ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਨੇ ਦੇਸ਼ ਦੇ ਨਾਂਅ ਆਪਣੇ ਪਹਿਲੇ ਸੁਨੇਹੇ ‘ਚ ਟੈਕਸ ਘੱਟ ਕਰਨ ਦੀ ਗੱਲ ਕਹਿ

ਆਕਲੈਂਡ, 6 ਮਾਰਚ – ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਇੱਥੇ ਅੱਜ ਦੇਸ਼ ਦੇ ਨਾਂਅ ਆਪਣੇ ਪਹਿਲੇ ਭਾਸ਼ਣ ਦੌਰਾਨ ਟੈਕਸਾਂ ਵਿੱਚ ਕਟੌਤੀ ਦੀ ਮੰਗ ਕੀਤੀ ਅਤੇ ਵੱਧ ਰਹਿ ਮਹਿੰਗਾਈ ਦਰ ਦੀ ਆਲੋਚਨਾ ਕੀਤੀ।
ਨੈਸ਼ਨਲ ਪਾਰਟੀ ਲੀਡਰ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਨੈਸ਼ਨਲ ਸਰਕਾਰ ਆਉਣ ‘ਤੇ ਮੌਜੂਦਾ ਲੇਬਰ ਸਰਕਾਰ ਦੁਆਰਾ ਲਾਗੂ ਕੀਤੇ ਗਏ ਸਾਰੇ ਟੈਕਸ ਨੂੰ ਵਾਪਸ ਕਰੇਗੀ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਨੈਸ਼ਨਲ 2017 ਤੋਂ ਲੇਬਰ ਸਰਕਾਰ ਦੁਆਰਾ ਲਗਾਏ ਗਏ ਹਰ ਵਾਧੂ ਟੈਕਸ ਵਾਧੇ ਜਾਂ ਵਾਧੂ ਲੇਵੀ ਨੂੰ ਰੱਦ ਕਰੇਗਾ। ਇਸ ਤੋਂ ਇਲਾਵਾ ਖੇਤਰੀ ਈਂਧਨ ਟੈਕਸ, ਪ੍ਰਸਤਾਵਿਤ ਲਾਈਟ ਰੇਲ ਟੈਕਸ, ਬ੍ਰਾਈਟਲਾਈਨ ਐਕਸਟੈਨਸ਼ਨ, ਕਿਰਾਏ ‘ਤੇ ਵਿਆਜ ਕਟੌਤੀ ਨੂੰ ਹਟਾਉਣਾ, ਨਵੀਂ 39 ਫ਼ੀਸਦੀ ਆਮਦਨ ਟੈਕਸ ਦਰ ਅਤੇ ਨੌਕਰੀ ਬੀਮਾ ਯੋਜਨਾ ਸ਼ਾਮਲ ਹੈ। ਪਾਰਟੀ ਪਿਛਲੇ ਚਾਰ ਸਾਲਾਂ ਵਿੱਚ ਦੇਖੀ ਗਈ ਮਹਿੰਗਾਈ ਦੇ ਲੇਖੇ ਲਈ ਹੇਠਲੇ ਤਿੰਨ ਆਮਦਨ ਟੈਕਸ ਥ੍ਰੈਸ਼ਹੋਲਡ ਨੂੰ ਵੀ ਵਿਵਸਥਿਤ ਕਰੇਗੀ।
ਨੈਸ਼ਨਲ ਪਾਰਟੀ ਹਾਲ ਹੀ ਦੇ ਹਫ਼ਤਿਆਂ ਵਿੱਚ ਮਹਿੰਗਾਈ ਬਾਰੇ ਸਰਕਾਰ ਤੋਂ ਲਗਭਗ ਰੋਜ਼ਾਨਾ ਸਵਾਲ ਕਰ ਰਹੀ ਹੈ। ਮੌਜੂਦਾ ਤਿਮਾਹੀ ‘ਚ ਮਹਿੰਗਾਈ ਦਰ 6.6 ਫ਼ੀਸਦੀ ‘ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਵਿਸ਼ਵ-ਵਿਆਪੀ ਤੌਰ ‘ਤੇ ਮਹਿੰਗਾਈ ਇੱਕ ਮੁੱਦਾ ਹੈ ਰੂਸ-ਯੂਕਰੇਨ ਯੁੱਧ ਦੇ ਕਾਰਣ ਤੇਲ ਦੀਆਂ ਵੱਧ ਦੀਆਂ ਕੀਮਤਾਂ ਦੇ ਨਾਲ ਇਸ ਦੇ ਹੋਰ ਖ਼ਰਾਬ ਹੋਣਾ ਤਹਿ ਹੈ। ਲਕਸਨ ਨੇ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਆਮਦਨ ਕਰ ਬਰੈਕਟਾਂ ਨੂੰ ਐਡਜਸਟ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਹੇਠਲੇ ਤਿੰਨ ਇਨਕਮ ਟੈਕਸ ਥ੍ਰੈਸ਼ਹੋਲਡ ਵਿੱਚ ਸਮਾਯੋਜਨ ਦਾ ਪ੍ਰਸਤਾਵ ਰੱਖਿਆ, ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਟੈਕਸ ਵਿੱਚ ਕਟੌਤੀ ਮਿਲੇਗੀ।
ਨੈਸ਼ਨਲ ਪਾਰਟੀ ਲੀਡਰ ਲਕਸਨ ਨੇ ਲੇਬਰ ਸਰਕਾਰ ਦੀ ਡਿਲਿਵਰੀ ਦੀ ਘਾਟ ਅਤੇ ਖ਼ਰਚਿਆਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਰਾਜਨੀਤਿਕ ਪ੍ਰਣਾਲੀ ਦੇ ਰੂਪ ਵਿੱਚ ਸਮਾਜਵਾਦ ‘ਤੇ ਵੀ ਹਮਲਾ ਕਰਦੇ ਹੋਏੇ ਕਿਹਾ ਕਿ ਇਸ ਨੇ ਦੁੱਖ ਪੈਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਕੀਵੀ ਨਿਰਾਸ਼ ਹਨ ਅਤੇ ਇਸ ਨਾਲ ਸਮਾਜ ਵਿੱਚ ਵੰਡ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਰਾਏ ਦੀਆਂ ਜਾਇਦਾਦਾਂ ‘ਤੇ ਵਿਆਜ ਕਟੌਤੀ ਨੂੰ ਹਟਾਉਣਾ ਬੇਇਨਸਾਫ਼ੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਕੀਵੀਆਂ ‘ਤੇ ਟੈਕਸ ਹੈ ਜਿਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਹੈ ਅਤੇ ਆਪਣੀ ਜ਼ਿੰਦਗੀ ਦੀ ਬੱਚਤ ਕਿਰਾਏ ‘ਤੇ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਖ਼ਰਚ ਕਰਨ ਦੀ ਆਦੀ ਹੈ। ਇਹ ਸਭ ਘਟੀਆ ਕੁਆਲਿਟੀ, ਗ਼ੈਰ-ਕੇਂਦਰਿਤ ਖ਼ਰਚੇ ਦੇਸ਼ ਦੀ ਆਰਥਿਕਤਾ ਲਈ ਗੰਭੀਰ ਨਤੀਜੇ ਹਨ। ਉਨ੍ਹਾਂ ਕਿਹਾ ਮਹਿੰਗਾਈ ਤਿੰਨ ਦਹਾਕਿਆਂ ਦੇ ਉੱਚ ਪੱਧਰ ‘ਤੇ ਹੈ। ਤਨਖ਼ਾਹਾਂ ਨਾਲੋਂ ਦੁੱਗਣੀ ਤੇਜ਼ੀ ਨਾਲ ਕੀਮਤਾਂ ਵਧਣ ਨਾਲ ਕੀਵੀ ਪਰਿਵਾਰ 12 ਮਹੀਨੇ ਪਹਿਲੇ ਦੀ ਤੁਲਨਾ ‘ਚ ਮਾੜੀ ਹਾਲਾਤ ਵਿੱਚ ਹਨ। ਭੋਜਨ ਦੀਆਂ ਕੀਮਤਾਂ ਵਿੱਚ ਵਾਧਾ ਇੱਕ ਦਹਾਕੇ ‘ਚ ਸਭ ਤੋਂ ਵੱਧ ਹੈ, ਪੈਟਰੋਲ $ 3 ਪ੍ਰਤੀ ਲੀਟਰ ਤੋਂ ਵੱਧ ਗਿਆ ਹੈ ਅਤੇ ਕਿਰਾਏ ਵੀ ਵੱਧ ਰਹੇ ਹਨ। ਉਨ੍ਹਾਂ ਨੇ ਮਹਿੰਗਾਈ ਵਿੱਚ ਯੋਗਦਾਨ ਪਾਉਣ ਲਈ ਉੱਚ ਸਰਕਾਰੀ ਖ਼ਰਚਿਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਨੈਸ਼ਨਲ ਪਾਰਟੀ ਲੀਡਰ ਲਕਸਨ ਨੇ ਕਿਹਾ ਕਿ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਮਈ ਵਿੱਚ ਜਾਰੀ ਹੋਣ ਵਾਲੇ ਇਸ ਸਾਲ ਦੇ ਬਜਟ ਵਿੱਚ $ 6 ਬਿਲੀਅਨ ਵਾਧੂ ਖ਼ਰਚ ਕਰੇਗੀ। ਲਕਸਨ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਟੈਕਸ ਕਟੌਤੀ ਲਈ ਭੁਗਤਾਨ ਕਰ ਸਕਦੀ ਹੈ। ਉਨ੍ਹਾਂ ਕਿਹਾ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਯੋਗ ਹੋਣ ਲਈ, ਵਿਆਜ ਦਰਾਂ ਨੂੰ ਉੱਚਾ ਚੁੱਕਣ ਲਈ ਮੁਦਰਾ ਨੀਤੀ ਦੀ ਵਰਤੋਂ ਜਾਰੀ ਰੱਖਣ ਲਈ ਇਸ ਨੂੰ ਰਿਜ਼ਰਵ ਬੈਂਕ ‘ਤੇ ਛੱਡ ਰਹੀ ਹੈ।
ਨੈਸ਼ਨਲ ਪਾਰਟੀ ਲੀਡਰ ਲਕਸਨ ਨੇ ਸੁਝਾ ਦਿੰਦਿਆਂ ਕਿਹਾ ਕਿ ਦੋ ਚੀਜ਼ਾਂ ਹਨ ਜੋ ਸਰਕਾਰ ਕਰ ਸਕਦੇ ਹਨ। ਉਹ ਫ਼ਾਲਤੂ ਖ਼ਰਚਿਆਂ ‘ਤੇ ਲਗਾਮ ਲਗਾਉਣਾ ਸ਼ੁਰੂ ਕਰ ਸਕਦੀ ਹੈ ਅਤੇ ਉਹ ਸੂਖਮ-ਆਰਥਿਕ ਪੱਖੀ ਵਪਾਰਕ ਉਤਪਾਦਕਤਾ ਵਧਾਉਣ ਵਾਲੀ ਨੀਤੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮਦਨ ਕਰ ਵਿੱਚ ਕਟੌਤੀ ਨਾਲ ਮਹਿੰਗਾਈ ਦਾ ਝਟਕਾ ਘੱਟ ਹੋਵੇਗਾ। ਲਕਸਨ ਨੇ ਉਨ੍ਹਾਂ ਚਿੰਤਾਵਾਂ ਨੂੰ ਖ਼ਾਰਜ ਕਰ ਦਿੱਤਾ ਕਿ ਅਜਿਹੀ ਨੀਤੀ ਆਪਣੇ ਆਪ ਮੁਦਰਾਸਫੀਤੀ ਨੂੰ ਬੜ੍ਹਾਵਾ ਦੇਵੇਗੀ, ਸੰਸਾਰਿਕ ਸਪਲਾਈ ਦੇ ਮੁੱਦੇ ਜਾਰੀ ਰਹਿਣ ਦੇ ਕਾਰਣ ਜ਼ਿਆਦਾ ਨਗਦੀ ਰੱਖਣ ਵਾਲੇ ਪਰਿਵਾਰਾਂ ਦੇ ਨਾਲ ਮੰਗ ਵਿੱਚ ਵਾਧਾ ਹੋਵੇਗਾ।