ਇਸਲਾਮਾਬਾਦ, 28 ਜੁਲਾਈ – ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਅੱਜ ਸ਼ੁੱਕਰਵਾਰ ਨੂੰ ਪਨਾਮਾ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜੀਵਨ ਭਰ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਆਯੋਗ ਵੀ ਐਲਾਨ ਦਿੱਤਾ ਗਿਆ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨਾਲ ਨਵਾਜ਼ ਦਾ ਰਾਜਨੀਤਕ ਭਵਿੱਖ ਇੱਕ ਤਰ੍ਹਾਂ ਨਾਲ ਖ਼ਤਮ ਹੋ ਗਿਆ ਹੈ। ਪਾਕਿ ਦੀ ਸਿਖਰ ਅਦਾਲਤ ਨੇ ਨਵਾਜ਼ ਅਤੇ ਉਨ੍ਹਾਂ ਦੇ ਪਰਵਾਰ ਦੇ ਖ਼ਿਲਾਫ਼ ਮਾਮਲੇ ਦਰਜ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਵਾਜ਼ ਦਾ ਇਹ ਤੀਜਾ ਕਾਰਜਕਾਲ ਹੈ। ਤਿੰਨਾਂ ਵਾਰ ਉਹ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸੱਕੇ ਹਨ। ਪਾਕਿਸਤਾਨ ਸੁਪਰੀਮ ਕੋਰਟ ਦੇ ਕੋਰਟਰੂਮ ਨੰਬਰ 1 ਵਿੱਚ ਪੰਜ – ਮੈਂਬਰਾਂ ਦੀ ਬੈਂਚ ਨੇ ਇਹ ਇਤਿਹਾਸਿਕ ਫ਼ੈਸਲਾ ਸੁਣਾਇਆ। ਪੰਜੋਂ ਜੱਜਾਂ ਨੇ ਸਰਵਸੰਮਤੀ ਨਾਲ ਨਵਾਜ਼ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਆਯੋਗ ਕਰਾਰ ਦਿੱਤਾ ਅਤੇ ਨਾਲ ਹੀ, ਉਨ੍ਹਾਂ ਨੂੰ ਪਾਕਿਸਤਾਨ ਮੁਸਲਮਾਨ ਲੀਗ-ਨਵਾਜ਼ (PML-N) ਦੇ ਪ੍ਰਧਾਨ ਦਾ ਅਹੁਦਾ ਛੱਡਣ ਨੂੰ ਵੀ ਕਿਹਾ ਗਿਆ ਹੈ। ਕੋਰਟ ਨੇ ਕਿਹਾ ਕਿ ਨਵਾਜ਼ ਪਾਰਟੀ ਪ੍ਰਧਾਨ ਹੋਣ ਦੇ ਲਾਇਕ ਨਹੀਂ ਹਨ। ਗੌਰਤਲਬ ਹੈ ਕਿ ੧੪ ਅਗਸਤ ਨੂੰ ਪਾਕਿਸਤਾਨ ਦੀ ਸਥਾਪਨਾ ਦੇ 70 ਸਾਲ ਪੂਰੇ ਹੋ ਜਾਣਗੇ, ਪਰ ਇੰਨੇ ਸਾਲਾਂ ਵਿੱਚ ਲੋਕਤੰਤਰਿਕ ਤਰੀਕੇ ਨਾਲ ਚੁਣਿਆ ਗਿਆ ਪਾਕਿਸਤਾਨ ਦਾ ਕੋਈ ਵੀ ਪ੍ਰਧਾਨ ਮੰਤਰੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ ਹੈ।
International News ਪਨਾਮਾ ਮਾਮਲੇ ‘ਚ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਹੁਦਾ...