ਨਿਊ ਜਰਸੀ, 18 ਅਗਸਤ – ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ 90 ਸਾਲਾ ਉੱਘੇ ਭਾਰਤੀ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ 17 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਪੰਡਿਤ ਜਸਰਾਜ ਦੀ ਧੀ ਦੁਰਗਾ ਜਸਰਾਜ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ।
ਪੰਡਿਤ ਜਸਰਾਜ ਦਾ ਜਨਮ 28 ਜਨਵਰੀ 1930 ਨੂੰ ਪੰਡਿਤ ਮੋਤੀਰਾਮ ਦੇ ਘਰ ਹੋਇਆ। ਪੰਡਿਤ ਜਸਰਾਜ ਮੇਵਾਤੀ ਘਰਾਣੇ ਦੇ ਉੱਘੇ ਗਾਇਕ ਸਨ। ਕੋਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਦੇ ਚੱਲਦੇ ਉਨ੍ਹਾਂ ਨਿਊ ਜਰਸੀ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੇ ਪਰਿਵਾਰ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ‘ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾ ਰਿਹਾ ਹੈ ਕਿ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਵਿੱਚ ਅੱਜ ਸਵੇਰੇ 5.15 ਵਜੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ’। ਇਸੇ ਸਾਲ ਜਨਵਰੀ ਵਿੱਚ ਉਨ੍ਹਾਂ ਨੇ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਪੰਡਿਤ ਜਸਰਾਜ ਨੇ 9 ਅਪ੍ਰੈਲ ਨੂੰ ਹਨੂਮਾਨ ਜਯੰਤੀ ਦੇ ਮੌਕੇ ‘ਤੇ ਫੇਸਬੁੱਕ ਲਾਈਵ ਰਾਹੀਂ ਆਪਣਾ ਆਖ਼ਰੀ ਪ੍ਰੋਗਰਾਮ ਕੀਤਾ।
ਉਹ ਭਾਰਤ ਦੇ ਉੱਘੇ ਸ਼ਾਸਤਰੀ ਗਾਇਕਾਂ ਵਿੱਚੋਂ ਇਕ ਸਨ। ਜਦੋਂ ਉਹ 4 ਵਰ੍ਹਿਆਂ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਪਾਲਣ ਪੋਸ਼ਣ ਵੱਡੇ ਭਰਾ ਪੰਡਿਤ ਮਣੀਰਾਮ ਨੇ ਕੀਤਾ। ਉਨ੍ਹਾਂ ਨੇ ਪਦਮਸ੍ਰੀ ਤੇ ਪਦਮ ਵਿਭੂਸ਼ਣ ਸਮੇਤ ਕਈ ਐਵਾਰਡ ਹਾਸਲ ਕੀਤੇ। ਉਨ੍ਹਾਂ ਭਾਰਤ, ਕੈਨੇਡਾ ਅਤੇ ਅਮਰੀਕਾ ਵਿੱਚ ਸੰਗੀਤ ਦੀ ਸਿੱਖਿਆ ਦਿੱਤੀ। ਉਨ੍ਹਾਂ ਦੇ ਕੁੱਝ ਵਿਦਿਆਰਥੀ ਪ੍ਰਸਿੱਧ ਸੰਗੀਤਕਾਰ ਹਨ। ਕੌਮਾਂਤਰੀ ਪੁਲਾੜ ਸੰਘ ਨੇ 11 ਨਵੰਬਰ 2006 ਨੂੰ ਲੱਭੇ ਗਏ ਹੀਨ ਗ੍ਰਹਿ 2006VP32 ਨੂੰ ਪੰਡਿਤ ਜਸਰਾਜ ਦੇ ਸਨਮਾਨ ਵਿੱਚ ‘ਪੰਡਿਤਜਸਰਾਜ’ ਨਾ ਦਿੱਤਾ ਸੀ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਸੰਗੀਤ ਜਗਤ ਵਿੱਚ ਸ਼ੋਕ ਫੈਲ ਗਿਆ ਹੈ। ਉਨ੍ਹਾਂ ਦੀ ਧੀ ਦੁਰਗਾ ਜਸਰਾਜ ਨੇ ਵੀ ਸੰਗੀਤ ਦੇ ਨਾਲ ਨਾਲ ਟੀਵੀ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।
Home Page ਪਦਮ ਵਿਭੂਸ਼ਣ ਨਾਲ ਸਨਮਾਨਿਤ ਉੱਘੇ ਭਾਰਤੀ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ...