ਨਵੀਂ ਦਿੱਲੀ – ੮ ਜਨਵਰੀ ਨੂੰ ਸ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਬੀਤੇ ਕੱਲ੍ਹ ੭ ਜਨਵਰੀ ਨੂੰ ਵਾਪਰੀ ਮੰਦਭਾਗੀ ਘਟਨਾ ‘ਤੇ ਗਹਿਰਾ ਅਫ਼ਸੋਸ ਪ੍ਰਗਟ ਕਰਦਿਆ ਮੰਗ ਕੀਤੀ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਵਾਲਿਆ ਦੇ ਖ਼ਿਲਾਫ਼ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਸਰਨਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਅਵਸਰ ‘ਤੇ ਪ੍ਰਬੰਧਕਾਂ ਨੇ ਸਿਰਫ਼ ਗਿਆਨੀ ਪ੍ਰਤਾਪ ਸਿੰਘ ਨੂੰ ਮੀਤ ਗੰ੍ਰਥੀ ਲਗਾਉਣ ਦਾ ਹੀ ਫ਼ੈਸਲਾ ਕੀਤਾ ਸੀ ਨਾ ਕਿ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰੀ ਤੋ ਫ਼ਾਰਗ ਕਰਨ ਦਾ ਕੋਈ ਮਤਾ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸਿਰਫ਼ ਕਮੇਟੀ ਦੇ ਅਹੁਦੇਦਾਰਾਂ ਨੇ ਹੀ ਤਖਤ ਸਾਹਿਬ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆ ਕੀਤੀ ਅਤੇ ਅਜਿਹੇ ਫ਼ੈਸਲੇ ਲੈਣ…….. ਦੇ ਅਖ਼ਤਿਆਰ ਕਮੇਟੀ ਹਨ ਜਦ ਕਿ ਉਨ੍ਹਾਂ ਦਾ ਇਸ ਫ਼ੈਸਲੇ ਵਿੱਚ ਕੋਈ ਵੀ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰੀ ਤੋ ਹਟਾਇਆ ਨਹੀਂ ਗਿਆ ਸਗੋਂ ਮੀਤ ਹੈੱਡ ਗ੍ਰੰਥੀ ਦੀ ਨਵੀ ਨਿਯੁਕਤੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੁੱਝ ਆਗੂਆਂ ਜਿਨ੍ਹਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਦਾ ਨਾਮ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੈ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਦੰਗਾ ਕਰਾਉਣ ਦੇ ਪਿੱਛੇ ਸਰਨਾ ਭਰਾਵਾਂ ਤੇ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਮੀਤ ਪ੍ਰਧਾਨ ਸ੍ਰੀ ਭਜਨ ਸਿੰਘ ਵਾਲੀਆ ਦਾ ਹੱਥ ਹੈ। ਉਨ੍ਹਾਂ ਸਪਸ਼ਟ ਕਰਦਿਆ ਕਿਹਾ ਕਿ ਉਨ੍ਹਾਂ ਦੇ ਵੱਡੇ ਭਰਾਤਾ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਤੇ ਭਜਨ ਸਿੰਘ ਵਾਲੀਆ ਤਾਂ ਪਟਨਾ ਸਾਹਿਬ ਗਏ ਹੀ ਨਹੀਂ ਸਨ। ਉਨ੍ਹਾਂ ਕਿਹਾ ਕਿ ਉਹ ਵੀ ਇੱਕ ਦਿਨ ਪਹਿਲਾਂ ਪਟਨਾ ਸਾਹਿਬ ਪੁੱਜੇ ਸਨ ਤੇ ਰਾਤ ਦੇ ਦੀਵਾਨ ਵਿੱਚ ਸ਼ਮੂਲੀਅਤ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਦੀਵਾਨ ਵਿੱਚ ਹਾਜ਼ਰੀਆਂ ਭਰਨ ਤੋਂ ਬਾਅਦ ਉਹ ਰਾਤ ਹੋਟਲ ਵਿੱਚ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਅਗਲੀ ਸਵੇਰੇ ਜਦੋਂ ਉਹ ਤਖਤ ਸਾਹਿਬ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਤਖਤ ਸਾਹਿਬ ਤੇ ਕੋਈ ਦੰਗਾ ਹੋਇਆ ਹੈ ਜਿਸ ‘ਤੇ ਉਨ੍ਹਾਂ ਨੇ ਉਸ ਵੇਲੇ ਹੀ ਅਫ਼ਸੋਸ ਪ੍ਰਗਟ ਕੀਤਾ ਤੇ ਜਾਂਚ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਜਿਹੜਾ ਦੋਸ਼ ਲਗਾ ਰਿਹਾ ਹੈ, ਉਸ ਨੂੰ ਉਨ੍ਹਾਂ ਦਾ ਖੁੱਲ੍ਹਾ ਚੈਲੰਜ ਹੈ ਕਿ ਉਹ ਕਿਸੇ ਵੀ ਟੀ. ਵੀ. ਚੈਨਲ ‘ਤੇ ਵਿਸ਼ੇਸ਼ ਕਰਕੇ ਪੀ. ਟੀ. ਸੀ. ਬਨਾਮ ਪ੍ਰਕਾਸ਼ ਟੈਲੀਕਾਸਟ ਸੈਂਟਰ ਚੈਨਲ ‘ਤੇ ਵੀ ਉਹ ਸਿਰਸਾ ਜਾਂ ਉਸ ਦੇ ਹੋਰ ਸਾਥੀਆ ਨਾਲ ਦਿੱਲੀ ਕਮੇਟੀ ਦੇ ਖਾਤਿਆਂ ਤੇ ਪਟਨਾ ਸਾਹਿਬ ਦੀ ਘਟਨਾ ਬਾਰੇ ਖੁੱਲ੍ਹੀ ਬਹਿਸ ਕਰਨ ਲਈ ਤਿਆਰ ਹਨ ਅਤੇ ਦੋਹਾਂ ਧਿਰਾਂ ਦੇ ਵਿਚਾਰ ਸੁਣ ਕੇ ਸਿੱਖ ਸੰਗਤਾਂ ਦੀ ਕਚਹਿਰੀ ਵਿੱਚ ਫ਼ੈਸਲਾ ਹੋ ਜਾਵੇਗਾ ਕਿ ਸੱਚਾ ਕੌਣ ‘ਤੇ ਝੂਠਾ ਕੌਣ ਹੈ। ਉਨ੍ਹਾਂ ਕਿਹਾ ਕਿ ਸਿਰਸੇ ਨੂੰ ਦੋਸ਼ ਲਾਉਣ ਤੋ ਪਹਿਲਾ ਆਪਣੇ ਤੇ ਆਪਣੇ ਪਰਿਵਾਰ ਵੱਲ ਵੇਖ ਲੈਣਾ ਚਾਹੀਦਾ ਹੈ ਕਿ ਉਹ ਸਿੱਖੀ ਦੀ ਮਰਿਆਦਾ, ਪਰੰਪਰਾਵਾਂ ਤੇ ਅਸੂਲਾਂ ਤੇ ਖਰੇ ਉੱਤਰਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਸ ਵੇਲੇ ਹੋਰ ਅਫ਼ਸੋਸ ਹੋਇਆ ਜਦੋਂ ਗਿਆਨੀ ਇਕਬਾਲ ਸਿੰਘ ਨੇ ਪੀ. ਟੀ. ਸੀ. ਤੇ ਇਹ ਬਿਆਨ ਦਾਗ ਦਿੱਤਾ ਕਿ ਉਨ੍ਹਾਂ ਦੀ ਬੇਇੱਜ਼ਤੀ ਕਰਾਉਣ ਵਿੱਚ ਸਰਨਿਆਂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਇੱਕ ਤਖਤ ਦੇ ਜਥੇਦਾਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਮਾਮਲੇ ਦੀ ਘੋਖ ਕਰੇ ਤੇ ਫਿਰ ਕੋਈ ਲਫਜ ਆਪਣੇ ਮੁਖਾਰਬਿੰਦ ਤੋਂ ਬਾਹਰ ਕੱਢੇ ਕਿਉਂਕਿ ਉਹ ਕਿਸੇ ਇੱਕ ਧੜੇ ਜਾਂ ਇੱਕ ਪਾਰਟੀ ਦੀ ਨਹੀਂ ਸਗੋਂ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹੁੰਦੇ ਹਨ ਅਤੇ ਹਰ ਬਿਆਨ ਲਈ ਕੌਮ ਨੂੰ ਜਵਾਬਦੇਹ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਇਸ ਦੀ ਜਾਂਚ ਲਈ ਇੱਕ ਪੰਜ ਸਾਬਕਾ ਸੀਨੀਅਰ ਪੁਲੀਸ ਅਧਿਕਾਰੀਆਂ ਜਾਂ ਪੰਜ ਸੀਨੀਅਰ ਵਕੀਲਾਂ ਜਾਂ ਫਿਰ ਪੰਜ ਸਾਬਕਾ ਜੱਜਾਂ ਦਾ ਇੱਕ ਪੈਨਲ ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਕਿ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਜੇਕਰ ਉਹ ਦੋਸ਼ੀ ਪਾਏ ਗਏ ਤਾਂ ਉਹ ਜਿਨ੍ਹਾਂ ਜਿਨ੍ਹਾਂ ਸੰਸਥਾਵਾਂ ਦੇ ਮੈਂਬਰ ਜਾਂ ਆਹੁਦੇਦਾਰ ਹਨ ਤੋਂ ਅਸਤੀਫ਼ਾ ਦੇ ਕੇ ਘਰ ਬੈਠ ਜਾਣਗੇ ਅਤੇ ਜੇਕਰ ਗਿਆਨੀ ਇਕਬਾਲ ਸਿੰਘ ਦੇ ਦੋਸ਼ ਗਲਤ ਸਾਬਤ ਹੁੰਦੇ ਹਨ ਤਾਂ ਗਿਆਨੀ ਇਕਬਾਲ ਸਿੰਘ ਨੂੰ ਆਪਣੇ ਆਹੁਦੇ ਤੋਂ ਅਸਤੀਫ਼ਾ ਦੇ ਕੇ ਘਰ ਬੈਠ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦਾ ਉਹ ਅੱਜ ਵੀ ਸਤਿਕਾਰ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਕਰਦੇ ਰਹਿਣਗੇ।
Indian News ਪਟਨਾ ਸਾਹਿਬ ਦੀ ਘਟਨਾ ਦੀ ਜਾਂਚ ਪੰਜ ਸਾਬਕਾ ਜੱਜਾਂ ਕੋਲੋਂ ਕਰਵਾਈ ਜਾਵੇ-ਸਰਨਾ