ਪਾਪਾਟੋਏਟੋਏ (ਆਕਲੈਂਡ), 15 ਸਤੰਬਰ – ਮੈਨੁਕਾਓ ਈਸਟ ਤੋਂ ਸੱਤਾਧਾਰੀ ਨੈਸ਼ਨਲ ਪਾਰਟੀ ਉਮੀਦਵਾਰ ਤੇ ਤਿੰਨ ਵਾਰ ਦੇ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਆਪਣੇ ਹਲਕੇ ਦੇ ਪਾਪਾਟੋਏਟੋਏ ਦੇ ਟਾਊਨ ਹਾਲ ਵਿਖੇ ਬਣੇ ਐਡਵਾਂਸ ਵੋਟ ਸੈਂਟਰ ਵਿੱਚ ਆਪਣੀ ਵੋਟ ਪਾਈ। ਵੋਟ ਪਾਉਣ ਸਮੇਂ ਸਾਂਸਦ ਸ. ਬਖਸ਼ੀ ਦੇ ਨਾਲ ਭਾਈਚਾਰੇ ਤੋਂ ਉਨ੍ਹਾਂ ਨਾਲ ਕਈ ਹਮਾਇਤੀ ਵੀ ਹਾਜ਼ਰ ਸਨ, ਉਨ੍ਹਾਂ ਵਿੱਚੋਂ ਵੀ ਕਈਆਂ ਨੇ ਐਡਵਾਂਸ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਹੁਣਾ ਨੇ ਸਮੂਹ ਭਾਈਚਾਰੇ ਨੂੰ ਨੈਸ਼ਨਲ ਪਾਰਟੀ ਨੂੰ ‘ਪਾਰਟੀ ਵੋਟ’ ਅਤੇ ‘ਪਾਰਟੀ ਉਮੀਦਵਾਰਾਂ’ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਅੱਜ ਵੋਟ ਪਾਉਣ ਪੁੱਜੇ ਸਾਂਸਦ ਸ. ਬਖਸ਼ੀ ਨੇ ‘ਕੂਕ ਪੰਜਾਬੀ ਸਮਾਚਾਰ’ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਐਡਵਾਂਸ ਵੋਟ ਦਾ ਲਾਹਾ ਲੈਣਾ ਦੇ ਨਾਲ ਸਮੇਂ ਸਿਰ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਜੇ ਕੋਈ 22 ਸਤੰਬਰ ਤੱਕ ਐਡਵਾਂਸ ਵੋਟ ਪਾਉਣ ਤੋਂ ਰਹਿ ਜਾਂਦੇ ਹਨ ਤਾਂ ਉਹ 23 ਸਤੰਬਰ ਨੂੰ ਵੋਟਾਂ ਦੇ ਆਖ਼ਰੀ ਦਿਨ ਵੋਟ ਸੈਂਟਰਾਂ ਉੱਪਰ ਜਾ ਕੇ ਵੋਟ ਪਾਉਣ ਦਾ ਆਪਣਾ ਫ਼ਰਜ਼ ਅਦਾ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਹਾਲੇ ਤੱਕ ਵੋਟ ਪਾਉਣ ਲਈ ਰਜਿਸਟਰ ਨਹੀਂ ਹੋਏ ਉਹ ਐਡਵਾਂਸ ਵੋਟਿੰਗ ਸੈਂਟਰਾਂ ਉੱਤੇ ਜਾ ਕੇ ਆਈਡੀ-ਪਰੂਫ਼ ਨਾਲ ਲਿਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਕੇ ਉੱਥੇ ਨਾਲ ਦੇ ਨਾਲ ਹੀ ਵੋਟ ਪਾ ਸਕਦੇ ਹਨ।