ਵੈਲਿੰਗਟਨ, 15 ਮਾਰਚ – ਨੈਸ਼ਨਲ ਪਾਰਟੀ ਦੇ ਸਾਬਕਾ ਪਾਰਟੀ ਲੀਡਰ ਤੇ ਟੌਰੰਗਾ ਤੋਂ ਮੈਂਬਰ ਪਾਰਲੀਮੈਂਟ ਸਾਇਮਨ ਬ੍ਰਿਜ਼ਸ (45) ਨੇ ਐਲਾਨ ਕੀਤਾ ਕਿ ਉਹ ਸਿਆਸਤ ਤੋਂ ਸਨਿਆਸ ਲੈ ਰਹੇ ਹਨ। ਇਸ ਕਾਰਣ ਟੌਰੰਗਾ ‘ਚ ਜ਼ਿਮਨੀ ਚੋਣ ਹੋਵੇਗੀ।
ਸਾਇਮਨ ਇਸ ਵੇਲੇ ਨੈਸ਼ਨਲ ਪਾਰਟੀ ਦੇ ਵਿੱਤ ਮਹਿਕਮੇ ਦੇ ਬੁਲਾਰੇ ਸਨ। ਉਹ 2008 ਵਿੱਚ ਜੌਹਨ ਕੀ ਦੀ ਅਗਵਾਈ ਵਾਲੀ ਨੈਸ਼ਨਲ ਪਾਰਟੀ ਵੇਲੇ ਟੌਰੰਗਾ ਤੋਂ ਮੈਂਬਰ ਪਾਰਲੀਮੈਂਟ ਚੁਣੇ ਆ ਰਹੇ ਹਨ। ਉਹ ਪਿਛਲੀ ਨੈਸ਼ਨਲ ਸਰਕਾਰ ਵਿੱਚ ਇੱਕ ਕੈਬਨਿਟ ਮੰਤਰੀ ਸੀ, ਖ਼ਾਸ ਤੌਰ ‘ਤੇ ਊਰਜਾ ਅਤੇ ਟਰਾਂਸਪੋਰਟ ਵਿਭਾਗਾਂ ਉਨ੍ਹਾਂ ਦੇ ਕੋਲ ਸੀ।
ਸਾਬਕਾ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਦੇ ਅਹੁਦਾ ਛੱਡਣ ਤੋਂ ਬਾਅਦ ਸਾਇਮਨ ਬ੍ਰਿਜ਼ਸ 2018 ਤੋਂ 2020 ਤੱਕ ਪਾਰਟੀ ਲੀਡਰ ਤੇ ਵਿਰੋਧੀ ਧਿਰ ਦੇ ਆਗੂ ਰਹੇ। ਬ੍ਰਿਜ਼ਸ ਨੂੰ 2020 ਵਿੱਚ ਟੌਡ ਮੂਲਰ ਵੱਲੋਂ ਪਾਰਟੀ ਲੀਡਰ ਦੀ ਭੂਮਿਕਾ ਤੋਂ ਬਾਹਰ ਕਰ ਦਿੱਤਾ ਗਿਆ ਸੀ, ਜਦੋਂ ਕਿ ਮੂਲਰ ਨੇ ਖ਼ੁਦ ਵੀ ਪਾਰਟੀ ਲੀਡਰ ਦਾ ਅਹੁਦਾ ਜਲਦੀ ਛੱਡ ਦਿੱਤਾ ਸੀ।
ਗੌਰਤਲਬ ਹੈ ਕਿ ਜਦੋਂ ਪਿਛਲੇ ਸਾਲ ਜੂਡਿਥ ਕੌਲਿਨਜ਼ ਨੂੰ ਪਾਰਟੀ ਲੀਡਰੀ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਤਾਂ ਬ੍ਰਿਜ਼ਸ ਨੇ ਪਾਰਟੀ ਲੀਡਰਸ਼ਿਪ ਨੂੰ ਦੁਬਾਰਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਇਹ ਸਪਸ਼ਟ ਹੋ ਗਿਆ ਕਿ ਪਾਰਟੀ ਵਿੱਚ ਕ੍ਰਿਸਟੋਫਰ ਲਕਸਨ ਦਾ ਵਧੇਰੇ ਸਮਰਥਨ ਸੀ ਤਾਂ ਉਹ ਉਸ ਦੌੜ ਤੋਂ ਬਾਹਰ ਹੋ ਗਏ। ਬ੍ਰਿਜ਼ਸ ਨੂੰ ਮੌਜੂਦਾ ਪਾਰਟੀ ਲੀਡਰ ਕ੍ਰਿਸ ਲਕਸਨ ਵੱਲੋਂ ਫਾਈਨਾਂਸ ਪੋਰਟਫੋਲੀਓ ਦਿੱਤਾ ਗਿਆ ਸੀ।
ਬ੍ਰਿਜ਼ਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, “ਮੈਂ ਨੈਸ਼ਨਲ ਪਾਰਟੀ ਨੂੰ ਪਿਆਰ ਕਰਦਾ ਹਾਂ ਅਤੇ ਇਸ ਸਾਲ ਮੈਂ ਪਾਰਟੀ ਦਾ 30 ਸਾਲਾਂ ਲਈ ਇੱਕ ਮਾਣਮੱਤਾ ਮੈਂਬਰ ਹੋਵਾਂਗਾ। ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਦੀ ਅਗਵਾਈ ਵਿੱਚ ਥੋੜ੍ਹੇ ਸਮੇਂ ਵਿੱਚ ਪਹਿਲੀ ਵਾਰ ਨੈਸ਼ਨਲ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਚੋਣ ਲਈ ਅੱਗੇ ਵਧਣ ਦੇ ਨਾਲ ਇੱਕ ਚੰਗੀ ਜਗ੍ਹਾ ‘ਤੇ ਹੈ। ਉਨ੍ਹਾਂ ਕਿਹਾ ਮੈਨੂੰ ਮਾਣ ਹੈ ਕਿ 2023 ਵਿੱਚ ਨੈਸ਼ਨਲ ਪਾਰਟੀ ਨੂੰ ਸਰਕਾਰ ਵਿੱਚ ਵਾਪਸ ਲਿਆਉਣ ਵਿੱਚ ਹਾਲ ਹੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਨੂੰ ਚੋਣ ਜਿੱਤਣ ਲਈ ਨੈਸ਼ਨਲ ਉੱਤੇ ਪੂਰਾ ਭਰੋਸਾ ਹੈ। ਮੈਂ ਭਵਿੱਖ ਬਾਰੇ ਅਤੇ ਵਪਾਰਕ ਮੌਕਿਆਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਹਾਂ। ਪਰ ਮੇਰੇ ਲਈ ਇੱਕ ਸਿਆਸਤਦਾਨ ਜਾਂ ਵਪਾਰੀ ਹੋਣ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ, ਮੈਂ ਨੈਟਲੀ ਦਾ ਸਾਥੀ ਹਾਂ ਅਤੇ ਐਮਲਿਨ, ਹੈਰੀ ਅਤੇ ਜੇਮੀਮਾ ਦੇ ਪਿਤਾ ਹਾਂ। ਇਸ ਹਫ਼ਤੇ ਮੇਰੇ ਸਭ ਤੋਂ ਵੱਡੇ ਦੋ ਬੱਚੇ 10 ਅਤੇ 8 ਸਾਲ ਦੇ ਹੋ ਗਏ ਹਨ ਅਤੇ ਮੈਂ ਉਨ੍ਹਾਂ ਨੂੰ ਆਪਣਾ ਸਭ ਤੋਂ ਵਧੀਆ ਯੋਗਦਾਨ ਦੇਣ ਦੇ ਯੋਗ ਹੋਣਾ ਚਾਹੁੰਦਾ ਹਾਂ।
Home Page ਨੈਸ਼ਨਲ ਪਾਰਟੀ ਨੂੰ ਝਟਕਾ ਟੌਰੰਗਾ ਤੋਂ ਸਾਂਸਦ ਸਾਇਮਨ ਬ੍ਰਿਜ਼ਸ ਵੱਲੋਂ ਸਿਆਸਤ ਤੋਂ...