ਬਾਅਦ ਸਮਝੌਤਾ ਹੋਇਆ ਹੈ ਕਿ ਜਿੱਥੇ ਨੈਸ਼ਨਲ ਲੀਡਰ ਕ੍ਰਿਸਟੋਫਰ ਲਕਸਨ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ ਉੱਥੇ ਹੀ ਐਨਜ਼ੈੱਡ ਫ਼ਸਟ ਲੀਡਰ ਵਿੰਸਟਨ ਪੀਟਰਸ ਅਤੇ ਐਕਟ ਲੀਡਰ ਡੇਵਿਡ ਸੀਮੋਰ ਉਪ ਪ੍ਰਧਾਨ ਮੰਤਰੀ ਦੀ ਭੂਮਿਕਾ ਨੂੰ ਆਪਸ ਵਿੱਚ ਵੰਡਣਗੇ, ਇਹ ਦੋਵੇਂ 18-18 ਮਹੀਨੇ ਆਪਣੀ ਸੇਵਾ ਨਿਭਾਉਣਗੇ। ਦੇਸ਼ ਦੇ ਉਪ ਪ੍ਰਧਾਨ ਮੰਤਰੀ ਵਜੋਂ ਪਹਿਲੇ 18 ਮਹੀਨੇ ਲਈ ਐਨਜ਼ੈੱਡ ਫ਼ਸਟ ਲੀਡਰ ਵਿੰਸਟਨ ਪੀਟਰਸ (31 ਮਈ 2025 ਤੱਕ) ਅਤੇ ਬਾਅਦ ਦੇ 18 ਮਹੀਨੇ ਐਕਟ ਲੀਡਰ ਡੇਵਿਡ ਸੀਮੋਰ (31 ਮਈ 2025 ਤੋਂ) ਅਹੁਦਾ ਸੰਭਾਲਣਗੇ।
ਨਵੀਂ ਸਰਕਾਰ ਦੇ ਮੰਤਰੀ ਮੰਡਲ ‘ਚ ਕੌਣ ਹੈ:
ਨਵੀਂ ਸਰਕਾਰ ਦੇ ਮੰਤਰੀ ਮੰਡਲ ‘ਚ 20 ਮੰਤਰੀ ਹੋਣਗੇ, ਜਿਸ ‘ਚ 14 ਨੈਸ਼ਨਲ ਪਾਰਟੀ ਅਤੇ 3-3 ਐਕਟ ਅਤੇ ਐਨਜ਼ੈੱਡ ਫ਼ਸਟ ਦੇ ਹਨ।
ਨੈਸ਼ਨਲ ਪਾਰਟੀ ਤੋਂ ਕ੍ਰਿਸਟੋਫਰ ਲਕਸਨ, ਨਿਕੋਲਾ ਵਿਲਿਸ, ਕ੍ਰਿਸ ਬਿਸ਼ਪ, ਸ਼ੇਨ ਰੀਤੀ, ਸਿਮਓਨ ਬ੍ਰਾਊਨ, ਏਰਿਕਾ ਸਟੈਨਫੋਰਡ, ਪਾਲ ਗੋਲਡਸਮਿਥ, ਲੁਈਸ ਅਪਸਟਨ, ਜੂਡਿਥ ਕੋਲਿਨਜ਼, ਮਾਰਕ ਮਿਸ਼ੇਲ, ਟੌਡ ਮੈਕਲੇ, ਤਮਾ ਪਟਾਕਾ, ਮੈਟ ਡੂਸੀ ਅਤੇ ਮੇਲਿਸਾ ਲੀ
ਐਕਟ ਪਾਰਟੀ ਤੋਂ ਡੇਵਿਡ ਸੀਮੋਰ, ਬਰੂਕ ਵੈਨ ਵੇਲਡਨ ਅਤੇ ਨਿਕੋਲ ਮੈਕਕੀ
ਐਨਜ਼ੈੱਡ ਫ਼ਸਟ ਪਾਰਟੀ ਤੋਂ ਵਿੰਸਟਨ ਪੀਟਰਸ, ਸ਼ੇਨ ਜੋਨਸ ਅਤੇ ਕੇਸੀ ਕੋਸਟੇਲੋ
ਗੌਰਤਲਬ ਹੈ ਕਿ ਹਰ ਪਾਰਟੀ ਦੇ ਮੰਤਰੀ ਮੰਡਲ ਤੋਂ ਬਾਹਰ ਵੀ ਮੰਤਰੀ ਹਨ। ਐਨਜ਼ੈੱਡ ਫ਼ਸਟ ਪਾਰਟੀ ਅਤੇ ਐਕਟ ਪਾਰਟੀ ਦੋਵਾਂ ਦੇ ਕੋਲ ਸੰਸਦੀ ਅੰਡਰ ਸੈਕਟਰੀ ਵੀ ਹਨ।
ਸਪੀਕਰ ਦਾ ਅਹੁਦਾ ਨੈਸ਼ਨਲ ਪਾਰਟੀ ਦੇ ਗੈਰੀ ਬਰਾਊਨਲੀ ਸੰਭਾਲਣਗੇ।
Home Page ਨੈਸ਼ਨਲ ਦੀ ਅਗਵਾਈ ਵਾਲੀ ਪ੍ਰਧਾਨ ਮੰਤਰੀ ਲਕਸਨ ਦੀ ਨਵੀਂ ਸਰਕਾਰ ‘ਚ ਪੀਟਰਸ...