ਆਬਕਾਰੀ ਤੇ ਕਰ ਇੰਸਪੈਕਟਰਾਂ ਦੀ ਭਰਤੀ ਪ੍ਰੀਖਿਆ ‘ਚ ਪੰਜਾਬੀ ਭਾਸ਼ਾ ‘ਚੋਂ ਲਗਭਗ 38% ਉਮੀਦਵਾਰ 50% ਅੰਕ ਲੈਣ ‘ਚ ਨਾਕਾਮ
ਚੰਡੀਗੜ੍ਹ, 6 ਜੂਨ – ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਵਾਸਤੇ ਹੋਈ ਲਿਖਤੀ ਪ੍ਰੀਖਿਆ ‘ਚੋਂ ਕਰੀਬ 38% ਉਮੀਦਵਾਰ ਪੰਜਾਬੀ ‘ਚੋਂ ਹੀ ਫ਼ੇਲ੍ਹ ਹੋ ਗਏ। ਲਿਖਤੀ ਪ੍ਰੀਖਿਆ ਦਾ ਇਹ ਨਤੀਜਾ ਆਪਣੀ ਹੀ ਜ਼ਮੀਨ ‘ਤੇ ਮਾਤ ਭਾਸ਼ਾ ਦੇ ਜ਼ਮੀਨੀ ਸੱਚ ਦੀ ਤਸਵੀਰ ਪੇਸ਼ ਕਰਦਾ ਹੈ। ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਵੱਲੋਂ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ, ਜਿਸ ‘ਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵੀ ਸ਼ਾਮਲ ਸੀ ਅਤੇ ਪੰਜਾਬੀ ‘ਚੋਂ ਘੱਟੋ-ਘੱਟ 50% ਅੰਕ ਲੈਣੇ ਲਾਜ਼ਮੀ ਸਨ।
ਖ਼ਬਰ ‘ਚ ਵੇਰਵਿਆਂ ਅਨੁਸਾਰ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਲਿਖਤੀ ਪ੍ਰੀਖਿਆ ਵਿੱਚ ਕੁੱਲ 36,836 ਉਮੀਦਵਾਰ ਬੈਠੇ ਸਨ, ਜਿਨ੍ਹਾਂ ‘ਚੋਂ 22,957 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਪ੍ਰੀਖਿਆ ‘ਚੋਂ 13,879 ਉਮੀਦਵਾਰ ਪੰਜਾਬੀ ‘ਚੋਂ ਫ਼ੇਲ੍ਹ ਹੋ ਗਏ ਹਨ, ਜਿਨ੍ਹਾਂ ਦੀ ਦਰ 37.67% ਬਣਦੀ ਹੈ। ਪੰਜਾਬੀ ‘ਚੋਂ ਫ਼ੇਲ੍ਹ ਹੋਣ ਕਰ ਕੇ ਇਹ ਉਮੀਦਵਾਰ ਆਬਕਾਰੀ ਅਤੇ ਕਰ ਇੰਸਪੈਕਟਰ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੋ ਸਕੇ ਹਨ। ਆਪਣੀ ਮਾਤ ਭਾਸ਼ਾ ‘ਚੋਂ 50% ਅੰਕ ਵੀ ਹਾਸਲ ਨਾ ਕਰਨ ਵਾਲੇ ਸਿੱਖਿਆ ਢਾਂਚੇ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ, ਜਿਸ ਵਿੱਚ 46 ਉਮੀਦਵਾਰ ਅਜਿਹੇ ਹਨ, ਜਿਹੜੇ 25 ਅੰਕ ਲੈਣ ਦੀ ਬਜਾਏ ਸਿਰਫ਼ ਇੱਕ ਤੋਂ 10 ਅੰਕ ਹੀ ਹਾਸਲ ਕਰ ਸਕੇ। ਇਸੇ ਤਰ੍ਹਾਂ 3678 ਉਮੀਦਵਾਰ 11 ਤੋਂ 20 ਅੰਕ ਹੀ ਲੈ ਸਕੇ ਹਨ। ਕਰੀਬ 10,152 ਉਮੀਦਵਾਰਾਂ ਦੇ ਅੰਕ 20 ਤੋਂ 25 ਅੰਕਾਂ ਦੇ ਦਰਮਿਆਨ ਰਹੇ। ਆਬਕਾਰੀ ਅਤੇ ਕਰ ਇੰਸਪੈਕਟਰ ਦੀ ਪ੍ਰੀਖਿਆ ਦੇਣ ਵਾਲਿਆਂ ਵਿੱਚ 19,457 ਲੜਕੀਆਂ ਵੀ ਹਨ।
ਇਸੇ ਤਰ੍ਹਾਂ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਟੈਨੋ ਟਾਈਪਿਸਟ ਦੀਆਂ ਅਸਾਮੀਆਂ ਵਾਸਤੇ ਲਈ ਲਿਖਤੀ ਪ੍ਰੀਖਿਆ ਵਿੱਚ 4627 ਉਮੀਦਵਾਰ ਬੈਠੇ ਸਨ, ਜਿਨ੍ਹਾਂ ‘ਚੋਂ 20.38% ਉਮੀਦਵਾਰ ਪੰਜਾਬੀ ‘ਚੋਂ ਫ਼ੇਲ੍ਹ ਹੋ ਗਏ। ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਪ੍ਰੀਖਿਆ ‘ਚੋਂ 9.20% ਉਮੀਦਵਾਰ ਪੰਜਾਬੀ ‘ਚੋਂ ਫ਼ੇਲ੍ਹ ਹੋਏ ਹਨ। ਲਾਈਵ ਸਟਾਕ ਸੁਪਰਵਾਈਜ਼ਰ ਵਾਸਤੇ ਹੋਈ ਲਿਖਤੀ ਪ੍ਰੀਖਿਆ ‘ਚੋਂ 6% ਉਮੀਦਵਾਰ ਪੰਜਾਬੀ ‘ਚੋਂ ਪਾਸ ਨਹੀਂ ਹੋ ਸਕੇ। ਏਦਾਂ ਦੇ ਰੁਝਾਨ ਦੇਖ ਕੇ ਪੰਜਾਬ ਸਰਕਾਰ ਨੂੰ ਵੀ ਚੌਕਸ ਹੋਣ ਦੀ ਲੋੜ ਹੈ। ਹਾਲਾਂਕਿ ਇਨ੍ਹਾਂ ਉਮੀਦਵਾਰਾਂ ਨੇ ਗਰੈਜੂਏਸ਼ਨ ਵਿੱਚ ਪੰਜਾਬੀ ਪੜ੍ਹੀ ਹੋਈ ਹੈ। ਕਿੱਥੇ ਕਮੀ ਰਹੀ ਹੈ, ਇਸ ਦੀ ਘੋਖ ਹੋਣੀ ਚਾਹੀਦੀ ਹੈ।
# (ਧੰਨਵਾਦ ਸਹਿਤ ਚਰਨਜੀਤ ਭੁੱਲਰ, 7 ਜੂਨ 2023, ਪੰਜਾਬੀ ਟ੍ਰਿਬਿਊਨ)
Home Page ਨੌਕਰੀ ਲਈ ਪੰਜਾਬੀ ਭਾਸ਼ਾ ਦੀ ਪ੍ਰੀਖਿਆ: ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ...