ਚੰਡੀਗੜ੍ਹ – 22 ਮਈ ਨੂੰ ਆਲ ਇੰਡੀਆ ਮਾਰਸ਼ਲ ਆਰਟਸ ਫੈਸਟੀਵਲ ਅਤੇ ਟੂਰਨਾਮੈਂਟ ਦੌਰਾਨ ਦੇਸ਼ ਦੇ ਵੱਖ ਵੱਖ ਰਾਜਾਂ ਨਾਲ ਸਬੰਧਿਤ ਮਾਰਸ਼ਲ ਆਰਟ ਦੇ ਟੂਰਨਾਮੈਂਟ ਚੰਡੀਗੜ ਵਿਖੇ ਹੋਏ ਜਿਸ ਦੌਰਾਨ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਕਰਵਾਏ ਰਾਜ ਪੱਧਰੀ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਦੌਰਾਨ ਜਿਲਾ ਪਟਿਆਲਾ ਦੀ ਜੇਤੂ ਗੱਤਕਾ ਟੀਮ ਨੇ ‘ਇਸਮਾ ਗੱਤਕਾ ਸ਼ੀਲਡ’ ‘ਤੇ ਕਬਜਾ ਜਮਾਇਆ।
ਇਹ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਸਕੱਤਰ ਉਦੇ ਸਿੰਘ ਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਜਿਮਨੇਜ਼ੀਅਮ ਹਾਲ ਵਿੱਚ ਹੋਏ ਇਨਾਂ ਗੱਤਕਾ ਮੁਕਾਬਲਿਆਂ ਦਾ ਉਦਘਾਟਨ ਇਸਮਾ ਦੇ ਚੇਅਰਮੈਨ….. ਹਰਜੀਤ ਸਿੰਘ ਗਰੇਵਾਲ ਅਤੇ ਚੰਡੀਗੜ ਨਗਰ ਨਿਗਮ ਦੇ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ ਨੇ ਸਾਂਝੇ ਤੌਰ ‘ਤੇ ਕੀਤਾ। ਇਨਾਂ ‘ਇਸਮਾ ਗੱਤਕਾ ਸ਼ੀਲਡ’ ਵਿਰਸਾ ਸੰਭਾਲ ਮੁਕਾਬਲਿਆਂ ਵਿੱਚ 12 ਜਿਲਿਆਂ ਦੀਆਂ ਗੱਤਕਾ ਟੀਮਾਂ ਨੇ ਖੜਕਦੀਆਂ ਸ਼ਮਸ਼ੀਰਾਂ, ਖੰਡਿਆਂ-ਨੇਜਿਆਂ ਦੇ ਮਾਰੂ ਵਾਰਾਂ, ਸੋਟੀਆਂ ਦੀ ਗਹਿਗੱਚ ਲੜਾਈ ਅਤੇ ਦੰਦ ਜੋੜ ਦੇਣ ਵਾਲੇ ਦਲੇਰਾਨਾਂ ਜੰਗਜੂ ਕਰਤਵ ਅਤੇ ਜੌਹਰ ਦਿਖਾ ਕੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਇਸ ਮੌਕੇ ਬੋਲਦਿਆਂ ਹਰਦੀਪ ਸਿੰਘ ਨੇ ਅਕੈਡਮੀ ਵੱਲੋਂ ਵਿਰਾਸਤੀ ਗੱਤਕੇ ਦੀ ਪ੍ਰਫੁੱਲਤਾ ਲਈ ਆਰੰਭੇ ਯਤਨਾ ਦੀ ਪ੍ਰਸੰਸਾ ਕਰਦਿਆਂ ਕਿਹਾ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵਿਰਾਸਤ ਖੇਡ ਗੱਤਕਾ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਅਕੈਡਮੀ ਨੂੰ ਪੂਰਾ ਸਹਿਯੋਗ ਦਾ ਭਰੋਸਾ ਦਿਵਾਇਆ। ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੱਛਮੀਕਰਨ ਦੇ ਵਧਦੇ ਪ੍ਰਭਾਵ ਕਾਰਨ ਦੇਸ਼ ਦੀ ਵਿਰਾਸਤ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ ਅਤੇ ਗੱਤਕੇ ਦੀ ਪ੍ਰਫੁੱਲਤਾ ਇਸ ਕਦਮ ਵੱਲ ਚੰਗਾ ਕਦਮ ਹੈ। ਉਨਾਂ ਸਾਰੇ ਗੱਤਕਾ ਅਖਾੜਿਆਂ ਦੇ ਮੁਖੀਆਂ ਨੂੰ ਕਿਹਾ ਹੈ ਕਿ ਉਹ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਨਾਲ ਆਪਣਾ ਨਾਂ ਰਜਿਸਟਰ ਕਰਵਾਉਣ ਤਾਂ ਜੋ ਜਾਣਕਾਰੀ ਭਰਪੂਰ ਡਾਇਰੈਕਟਰੀ ਅਤੇ ਹਵਾਲਾ ਪੁਸਤਕ ਦੇ ਪਹਿਲੇ ਐਡੀਸ਼ਨ ਦੀ ਪ੍ਰਕਾਸ਼ਨਾ ਜਲਦ ਕਰਵਾਈ ਜਾ ਸਕੇ।
ਜੱਜਮੈਂਟ ਕਮੇਟੀ ਦੇ ਮੁਖੀ ਤੇ ਅਕੈਡਮੀ ਦੇ ਵਾਈਸ ਚੇਅਰਮੈਨ ਅਵਤਾਰ ਸਿੰਘ ਗੱਤਕਾ ਕੋਚ ਤੇ ਗੁਰਮੀਤ ਸਿੰਘ ਰਾਸ਼ਟਰੀ ਕੋਚ ਨੇ ਦੱਸਿਆ ਕਿ ਇਸ ਮੌਕੇ ਹੋਏ ਲੜਕਿਆਂ ਦੇ ਸੋਟੀ ਫੱਰੀ (ਵਿਅਕਤੀਗਤ) ਦੇ ਫਾਈਨਲ ਭਿੜੰਤ ਮੁਕਾਬਲਿਆਂ ਵਿੱਚ ਗੁਰਪ੍ਰੀਤ ਸਿੰਘ ਪਟਿਆਲਾ ਨੇ ਜਸਵਿੰਦਰ ਸਿੰਘ ਫਤਿਹਗੜ ਸਾਹਿਬ ਨੂੰ ਹਰਾ ਕੇ ਪਹਿਲਾ ਸਥਾਨ ਜਦੋਂ ਕਿ ਪਰਮਿੰਦਰ ਸਿੰਘ ਬਠਿੰਡਾ ਤੀਜੇ ਸਥਾਨ ‘ਤੇ ਰਿਹਾ। ਇਸੇ ਵਰਗ ਵਿੱਚ ਫਤਿਹਗੜ ਸਾਹਿਬ ਦੀ ਹਰਜਿੰਦਰ ਕੌਰ ਨੇ ਪਹਿਲਾ, ਪਟਿਆਲਾ ਦੀ ਹਰਮੀਤ ਕੌਰ ਨੇ ਦੂਜਾ ਅਤੇ ਬਠਿੰਡਾ ਦੀ ਰੁਪਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਗੱਤਕਾ ਸ਼ਸ਼ਤਰ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਲੁਧਿਆਣਾ ਦੇ ਗੱਤਕੇਬਾਜ਼ ਪਹਿਲੇ, ਬਠਿੰਡਾ ਦੂਜੇ ਜਦਕਿ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਲੜਕੇ ਸਾਂਝੇ ਤੌਰ ‘ਤੇ ਤੀਜੇ ਥਾਂ ‘ਤੇ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ੂਤੋਸ਼ ਕਪਿਲਾ ਚੇਅਰਮੈਨ ਪੀ.ਆਰ.ਐੱਸ.ਆਈ., ਆਲ ਇੰਡੀਆ ਕਰਾਟੇ ਡੂ ਐਸੋਸੀਏਸ਼ਨ ਦੇ ਪ੍ਰਧਾਨ ਆਰ.ਪੀ. ਸਿੰਘ, ਬਲਦੇਵ ਸਿੰਘ ਜਲੰਧਰ, ਹਰਜੀਤ ਸਿੰਘ ਗਿੱਲ ਬਠਿੰਡਾ, ਕਮਲਜੀਤ ਸਿੰਘ ਧਨਾਸ, ਗੁਰਮਿੰਦਰ ਸਿੰਘ ਗੋਲਡੀ, ਪ੍ਰੈਸ ਸਕੱਤਰ ਹਰਜਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।
Indian News ਪਟਿਆਲਾ ਦੇ ਗੱਤਕੇਬਾਜਾਂ ਨੇ ‘ਇਸਮਾ ਗੱਤਕਾ ਸ਼ੀਲਡ’ ‘ਤੇ ਕਬਜਾ ਜਮਾਇਆ