ਨੈਸ਼ਨਲ ਪਾਰਟੀ ਲੀਡਰਸ਼ਿਪ: ਜੂਡਿਥ ਨੂੰ ਅਹੁਦੇ ਤੋਂ ਹਟਾਇਆ, ਡਿਪਟੀ ਲੀਡਰ ਡਾ. ਸ਼ੇਨ ਰੇਟੀ ਬਣੇ ਇੰਟਰੀਮ ਲੀਡਰ

ਵੈਲਿੰਗਟਨ, 25 ਨਵੰਬਰ – ਨੈਸ਼ਨਲ ਪਾਰਟੀ ਲੀਡਰ ਤੇ ਵਿਰੋਧੀ ਧਿਰ ਦੀ ਆਗੂ ਜੂਡਿਥ ਕੋਲਿਨਜ਼ ਨੂੰ ਅੱਜ ਹਟਾ ਦਿੱਤਾ ਗਿਆ। ਅੱਜ ਸਵੇਰੇ, ਨੈਸ਼ਨਲ ਪਾਰਟੀ ਕੋਕਸ ਨੇ ਮੀਟਿੰਗ ਕਰਕੇ ਕੋਲਿਨਜ਼ ਦੇ ਖ਼ਿਲਾਫ਼ ਆਏ ਅਵਿਸ਼ਵਾਸ ਮਤੇ ‘ਤੇ ਵਿਚਾਰ ਤੇ ਵੋਟ ਤੋਂ ਬਾਅਦ ਉਸ ਨੂੰ ਅਹੁਦੇ ਤੋਂ 499 ਦਿਨਾਂ ਬਾਅਦ ਬਰਖ਼ਾਸਤ ਕਰ ਦਿੱਤਾ। ਕੌਲਿਨਜ਼ ਦੀ ਥਾਂ ਹੁਣ ਡਿਪਟੀ ਲੀਡਰ ਡਾ. ਸ਼ੇਨ ਰੇਟੀ ਨੇ ਅੰਤਰਿਮ ਲੀਡਰਸ਼ਿਪ ਦੀ ਭੂਮਿਕਾ ਸੰਭਾਲ ਲਈ ਹੈ ਅਤੇ ਪਾਰਟੀ ਲਈ ਨਵੇਂ ਪਾਰਟੀ ਲੀਡਰ ਦਾ ਫ਼ੈਸਲਾ ਅਗਲੇ ਹਫ਼ਤੇ ਮੰਗਲਵਾਰ ਨੂੰ ਵੋਟਾਂ ਰਾਹੀ ਕੀਤਾ ਜਾਵੇਗਾ। ਡਿਪਟੀ ਲੀਡਰ ਦਾ ਅਹੁਦਾ ਫ਼ਿਲਹਾਲ ਖ਼ਾਲੀ ਰਹੇਗਾ।
ਹੁਣ ਪਾਰਟੀ ਲੀਡਰ ਤੇ ਡਿਪਟੀ ਲੀਡਰਸ਼ਿਪ ਦੀ ਦੌੜ ‘ਚ ਮਾਰਕ ਮਿਸ਼ੇਲ ਅਤੇ ਕ੍ਰਿਸਟੋਫਰ ਲਕਸਨ ਉਮੀਦਵਾਰ ਵਜੋਂ ਸ਼ਾਮਿਲ ਹੋ ਗਏ ਹਨ। ਜਦੋਂ ਕਿ ਸਾਇਮਨ ਬ੍ਰਿਜ਼ਸ ਨੇ ਪੁਸ਼ਟੀ ਕੀਤੀ ਕਿ ਉਹ ਅਗਲੇ ਕੁੱਝ ਦਿਨਾਂ ਵਿੱਚ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਕੀ ਲੀਡਰਸ਼ਿਪ ਲਈ ਮੁੜ ਦਾਅਵਾ ਕਰਨਾ ਹੈ ਜਾਂ ਨਹੀਂ।
ਗੌਰਤਲਬ ਹੈ ਕਿ ਕੋਲਿਨਜ਼ ਨੇ ਬੀਤੀ ਰਾਤ ਨੈਸ਼ਨਲ ਪਾਰਟੀ ਦੇ ਐਮਪੀ ਸਾਇਮਨ ਬ੍ਰਿਜ਼ਸ ਵੱਲੋਂ ਪਾਰਟੀ ਦੀ ਇੱਕ ਸਾਬਕਾ ਸਾਥੀ ਐਮਪੀ ਜੈਕੀ ਡੀਨ ਨੂੰ ਪੰਜ ਸਾਲ ਪਹਿਲਾਂ ਕੀਤੀਆਂ ਟਿੱਪਣੀਆਂ ਬਾਰੇ ਇੱਕ ਸ਼ਿਕਾਇਤ ਦੇ ਕਾਰਣ ਬ੍ਰਿਜ਼ਸ ਨੂੰ ਬੀਤੀ ਰਾਤ ਡਿਮੋਟ ਕੀਤਾ, ਜਿਸ ਨੂੰ ਕੋਲਿਨਜ਼ ਨੇ ਗੰਭੀਰ ਦੁਰਵਿਹਾਰ ਕਿਹਾ ਸੀ ਤੇ ਬ੍ਰਿਜ਼ਸ ਦਾ ਪੋਰਟਫੋਲੀਓ ਵਾਪਸ ਲੈ ਕੇ ਡਿਮੋਟ ਕਰ ਦਿੱਤਾ ਸੀ। ਇਹ ਕਦਮ ਕੋਲਿਨਜ਼ ਦੀ ਲੀਡਰਸ਼ਿਪ ਲਈ ਘਾਤਕ ਸਾਬਤ ਹੋਇਆ।